ਪੀ. ਐਸ. ਯੂ. ਦੇ ਆਗੂਆਂ ਉੱਪਰ ਹੋਏ ਹਮਲੇ ਦਾ ਡਟਵਾਂ ਵਿਰੋਧ
Posted on:- 07-11-2015
ਫਰੀਦਕੋਟ: ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਸੂਬਾਈ ਆਗੂ ਗੁਰਦੀਪ ਬਾਸੀ, ਰਣਦੀਪ ਲਹਿਰਾ ਤੇ ਵਰਿੰਦਰ ਦੀਵਾਨਾ ਨੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਐਨ. ਐਸ. ਯੂ. ਆਈ. ਦੇ ਗੁੰਡਿਆਂ ਵੱਲੋਂ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਹੱਕੀ ਸੰਘਰਸ਼ਾਂ ਲਈ ਲੜਨ ਵਾਲੀਆਂ ਵਿਦਿਆਰਥੀ ਜੱਥੇਬੰਦੀਆਂ ਉਪਰ ਹਾਕਮ ਜਮਾਤਾਂ ਦੇ ਵਿਦਿਆਰਥੀ ਵਿੰਗਾਂ ਦੁਆਰਾ ਕੀਤੇ ਜਾਂਦੇ ਹਮਲੇ ਕੋਈ ਨਵਾਂ ਵਰਤਾਰਾ ਨਹੀਂ ਹਨ। ਨੌਜਵਾਨਾਂ ਤੇ ਵਿਦਿਆਰਥੀ ਹੱਕਾਂ ਲਈ ਲੜਨ ਵਾਲੇ ਆਗੂਆਂ ਉਪਰ ਕਾਤਲਾਨਾ ਹਮਲੇ ਕਰਨੇ ਹਾਕਮ ਜਮਾਤਾਂ ਦੇ ਵਿਦਿਆਰਥੀ ਵਿੰਗਾਂ ਦਾ ਪੁਰਾਣਾ ਇਤਿਹਾਸ ਰਿਹਾ ਹੈ। 70ਵਿਆਂ ’ਚ ਵਿਦਿਆਰਥੀ ਲਹਿਰ ਦੇ ਸਿਰਕੱਢ ਆਗੂ ਪ੍ਰਿਥੀਪਾਲ ਰੰਧਾਵਾ ਦਾ ਸਿਆਸੀ ਸ਼ਹਿ ਤੇ ਹੋਇਆ ਕਤਲ ਇਸਦੀ ਸਪੱਸ਼ਟ ਗਵਾਹੀ ਭਰਦਾ ਹੈ। ਉਹਨਾਂ ਕਿਹਾ ਕਿ ਅਖੌਤੀ ਵੋਟ ਪਾਰਟੀਆਂ ਦੇ ਇਹ ਵਿਦਿਆਰਥੀ ਵਿੰਗ ਵਿਦਿਆਰਥੀ ਵਰਗ ਪੱਖੀ ਖਰੀਆਂ ਵਿਦਿਆਰਥੀ ਜੱਥੇਬੰਦੀਆਂ ਦੇ ਵੱਧਦੇ ਅਧਾਰ ਨੂੰ ਆਪਣੀ ਹੋਂਦ ਲਈ ਖਤਰਾ ਮੰਨਦੇ ਹਨ ਅਤੇ ਕਾਲਜ ਪ੍ਰਸ਼ਾਸ਼ਨ ਅਤੇ ਸਿਆਸੀ ਸ਼ਹਿ ਉਤੇ ਗੁੰਡਾਗਰਦੀ ਕਰਨ ਤੇ ਉਤਰ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਬਰਜਿੰਦਰਾ ਕਾਲਜ ਵਿੱਚ ਪੀਐਸਯੂ ਵਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਰੋਸ ਰੈਲੀ ਕੀਤੀ ਜਾ ਰਹੀ ਸੀ। ਇਸ ਸਮੇਂ ਕਾਲਜ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਵਿਦਿਆਰਥੀਆਂ ਅਤੇ ਵਿਦਿਆਰਥੀ ਆਗੂਆਂ ਨੂੰ ਦਹਿਸ਼ਤਯਦਾ ਕਰਨ ਲਈ ਐਨ. ਐਸ. ਯੂ. ਆਈ. ਦੇ ਗੁੰਢਿਆਂ ਤੋਂ ਹਮਲਾ ਕਰਵਾਇਆ ਗਿਆ। ਮੰਚ ਦੇ ਆਗੂਆਂ ਨੇ ਕਾਲਜ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਕੀਤੀ ਐਨ. ਐਸ. ਯੂ. ਆਈ. ਦੇ ਗੁੰਡਿਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਸਖਤ ਨਿਖੇਧੀ ਕਰਦਿਆਂ ਸਭਨਾਂ ਇਨਸਾਫਪਸੰਦ ਤੇ ਵਿਦਿਆਰਥੀ ਪੱਖੀ ਨੌਜਵਾਨ ਤੇ ਵਿਦਿਆਰਥੀ ਜੱਥੇਬੰਦੀਆਂ ਨੂੰ ਕੈਂਪਸਾਂ ਅੰਦਰ ਹਾਕਮ ਜਮਾਤਾਂ ਦੇ ਵਿਦਿਆਰਥੀ ਵਿੰਗਾਂ ਦੀ ਵੱਧ ਰਹੀ ਗੁੰਡਾਗਰਦੀ, ਕਾਲਜ ਪ੍ਰਸ਼ਾਸ਼ਨ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਖਿਲਾਫ ਇਕਜੁਟ ਹੋਣ ਦਾ ਸੱਦਾ ਦਿੱਤਾ।