‘10ਵੇਂ ਬਾਲ ਮੇਲੇ’ ਦੀਆਂ ਤਿਆਰੀਆਂ ਮੁਕੰਮਲ
Posted on:- 05-11-2015
ਪੱਖੋਵਾਲ਼: ਬੱਚਿਆਂ ਨੂੰ ਘਟੀਆ ਸੱਭਿਆਚਾਰ ਦੀ ਹਨੇਰੀ ਤੋਂ ਬਚਾਉਣ ਲਈ ਅਤੇ ਨਵੇਂ ਸਮਾਜ ਦੀ ਉਸਾਰੀ ਲਈ ਨੌਜਵਾਨ ਭਾਰਤ ਸਭਾ ਵੱਲੋਂ ਪਿਛਲੇ 9 ਵਰਿਆਂ ਤੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਬਾਲ ਮੇਲਾ’ ਕਰਵਾਇਆ ਜਾਂਦਾ ਹੈ। ਇਸ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 100ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ‘10ਵਾਂ ਬਾਲ ਮੇਲਾ’ ਹਰ ਵਾਰ ਦੀ ਤਰ੍ਹਾਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਹੈ। ਇਹ ‘ਬਾਲ ਮੇਲਾ’ ਮਿਤੀ 5,6,7 ਨਵੰਬਰ ਨੂੰ ਪਿੰਡ ਪੱਖੋਵਾਲ਼ ਦੇ ਲੜਕੀਆਂ ਦੇ ਸਰਕਾਰੀ ਹਾਈ ਸਕੂਲ ਦੇ ਖੇਡ ਦੇ ਮੈਦਾਨ ਵਿੱਚ ਕਰਵਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਨੌ ਭਾ ਸ ਦੇ ਕਨਵੀਨਰ ਕੁਲਵਿੰਦਰ ਨੇ ਦੱਸਿਆ ਕਿ ਇਸ ‘ਬਾਲ ਮੇਲੇ’ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਮੇਲੇ ਵਿੱਚ ਸ਼ਮੂਲੀਅਤ ਕਰਨ ਲਈ ਇਲਾਕੇ ਦੇ ਲਗਭਗ 200 ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਸੱਦਾ ਪੱਤਰ ਭੇਜੇ ਗਏ ਹਨ। ਪਿਛਲੇ ਮੇਲਿਆਂ ਵਿੱਚ ਹਰ ਵਾਰ ਤਕਰੀਬਨ 400 ਤੋਂ 500 ਤੱਕ ਬੱਚੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹੇ ਹਨ, ਇਹ ਗਿਣਤੀ ਇਸ ਵਾਰ ਵਧਣ ਦੀ ਉਮੀਦ ਹੈ।
ਇਸ ‘ਬਾਲ ਮੇਲੇ’ ਦੇ ਪਹਿਲੇ ਦਿਨ ਮਿਡਲ ਅਤੇ ਸੈਕੰਡਰੀ ਸੈਕਸ਼ਨ ਦੇ ਸਕੂਲੀ ਵਿਦਿਆਰਥੀਆਂ ਦੇ ਭਾਸ਼ਣ ਤੇ ਲੇਖ ਲਿਖਣ, ਦੂਜੇ ਦਿਨ ਪ੍ਰਾਇਮਰੀ ਅਤੇ ਮਿਡਲ ਸੈਕਸ਼ਨ ਦੇ ਕਵਿਤਾ ਉਚਾਰਣ ਤੇ ਚਿੱਤਰਕਲਾ ਮੁਕਾਬਲੇ ਅਤੇ ਤੀਜੇ ਤੇ ਆਖ਼ਰੀ ਦਿਨ ਸੈਕੰਡਰੀ ਸੈਕਸ਼ਨ ਦੇ ਕਵਿਤਾ ਉਚਾਰਣ ਤੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ। ਮੇਲੇ ਦੇ ਅਖੀਰੀ ਦਿਨ ਹੀ ਪਿੰਡ ਦੀ ਬਾਲ ਸਭਾ ਦੇ ਬੱਚਿਆਂ ਵੱਲੋਂ ਨਾਟਕ, ਗੀਤ ਅਤੇ ‘ਦਸਤਕ ਮੰਚ’ ਦੀ ਟੀਮ ਵੱਲੋਂ ਲੋਕ ਪੱਖੀ ਗੀਤ-ਸੰਗੀਤ ਦੀ ਪੇਸ਼ਕਾਰੀ ਕੀਤੀ ਜਾਵੇਗੀ। ‘ਬਾਲ ਮੇਲੇ’ ਵਿੱਚ ਭਾਗ ਲੈਣ ਵਾਲ਼ੇ ਹਰ ਵਿਦਿਆਰਥੀ ਨੂੰ ਕਿਤਾਬਾਂ ਦੇ ਸੈੱਟ ਦਿੱਤੇ ਜਾਂਦੇ ਹਨ ਅਤੇ ਪੁਜੀਸ਼ਨਾਂ ਹਾਸਿਲ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਪੋਰਟਰੇਟ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ।
ਨੌ. ਭਾ. ਸ. ਕਨਵੀਨਰ ਕੁਲਵਿੰਦਰ ਸਿੰਘ ਨੇ ‘ਬਾਲ ਮੇਲੇ’ ਦਾ ਮਕਸਦ ਦੱਸਦਿਆਂ ਕਿਹਾ ਕਿ ਸਭਾ ਵੱਲੋਂ ਇਹ ਯਤਨ ਬੱਚਿਆਂ ਦੇ ਬਚਪਨ ਨੂੰ ਗੰਦੇ ਸੱਭਿਆਚਾਰ ਦੀ ਹਨੇਰੀ ਤੋਂ ਬਚਾ ਕੇ ਬੱਚਿਆਂ ਨੂੰ ਆਪਣੀ ਗੌਰਵਮਈ ਵਿਰਾਸਤ ਨਾਲ਼ ਜੋੜਨ ਲਈ ਕੀਤੇ ਜਾਂਦੇ ਹਨ। ਸਾਡਾ ਵਿਰਸਾ ਜੋ ਗ਼ਦਰੀ ਬਾਬਿਆਂ, ਭਗਤ ਸਰਾਭਿਆਂ ਦਾ ਵਿਰਸਾ ਹੈ, ਜੋ ਮਨੁੱਖਤਾ ਦੀ ਆਜ਼ਾਦੀ ਤੇ ਖੁਸ਼ਹਾਲੀ ਲਈ ਕੁਰਬਾਨੀ ਅਤੇ ਤਿਆਗ ਦਾ ਵਿਰਸਾ ਹੈ, ਉਸ ਮਹਾਨ ਵਿਰਸੇ ਤੋਂ ਬੱਚਿਆਂ ਨੂੰ ਜਾਣੂ ਕਰਵਾਉਣਾ ਹੈ। ਅੱਜ ਦੇ ਮਨੁੱਖ ਦੋਖੀ ਸਮਾਜਿਕ ਮਾਹੌਲ ਵਿੱਚ ਬੱਚਿਆਂ ਨੂੰ ਬਚਾਉਣਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਨੂੰ ਅਜਿਹੇ ਗਿਆਨ ਅਤੇ ਸੱਭਿਆਚਾਰ ਨਾਲ਼ ਲੈਸ ਕਰਨਾ ਹੋਵੇਗਾ, ਜੋ ਇੱਕ ਅਜਿਹੇ ਸਮਾਜ ਦੀ ਸਿਰਜਣਾ ਵਿੱਚ ਉਨ੍ਹਾਂ ਦੀ ਮਦਦ ਕਰੇ, ਜੋ ਸਾਡੇ ਅੱਜ ਦੇ ਸਮਾਜ ਤੋਂ ਬਿਹਤਰ ਹੋਵੇ।ਨੌਜਵਾਨ ਭਾਰਤ ਸਭਾ ਨੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਅਤੇ ਇਨਕਲਾਬੀ ਵਿਰਾਸਤ ਨਾਲ਼ ਜੋੜਨ ਦੇ ਇਸ ਯਤਨ ਵਿੱਚ ਸਾਰਿਆਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ।