ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਸਾਥੀਆਂ ਦੀ ਸ਼ਹਾਦਤ ਸ਼ਤਾਬਦੀ ਮੌਕੇ ਲੋਕ ਪੱਖੀ ਇਨਕਲਾਬੀ ਬਦਲ ਉਭਾਰਨ ਦਾ ਸੱਦਾ
Posted on:- 21-11-2015
ਪਿੰਡ ਸਰਾਭਾ ਵਿਖੇ ਪੰਜਾਬ ਦੀਆਂ ਤਿੰਨ ਇਨਕਲਾਬੀ ਜਥੇਬੰਦੀਆਂ-ਇਨਕਲਾਬੀ ਕੇਂਦਰ ਪੰਜਾਬ, ਸੀ.ਪੀ.ਆਈ.(ਮ. ਲ.) ਨਿਊ ਡੈਮੋਕੇਸੀ ਅਤੇ ਲੋਕ ਸੰਗਰਾਮ ਮੰਚ ਪੰਜਾਬ ਵੱਲੋਂ ਵਿਸ਼ਾਲ ਕਾਨਫਰੰਸ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਕੋਨੇ ਕੋਨੇ ਵਿਚੋਂ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ, ਮਜ਼ਦੂਰ, ਵਿਦਿਆਰਥੀ, ਨੌਜਵਾਨ, ਮੁਲਾਜ਼ਮ ਅਤੇ ਔਰਤਾਂ ਸ਼ਾਮਲ ਹੋਈਆਂ। ਸਾਰਾ ਪੰਡਾਲ ਇਨਕਲਾਬੀ ਨਾਅਰਿਆਂ, ਝੰਡਿਆਂ, ਮਾਟੋਆਂ ਅਤੇ ਗ਼ਦਰੀ ਸ਼ਹੀਦਾਂ ਦੀਆਂ ਫੋਟੋਆਂ ਅਤੇ ਉਹਨਾਂ ਦੇ ਪੈਗਾਮ ਨੂੰ ਦਰਸਾਉਦੀਆਂ ਤੁਕਾਂ ਨਾਲ ਇਸ ਤਰ੍ਹਾਂ ਸਜਿਆ ਹੋਇਆ ਸੀ ਜਿਸ ਨਾਲ ਸਾਰਾ ਮਹੌਲ ਮਹਾਨ ਗ਼ਦਰੀ ਬਾਬਿਆਂ ਦੀਆਂ ਕਰਬਾਨੀਆਂ ਪ੍ਰਤੀ ਸਨੇਹ ਭਰੇ ਮਹੌਲ ਨਾਲ ਭਿੱਜਿਆ ਪਿਆ ਦਿਖਾਈ ਦਿੰਦਾ ਸੀ।
ਸੀ.ਪੀ.ਆਈ.(ਮ. ਲ.) ਨਿਊ ਡੈਮੋਕੇਸੀ ਦੇ ਸੂਬਾਈ ਆਗੂ ਕਾ. ਅਜਮੇਰ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਨ ਦੱਤ ਅਤੇ ਲੋਕ ਸੰਗਰਾਮ ਮੰਚ ਦੀ ਆਗੂ ਸੁਖਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ ਕਾਨਫਰੰਸ ਦੀ ਬਕਾਇਦਾ ਸ਼ੁਰੂਆਤ ਅਮਰਜੀਤ ਪ੍ਰਦੇਸੀ ਦੇ ਕਵੀਸ਼ਰੀ ਜਥੇ ਅਤੇ ਅਜਮੇਰ ਸਿੰਘ ਅਕਲੀਆ ਦੀ ਸੁਰੀਲੇ ਇਨਕਲਾਬੀ ਗੀਤਾਂ ਨਾਲ ਹੋਈ ਜਿਨਾਂ ਕਾਨਫਰੰਸ ਅੰਦਰ ਜੁੜੇ ਇਕੱਠ ਅੰਦਰ ਇਨਕਲਾਬੀ ਜੋਸ਼ ਦੀਆਂ ਲਹਿਰਾਂ ਪੈਦਾ ਕਰ ਦਿੱਤੀਆਂ।
ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੇ ਸੰਚਾਲਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਗਦਰ ਲਹਿਰ ਨੂੰ ਸਮਰਪਤ ਕੋਰੀਓਗਰਾਫੀ ‘‘ਦੇਸ਼ ਨੂੰ ਚੱਲੋ’’ ਪੇਸ਼ ਕੀਤੀ ਗਈ ਅਤੇ ਕ੍ਰਾਂਤੀਕਾਰੀ ਸਭਿਆਚਾਰਕ ਕੇਂਦਰ ਦੇ ਸੰਚਾਲਕ ਗੁਰਮੀਤ ਜੱਜ ਦੀ ਨਿਰਦੇਸ਼ਨਾ ਹੇਠ ਕੋਰੀਓਗਰਾਫੀ ‘‘ ਹਨੇਰਿਆਂ ਨੂੰ ਕਹਿ ਦਿਓ ਚਾਨਣ ਬਗਾਵਤ ਕਰ ਰਿਹਾ’’ ਪੇਸ਼ ਕੀਤੀ ਗਈ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕਾ. ਕੰਵਲਜੀਤ ਖੰਨਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਇਨਕਲਾਬੀ ਘਾਲਣਾ ਅਤੇ ਗ਼ਦਰੀ ਸ਼ਹੀਦਾਂ ਦੇ ਦੇਸ਼ ਅੰਦਰ ਸੱਚੀ ਆਜ਼ਾਦੀ ਲਿਆਉਣ ਦੇ ਮਿਸ਼ਨ ਦੀ ਵਿਆਖਿਆ ਕਰਦਿਆਂ ਕਿਹਾ ਕਿ ਅੱਜ ਵੀ ਸ਼ਹੀਦਾਂ ਦਾ ਉਹ ਸੁਪਨਾ ਪੂਰਾ ਨਹੀਂ ਹੋਇਆ ਕਿਉਕਿ ਅੱਜ ਵੀ ਸਾਮਰਾਜੀ ਤਾਕਤਾਂ ਅਤੇ ਉਹਨਾਂ ਦੇ ਜੋਟੀਦਾਰ ਭਾਰਤੀ ਹਾਕਮ ਦੇਸ਼ ਦੇ ਕਰੋੜਾਂ ਲੋਕਾਂ ਲਈ ਦੁੱਖਾਂ ਮੁਸੀਬਤਾਂ ਦੀ ਜੜ੍ਹ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਬਹੁਰਾਸ਼ਟਰੀ ਕੰਪਨੀਆਂ ਅਤੇ ਉਨ੍ਹਾਂ ਨਾਲ ਸਾਂਝ ਭਿਆਲੀ ਪਾਉਣ ਵਾਲੇ ਭਾਰਤ ਦੇ ਇਜਾਰੇਦਾਰ ਘਰਾਣੇ ਮਿਲਕੇ ਦੇਸ਼ ਦੀ ਕੁਦਰਤੀ ਦੌਲਤ, ਕਿਰਤ ਸ਼ਕਤੀ ਅਤੇ ਵਿਸ਼ਾਲ ਮੰਡੀ ਨੂੰ ਚੂੰਡਣ ਲਈ ਅਨੇਕਾਂ ਘੁਟਾਲੇ ਕਰਕੇ ਮਾਲੇਮਾਲ ਹੋ ਰਹੇ ਹਨ ਜਦੋ ਕਿ ਕਰੋੜਾਂ ਦੇਸ਼ ਵਾਸੀ ਭੁੱਖ ਨੰਗ, ਮਹਿੰਗਾਈ, ਭਿ੍ਰਸ਼ਟਾਚਾਰ ਅਤੇ ਬੇਰੁਜ਼ਗਾਰੀ ਦੇ ਝੰਬੇ ਨਰਕੀ ਜਿੰਦਗੀ ਬਤੀਤ ਕਰ ਰਹੇ ਹਨ। ਆਪਣਾ ਉੱਲੂ ਸਿੱਧਾ ਕਰਨ ਲਈ ਦੇਸ਼ ਦੇ ਹਾਕਮ ਭੂਮੀ ਗ੍ਰਹਿਣ, ਕਿਰਤ ਕਾਨੂੰਨ, ਵਾਤਾਵਰਣ ਅਤੇ ਜੰਗਲਾਂ ਸਬੰਧੀ ਕਾਨੂੰਨਾਂ ਨੂੰ ਸੋਧਕੇ ਅਤੇ ਟੈਕਸ ਢਾਂਚੇ ਨੂੰ ਮੁੜ ਵਿਉਤ ਕੇ ਦੇਸ਼ ਦੀ ਖੇਤੀਬਾੜੀ, ਪ੍ਰਚੂਨ ਵਪਾਰ ਸਮੇਤ ਸਮੁੱਚੇ ਵਪਾਰ, ਬੀਮਾ ਬੈਂਕ, ਡਿਫੈਂਸ, ਰੇਲਵੇ ਆਦਿ ਨੂੰ ਦੇਸ਼ੀ ਵਿਦੇਸੀ ਵੱਡੇ ਸਰਮਾਏਦਾਰਾਂ ਅੱਗੇ ਪਰੋਸ ਰਹੇ ਹਨ। ਲੋਕ ਸੰਗਰਾਮ ਮੰਚ ਦੇ ਪੰਜਾਬ ਦੇ ਜਨਰਲ ਸਕੱਤਰ ਕਾ. ਬਲਵੰਤ ਮਖੂ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਕੋਲ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਜਿਸ ਕਰ ਕੇ ਉਹ ਲੋਕਾਂ ਅੰਦਰ ਧਰਮ ਦੇ ਆਧਾਰ ’ਤੇ ਫ਼ਿਰਕੂ ਪਾਟਕ ਪਾ ਕੇ ਲੋਕਾਂ ਦੀ ਭਾਈਚਾਰਕ ਸਾਂਝ ਤੋੜਨ ’ਤੇ ਲੱਗੇ ਹੋਏ ਹਨ।
ਉਹਨਾਂ ਮੋਦੀ ਸਰਕਾਰ ਦੀਆਂ ਧਾਰਮਿਕ ਘੱਟ ਗਿਣਤੀਆਂ ਵਿਸ਼ੇਸ਼ ਕਰ ਕੇ ਮੁਸਲਿਮ ਭਾਈਚਾਰੇ ਪ੍ਰਤੀ ਧਾਰਨ ਕੀਤੀ ਫ਼ਿਰਕੂ ਫਾਸ਼ੀ ਨੀਤੀ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੇ ਵਿਕਾਸ ਦੀਆਂ ਮਾਰੀਆਂ ਜਾ ਰਹੀਆਂ ਬੜਕਾਂ ਠੁੱਸ ਹੋ ਕੇ ਰਹਿ ਗਈਆਂ ਹਨ ਜਿਸ ਕਰ ਕੇ ਉਹ ਮੁਸਲਿਮ ਭਾਈਚਾਰੇ ਅੰਦਰ ਦਹਿਸ਼ਤ ਪਾਉਣ ਵਾਲੀਆਂ ਹਿੰਦੂਤਵੀ ਸ਼ਕਤੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਲੋਕ ਪੱਖੀ ਸ਼ਕਤੀਆਂ ਉੱਪਬ ਕਾਤਲੀ ਹਮਲੇ ਕਰਨ ਵਾਲਿਆਂ ਹਿੰਦੂ ਫਾਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ। ਸੀ.ਪੀ.ਆਈ. (ਮ.ਲ.) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕਾ. ਦਰਸ਼ਨ ਸਿੰਘ ਖਟਕੜ ਨੇ ਕਿਹਾ ਕਿ ਗ਼ਦਰੀ ਸ਼ਹੀਦਾਂ ਦੇ ਸੁਪਨਿਆਂ ਦਾ ਕਤਲ ਕਰਨ ਦੇ ਜ਼ੁੰਮੇਵਾਰ ਭਾਰਤੀ ਹਾਕਮ ਹਨ ਜੋ ਦੇਸ਼ ਦੇ ਕਰੋੜਾਂ ਮਿਹਨਤਕਸ਼ ਲੋਕਾਂ ਦੀ ਅੰਗਰੇਜ਼ਾਂ ਦੇ ਸਮੇਂ ਨਾਲੋਂ ਵੀ ਕਿਤੇ ਵੱਡੀਆਂ ਸਾਮਰਾਜੀ ਤਾਕਤਾਂ ਅਤੇ ਉਨ੍ਹਾਂ ਦੇ ਭਾਰਤੀ ਦਲਾਲਾਂ ਹੱਥੋਂ ਲੁੱਟ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਚਲਾਉਣ ਵਾਲਾ ਸੰਘ ਪਰਿਵਾਰ ਅਤੇ ਹੋਰ ਫ਼ਿਰਕੂ ਸ਼ਕਤੀਆਂ ਨੇ ਦੇਸ਼ ਅੰਦਰ ਅਸੁਰੱਖਿਆ ਦਾ ਵਾਤਾਵਰਣ ਪੈਦਾ ਕਰ ਕੇ ਹਰ ਵਿਰੋਧੀ ਆਵਾਜ਼ ਦਾ ਗਲਾ ਘੁੱਟਣ ਦਾ ਰਸਤਾ ਅਖਤਿਆਰ ਕੀਤਾ ਹੋਇਆ ਹੈ। ਪੰਜਾਬ ਅੰਦਰ ਵੀ ਲੋਕ ਸੰਘਰਸ਼ਾਂ ਤੋਂ ਲੋਕਾਂ ਦਾ ਧਿਆਨ ਪਾਸੇ ਤਿਲਕਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਸਾਜਿਸ਼ੀ ਢੰਗ ਨਾਲ ਅੰਜਾਮ ਦਿੱਤਾ ਗਿਆ ਹੈ। ਇਹਾਂ ਘਟਨਾਵਾਂ ਦਾ ਫਾਇਦਾ ਉੱਠਾ ਕੇ ਖਾਲਿਸਤਾਨੀ ਅਨਸਰ ਪੰਜਾਬ ਨੂੰ ਇੱਕ ਵਾਰ ਫਿਰ ਪੁਰਾਣੇ ਕਾਲੇ ਦਿਨਾਂ ਦੀ ਤਰਫ਼ ਮੋੜਨਾ ਚਾਹੁੰਦੇ ਹਨ। ਅਜਿਹੇ ਮਹੌਲ ’ਚ ਹਕੂਮਤੀ ਰਵੱਈਏ ਦਾ ਵਿਰੋਧ ਕਰਨ ਵਾਲੇ ਉੱਤੇ ਬਾਦਲ ਸਰਕਾਰ ਲਾਠੀਆਂ ਗੋਲੀਆਂ ਚਲਾਕੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਦੇਸ਼ ਅਤੇ ਪੰਜਾਬ ਪੱਧਰ ’ਤੇ ਕੰਮ ਕਰ ਰਹੀਆਂ ਲੋਕ ਦੁਸ਼ਮਣ ਤਾਕਤਾਂ ਅਤੇ ਇਹਨਾਂ ਦੀ ਪਿੱਠ ’ਤੇ ਖੜੀਆਂ ਸਾਮਰਾਜੀ ਤਾਕਤਾਂ ਦੇ ਮਨਸੂਬਿਆਂ ਨੂੰ ਸਮਝਣ ’ਤੇ ਜ਼ੋਰ ਦਿੱਤਾ। ਇਸ ਤੋ. ਪਿੱਛੋਂ ਕਾਨਫਰੰਸ ਨੇ ਨਾਅਰਿਆਂ ਦੀ ਗੂੰਜ ’ਚ ਤਿੰਨ ਮਤੇ ਪਾਸ ਕੀਤੇ। ਪਹਿਲੇ ਮਤੇ ਵਿੱਚ ਪੰਜਾਬ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਦੀ ਸਖਤ ਨਿੰਦਾ ਕੀਤੀ ਗਈ ਅਤੇ ਇਹਨਾਂ ਘਟਨਾਵਾਂ ਸਬੰਧੀ ਬਾਦਲ ਸਰਕਾਰ ਦੇ ਜਾਬਰ ਅਤੇ ਮੌਕਾ ਪ੍ਰਸਤ ਹੱਥ ਕੰਡਿਆਂ ਦੀ ਨਿਖੇਧੀ ਕਰਨ ਦੇ ਨਾਲ ਹੁਣ ਤੱਕ ਹਾਸ਼ੀਏ ’ਤੇ ਲਟਕ ਰਹੀਆਂ ਖਾਲਿਸਤਾਨੀ ਤਾਕਤਾਂ ਦੇ ਪਿਛਾਖੜੀ ਮਨਸੂਬਿਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ। ਦੂਸਰੇ ਮਤੇ ’ਚ ਫਰਾਂਸ ਅੰਦਰ ਆਈ.ਐੱਸ. ਦੇ ਦਹਿਸ਼ਤਗਰਦਾਂ ਵੱਲੋਂ ਨਿਰਦੋਸ਼ ਲੋਕਾਂ ਦੇਕਤਲੇਆਮ ਦਾ ਡਟਵਾਂ ਵਿਰੇਧ ਕਰਦਿਆਂ ਇਸ ਕਤਲੇਆਮ ਦੇ ਦੋਸ਼ੀ ਆਈ.ਐੱਸ. ਦੇ ਦਹਿਸ਼ਤਗਰਦਾਂ ਦੇ ਨਾਲ ਨਾਲ ਇਹਨਾਂ ਨੂੰ ਪਾਲਣ ਪੋਸਣ ਅਤੇ ਵਢਾਵਾ ਦੇਣ ਵਾਲੀਆਂ ਦੇਣ ਵਾਲੀਆਂ ਸਾਮਰਾਜੀ ਤਾਕਤਾਂ ਦੀਆਂ ਲੋਟੂ, ਜੰਗਬਾਜ਼ ਅਤੇ ਧੌਂਸਬਾਜ਼ ਨੀਤੀਆਂ ਨੂੰ ਠਹਿਰਾਉਂਦਿਆਂ ਇਹਨਾਂ ਵਿਰੁਧ ਆਪਣਾ ਰੋਹ ਪ੍ਰਗਟ ਕੀਤਾ ਗਿਆ। ਤੀਸਰੇ ਮਤੇ ਵਿੱਚ ਪੰਜਾਬ ਅੰਦਰ ਕਿਸਾਨਾਂ ਦੀਆਂ ਫਸਲਾਂ ਨਰਮਾਂ, ਬਾਸਮਤੀ ਅਤੇ ਗੰਨੇ ਸਬੰਧੀ ਚੱਲੇ ਕਿਸਾਨ ਮਜ਼ਦੂਰ ਸੰਘਰਸ਼ ਦੀ ਡਟਵੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਅਤੇ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਕਿਸਾਨਾਂ ਦੀਆਂ ਫਸਲਾਂ ਦੀ ਬਰਬਾਦੀ, ਉਨ੍ਹਾਂ ਦਾ ਕਰਜ਼ਾਈ ਪੁਣਾ ਅਤੇ ਵੱਡੀ ਪੱਧਰ ’ਤੇ ਹੋ ਰਹੀਆਂ ਆਤਮ ਹੱਤਿਆਵਾਂ ਲਈ ਦੋਸ਼ੀ ਗਰਦਾਨਿਆ ਗਿਆ। ਇਸ ਪੂਰੇ ਪ੍ਰੋਗਰਾਮ ਦਾ ਮੰਚ ਸੰਚਾਲਨ ਸੀ.ਪੀ.ਆਈ.(ਮ.ਲ.) ਨਿਊ ਡੈਮੋਕਰੇਸੀ ਦੇ ਆਗੂ ਕੁਲਵਿੰਦਰ ਵੜੈਚ ਵੱਲੋ ਕੀਤਾ ਗਿਆ।