ਸਮਕਾਲੀ ਕਹਾਣੀ ਸਬੰਧੀ ਪ੍ਰੋ. ਜੇ.ਬੀ. ਸੇਖੋਂ ਦੀ ਆਲੋਚਨਾ ਪੁਸਤਕ ਰਿਲੀਜ਼
Posted on:- 19-11-2015
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਕੰਢੀ ਪਹਾੜੀ ਸੱਥ ਵੱਲੋਂ ਪੰਜਾਬੀ ਸੱਥ ਲਾਂਬੜਾ ਦੇ ਸਹਿਯੋਗ ਨਾਲ ਪ੍ਰੋ. ਜੇ.ਬੀ. ਸੇਖੋਂ ਦੀ ਨਵੀਂ ਕਹਾਣੀ ਆਲੋਚਨਾ ਸਬੰਧੀ ਪੁਸਤਕ ‘ਸਮਕਾਲੀ ਪੰਜਾਬੀ ਕਹਾਣੀ ਪ੍ਰਸੰਗ ਅਤੇ ਪ੍ਰਵਚਨ’ ਰਿਲੀਜ਼ ਕੀਤੀ ਗਈ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਡਾ ਸੁਖਦੇਵ ਸਿੰਘ , ਡਾ. ਦਰਿਆ, ਅਤੇ ਨਾਵਲਕਾਰ ਡਾ. ਧਰਮਪਾਲ ਸਾਹਿਲ ਨੇ ਕੀਤੀ । ਸਮਾਗਮ ਵਿਚ ਪੰਜਾਬੀ ਸੱਥ ਲਾਂਬੜਾ ਤੋਂ ਡਾ. ਨਿਰਮਲ ਸਿੰਘ,ਪ੍ਰੋ, ਸੰਧੂ ਵਰਿਆਣਵੀ,ਬਾਲ ਲੇਖਕ ਬਲਜਿੰਦਰ ਮਾਨ,ਕਹਾਣੀਕਾਰ ਅਜਮੇਰ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਪੁਸਤਕ ‘ਤੇ ਪਰਚਾ ਪੇਸ਼ ਕਰਦਿਆਂ ਆਲੋਚਕਾ ਡਾ. ਹਰਵਿੰਦਰ ਕੋਰ ਨੇ ਕਿਹਾ ਕਿ ਇਹ ਪੁਸਤਕ ਪ੍ਰੋ, ਜੇ.ਬੀ. ਸੇਖੋਂ ਦੀ ਡੂੰਘੀ ਮਿਹਨਤ ਦਾ ਸਿੱਟਾ ਹੈ ਜਿਸ ਵਿਚ ਨਵੀਂ ਪੰਜਾਬੀ ਕਹਾਣੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦਾ ਅੱਜ ਕੱਲ੍ਹ ਲਿਖੀ ਜਾ ਰਹੀ ਕਹਾਣੀ ਦੇ ਵਿਸ਼ਲੇਸ਼ਣ ਵਿਚ ਮਹੱਤਵਪੂਰਨ ਯੋਗਦਾਨ ਹੈ।
ਅਜਮੇਰ ਸਿੱਧੂ ਨੇ ਆਪਣੇ ਪਰਚੇ ਵਿਚ ਕਿਹਾ ਕਿ ਇਸ ਕਿਤਾਬ ਵਿਚ ਆਲੋਚਕ ਨੇ ਉਨੱਤੀ ਖੋਜ ਪੱਤਰ ਪੇਸ਼ ਕੀਤੇ ਹਨ ਜਿਨ੍ਹਾਂ ਵਿਚ ਕਰੀਬ 22 ਨਵੇਂ ਕਹਾਣੀਕਾਰਾਂ ਦੀ ਕਹਾਣੀ ਕਲਾ ਸਬੰਧੀ ਸਮੀਖਿਆ ਕਰਕੇ ਨਵੀਂ ਕਹਾਣੀ ਆਲੋਚਨਾ ਵਿਚ ਉੱਚ ਪੱਧਰ ਦਾ ਖੋਜ ਕਾਰਜ ਕੀਤਾ ਹੈ। ਪ੍ਰੋ.ਸੰਧੂ ਵਰਿਆਣਵੀਂ ਨੇ ਕਿਹਾ ਕਿ ਇਹ ਕਿਤਾਬ ਇਕ ਤਰ੍ਹਾਂ ਦਾ ਪੀ.ਐਚ.ਡੀ. ਦੇ ਪੱਧਰ ਦਾ ਖੋਜ ਕਾਰਜ ਹੈ। ਡਾ. ਨਿਰਮਲ ਸਿੰਘ ਅਤੇ ਬਲਜਿੰਦਰ ਮਾਨ ਨੇ ਇਸ ਆਲੋਚਨਾ ਕਾਰਜ ਲਈ ਪ੍ਰੋ. ਸੇਖੋਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਕਿਸੇ ਅਕਾਦਮਿਕ ਡਿਗਰੀ ਦੀ ਲੋੜ ਤੋਂ ਰਹਿਤ ਅਜਿਹਾ ਖੋਜ ਕਾਰਜ ਲੇਖਕ ਦੀ ਮਿਹਨਤ ਅਤੇ ਸਿਦਕ ਨੂੰ ਦਰਸਾਉਂਦਾ ਹੈ।
ਮੁੱਖ ਮਹਿਮਾਨ ਡਾ.ਸੁਖਦੇਵ ਸਿੰਘ ਖਾਹਰਾ ਨੇ ਕਿਹਾ ਕਿ ਨਵੀਂ ਪੰਜਾਬੀ ਕਹਾਣੀ ਵਿਚ ਨੌਜਵਾਨ ਕਹਾਣੀਕਾਰਾਂ ਦਾ ਵਿਸ਼ੇਸ਼ ਯੋਗਦਾਨ ਹੇ ਤੇ ਅਜਿਹੀ ਪੁਸਤਕ ਨਵੇਂ ਕਹਾਣੀਕਾਰਾਂ ਦੀ ਮਿਹਨਤ ਦਾ ਪੂਰਾ ਮੁੱਲ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਸੇਖੋਂ ਨੂੰ ਕਹਾਣੀ ਦੇ ਸਿਧਾਂਤਕ ਅਤੇ ਵਿਹਾਰਕ ਪਹਿਲੂਆਂ ਦੀ ਸਮਝ ਹੈ ਤੇ ਇਹ ਕਿਤਾਬ ਆਲੋਚਨਾ ਦੇ ਖੇਤਰ ਵਿਚ ਵੱਖਰਾ ਸਥਾਨ ਬਣਾਉਣ ਦੇ ਸਮਰੱਥ ਹੈ। ਡਾ. ਦਰਿਆ ਨੇ ਕਿਹਾ ਕਿ ਆਲੋਚਕ ਕੋਲ ਸਮੀਖਿਆ ਦੀ ਵੱਖਰੀ ਭਾਸ਼ਾ ਹੈ ਤੇ ਵਿਸ਼ਵੀਕਰਨ ਦੇ ਇਸ ਦੌਰ ਵਿਚ ਪੰਜਾਬੀ ਕਹਾਣੀ ਵਿਚ ਆਏ ਨਵੇਂ ਬਦਲਾਵਾਂ ਨੂੰ ਸਮਝਣ ਦੀ ਸੋਝੀ ਵੀ ਹੈ। ਸਮਾਗਮ ਮੌਕੇ ਪ੍ਰੋ. ਜੇ.ਬੀ.ਸੇਖੋਂ ਨੇ ਕਿਤਾਬ ਦੀ ਸਿਰਜਣ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੋਕੇ ਨਾਵਲਕਾਰ ਡਾ.ਧਰਮਪਾਲ ਸਾਹਿਲ, ਡਾ.ਭੁਪਿੰਦਰ ਸਿੰਘ, ਡਾ.ਅਰਮਨਪ੍ਰੀਤ ਸਿੰਘ, ਡਾ.ਵਿਸ਼ਾਲ ਧਰਵਾਲ, ਡਾ.ਆਸ਼ਾ ਅਨੀਜਾ, ਡਾ.ਸੁਖਦੇਵ ਸਿੰਘ,ਡਾ. ਜਸਵੰਤ ਸਿੰਘ, ਸਾਹਿਬ ਸਿੰਘ,ਮਾ.ਬਲਵੰਤ ਸਿੰਘ, ਡੀ.ਈ.ਉ.ਜਤਿੰਦਰ ਪਾਲ ਸਿੰਘ,ਮਾ. ਤਿਲਕ ਰਾਜ,ਕੋਮਲ ਸਿੰਘ ਸੰਧੂ, ਕੈਪਟਨ ਸਿੰਘ,ਅਨੁਰਾਧਾ, ਰਜਿੰਦਰ ਸਿੰਘ ਆਦਿ ਸਮੇਤ ਸਾਹਿਤ ਪ੍ਰੇਮੀ ਹਾਜ਼ਰ ਸਨ।