ਪੱਖੋਵਾਲ਼ ਵਿਖੇ ਤਿੰਨ ਦਿਨਾ ‘10 ਵਾਂ ਬਾਲ ਮੇਲਾ’ ਸ਼ੁਰੂ
Posted on:- 06-11-2015
ਪੱਖੋਵਾਲ਼ :ਨੌਜਵਾਨ ਭਾਰਤ ਸਭਾ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ‘ਬਾਲ ਮੇਲਾ’ ਅੱਜ ਤੋਂ ਪੱਖੋਵਾਲ ਦੇ ਲੜਕੀਆਂ ਦੇ ਸਰਕਾਰੀ ਹਾਈ ਸਕੂਲ ਦੇ ਖੇਡ ਦੇ ਮੈਦਾਨ ਵਿੱਚ ਸ਼ੁਰੂ ਹੋ ਗਿਆ ਹੈ। ਇਸ ਵਾਰ ਦਾ ਬਾਲ ਮੇਲਾ ਸ਼ਹੀਦ ਕਰਤਾਰ ਸਿੰਘ ‘ਸਰਾਭਾ’ ਦੇ 100 ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ। ਮੇਲੇ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਨੌ. ਭਾ. ਸ. ਦੇ ਆਗੂ ਕੁਲਵਿੰਦਰ ਨੇ ਦੱਸਿਆ ਕਿ ਸਾਡੇ ਸਮਾਜ ਵਿੱਚ ਫੈਲਾਈ ਜਾ ਰਹੀ ਗੰਦੇ ਸੱਭਿਆਚਾਰ ਦੀ ਹਨੇਰੀ ਤੋਂ ਅਜੋਕੀ ਤੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਅਤੇ ਇੱਕ ਚੰਗੇ, ਨਰੋਏ ਤੇ ਅਗਾਂਹਵਧੂ ਸੱਭਿਆਚਾਰ ਅਤੇ ਚੰਗੀਆਂ ਸਮਾਜਕ ਕਦਰਾਂ-ਕੀਮਤਾਂ ਦਾ ਬਦਲ ਦੇਣ ਦੀ ਕੋਸ਼ਿਸ਼ ਵਜੋਂ ਸਭਾ ਵੱਲੋਂ ਹਰ ਸਾਲ ਇਹ ‘ਬਾਲ ਮੇਲਾ’ ਕਰਵਾਇਆ ਜਾਂਦਾ ਹੈ। ਅੱਜ ‘ਬਾਲ ਮੇਲੇ’ ਦੇ ਪਹਿਲੇ ਦਿਨ ਹੋਏ ਬੱਚਿਆਂ ਦੇ ਭਾਸ਼ਣ ਅਤੇ ਲੇਖ ਲਿਖਣ ਦੇ ਮੁਕਾਬਲਿਆਂ ਵਿੱਚ ਇਲਾਕੇ ਦੇ ਲਗਭਗ 50 ਸਕੂਲਾਂ ਦੇ ਮਿਡਲ ਅਤੇ ਸੈਕੰਡਰੀ ਸੈਕਸ਼ਨਾਂ ਦੇ ਇੱਕ ਸੌ ਪੰਦਰਾਂ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ‘ਸਰਾਭਾ’ ਤੇ ਗਦਰੀ ਸੂਰਬੀਰਾਂ ਦੀਆਂ ਜੀਵਨੀਆਂ ਅਤੇ ਬਾਲ ਮਜ਼ਦੂਰੀ, ਲੋਕਾਂ ਨੂੰ ਧਰਤੀ ਦੀ ਸ਼ਕਲ ਦਾ ਕਿਵੇਂ ਪਤਾ ਲੱਗਿਆ, ਬੱਚਿਓ!
ਤੁਸੀਂ ਕਿਹੋ ਜਿਹਾ ਅਧਿਆਪਕ ਲੋਚਦੇ ਹੋ, ਤੁਹਾਨੂੰ ਕਿਹੜੀ ਕਿਤਾਬ ਚੰਗੀ ਲੱਗੀ ਜਿਸ ਨੇ ਤੁਹਾਡੀ ਜ਼ਿੰਦਗੀ ਨੂੰ ਨਵਾਂ ਰਾਹ ਦਿੱਤਾ ਅਤੇ ਕਿਵੇਂ, ਅਜੋਕੀ ਪੰਜਾਬੀ ਗਾਇਕੀ ਦਾ ਸਮਾਜ ਤੇ ਪੈ ਰਿਹਾ ਪ੍ਰਭਾਵ, ਸਿੱਖਿਆ ਪ੍ਰਣਾਲੀ ਵਿੱਚ ਹੋ ਰਹੇ ਭਗਵੇਂਕਰਨ, ਮਨੁੱਖੀ ਵਿਕਾਸ ਦੇ ਪੜਾਵਾਂ ਦਾ ਸਫ਼ਰ ਅਤੇ ਔਰਤ ਮਰਦ ਅਸਮਾਨਤਾ ਬਾਰੇ ਆਦਿ ਵਿਸ਼ਿਆਂ ਤੇ ਭਾਸ਼ਣ ਦਿੱਤੇ ਅਤੇ ਲੇਖ ਲਿਖੇ।
ਇਸ ਮੌਕੇ ’ਤੇ ਡਾ. ਸੁਖਦੇਵ ਹੁੰਦਲ ਨੌਭਾਸ ਨੂੰ ਇਸ ਉੱਦਮ ਲਈ ਵਧਾਈ ਦਿੱਤੀ ਅਤੇ ਬੱਚਿਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੋਕੇ ਸਿੱਖਿਆ ਪ੍ਰਣਾਲੀ ਤਹਿਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਚੇਤਨਾ ਕੁੰਦ ਕਰਕੇ ਮਨੁੱਖ ਰੂਪੀ ਮਸ਼ੀਨਾਂ ਦੇ ਪੁਰਜ਼ੇ ਤਿਆਰ ਕੀਤੇ ਜਾ ਰਹੇ ਹਨ। ਅੱਜ ਦੇ ਸਮੇਂ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਇੱਕ ਬਦਲ ਪੇਸ਼ ਕਰਨ ਦੀ ਲੋੜ ਹੈ। ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਪ੍ਰੋਫੈਸਰ ਜਸਮੀਤ ਅਤੇ ਪ੍ਰੋਫੈਸਰ ਕੁਲਦੀਪ ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ (ਗੁਰੂ ਕਾਸ਼ੀ ਕੈਂਪਸ ਪੰਜਾਬੀ ਯੂਨੀਵਰਸਿਟੀ) ਨੇ ਨਿਭਾਈ। ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਸੈੱਟ ਅਤੇ ਪੁਜ਼ੀਸ਼ਨਾਂ ਵਾਲੇ ਵਿਦਿਆਰਥੀਆਂ ਨੂੰ ਸ਼ਹੀਦ ਕਰਤਾਰ ਸਿੰਘ ‘ਸਰਾਭਾ’ ਦੇ ਪੋਰਟ੍ਰੇਟ ਇਨਾਮਾਂ ਵਿੱਚ ਦਿੱਤੇ ਗਏ। ਕੱਲ੍ਹ ਮਿਤੀ 06 ਨਵੰਬਰ ਨੂੰ ਦੂਜੇ ਦਿਨ ਪ੍ਰਾਇਮਰੀ ਅਤੇ ਮਿਡਲ ਸੈਕਸ਼ਨ ਦੇ ਕਵਿਤਾ ਉਚਾਰਣ ਅਤੇ ਚਿੱਤਰਕਲਾ ਮੁਕਾਬਲੇ ਅਤੇ 07 ਨਵੰਬਰ ਨੂੰ ਤੀਜੇ ਦਿਨ ਸੈਕੰਡਰੀ ਸੈਕਸ਼ਨ ਦੇ ਕਵਿਤਾ ਉਚਾਰਣ, ਕੁਇਜ਼ ਮੁਕਾਬਲੇ, ਬਾਲ ਸਭਾ ਵੱਲੋਂ ਨਾਟਕ ਅਤੇ ਦਸਤਕ ਮੰਚ ਵੱਲੋਂ ਗੀਤ-ਸੰਗੀਤ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਸਟੇਜ ਦੀ ਕਾਰਵਾਈ ਮਾਸਟਰ ਜਸਵੀਰ ਅਤੇ ਰਵਿੰਦਰ ਨੇ ਚਲਾਈ।