ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਦੀ ਹੋਈ ਮੀਟਿੰਗ
Posted on:- 04-11-2015
-ਬਲਜਿੰਦਰ ਸੰਘਾ
ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਦੀ ਨਵੰਬਰ ਮਹੀਨੇ ਦੀ ਮੀਟਿੰਗ ਭਰਵੀਂ ਹਾਜ਼ਰੀ ਵਿਚ ਕੋਸੋ ਹਾਲ ਵਿਖੇ ਹੋਈ। ਮੀਟਿੰਗ ਦੇ ਪਹਿਲੇ ਭਾਗ ਵਿਚ ਪੰਜਾਬ ਤੋਂ ਪੁੱਜੇ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਨੇ ਭਾਰਤ ਵਿਚ ਵਿਚਾਰਧਾਰਕ ਵਖ਼ਰੇਵੇਂ ਰੱਖਦੇ ਲੇਖਕਾਂ ਦੇ ਕਤਲਾਂ ਦੀ ਗੰਭੀਰ ਵਿਚਾਰਾਂ ਨਾਲ ਨਿਖੇਧੀ ਕਰਦਿਆਂ ਕਿਹਾ ਕਿ ਭਾਰਤ ਦੇ ਰਾਜਨੀਤਕ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਹਨ। ਭਾਰਤ ਸਰਕਾਰ ਵਿੱਦਿਆ ਦਾ ਭਗਵਾਂਕਰਨ ਕਰਨ ਦੇ ਨਾਲ-ਨਾਲ ਵਿਚਾਰਾਂ ਦੀ ਆਜ਼ਾਦੀ ਤੇ ਲਗਾਤਾਰ ਹਮਲੇ ਕਰ ਰਹੀ ਹੈ। ਉਹਨਾਂ ਜਿੱਥੇ ਅਜਿਹੇ ਹਲਾਤਾਂ ਤੇ ਘੋਰ ਚਿੰਤਾ ਪ੍ਰਗਟ ਕੀਤੀ ਉੱਥੇ ਰਾਹਤ ਭਰਿਆ ਸੁਨੇਹਾ ਵੀ ਦਿੱਤਾ ਕਿ ਭਾਰਤ ਦੇ ਅਗਾਂਹਵਧੂ ਲੋਕ ਲਗਾਤਾਰ ਲੋਕਾਂ ਦੀ ਅਗਵਾਈ ਕਰਦੇ ਹੋਏ ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਇੱਕਮੁੱਠ ਹੋਕੇ ਵਿਰੋਧ ਕਰ ਰਹੇ ਹਨ।
ਮੀਟਿੰਗ ਦੇ ਦੂਸਰੇ ਭਾਗ ਦੀ ਸ਼ੁਰੂਆਤ ਕੈਨੇਡਾ ਵਿਚ ਹੁਣੇ ਹੋਕੇ ਹਟੀਆਂ ਫੈਡਰਲ ਚੋਣਾਂ ਦੇ ਭੱਖ਼ਦੇ ਮੁੱਦੇ ਨਾਲ ਹੋਈ। ਮੁੱਖ ਬੁਲਾਰਿਆਂ ਵਿਚ ਸੋਹਨ ਮਾਨ, ਰਿਸ਼ੀ ਨਾਗਰ ਅਤੇ ਹਰਚਰਨ ਸਿੰਘ ਪਰਹਾਰ ਨੇ ਆਪਣੇ-ਆਪਣੇ ਵਿਚਾਰ ਰੱਖੇ। ਸੋਹਨ ਮਾਨ ਜੀ ਨੇ ਲਿਬਰਲ ਪਾਰਟੀ ਦੇ ਜਿੱਤਣ ਅਤੇ ਕੰਨਜ਼ਰਵੇਟਿਵ ਦੀ ਹਾਰ ਲਈ ਜ਼ਿੰਮੇਵਾਰ ਤੱਥਾਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਰਿਸ਼ੀ ਨਾਗਰ ਨੇ ਰਾਜਨੀਤਕ ਪਾਰਟੀਆਂ ਦੀ ਅੰਦਰੂਨੀ ਰਾਜਨੀਤੀ ਤੇ ਗੱਲਬਾਤ ਕੀਤੀ। ਹਰਚਰਨ ਸਿੰਘ ਪਰਹਾਰ ਨੇ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਦੋਵੇਂ ਹੀ ਪਾਰਟੀਆਂ ਆਮ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੀਆਂ। ਲੋਕਾਂ ਨੂੰ ਇਕੱਠੇ ਹੋਕੇ ਲੋਕਲ ਨੁਮਾਇੰਦਿਆਂ ਤੱਕ ਆਪਣੀਆਂ ਮੁਸ਼ਕਿਲਾਂ ਪਹੁੰਚਦੇ ਰਹਿਣਾ ਚਾਹੀਦਾ ਹੈ।
ਰਮਨਜੀਤ ਸਿੱਧੂ ਨੇ ਮੀਡੀਆ ਨੂੰ ਸਾਰਥਿਕ ਭੂਮਿਕਾ ਨਿਭਾਉਣ ਲਈ ਪਰੇਰਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੁਰਦੀਸ਼ ਕੌਰ ਗਰੇਵਾਲ, ਸੁਖਵਿੰਦਰ ਸਿੰਘ ਤੂਰ ਅਤੇ ਮਾਸਟਰ ਬਚਿੱਤਰ ਗਿੱਲ ਨੇ ਗੀਤ, ਕਵਿਤਾਵਾਂ ਰਾਹੀਂ ਹਾਜ਼ਰੀ ਲਵਾਈ। ਹੈਪੀ ਮਾਨ ਅਤੇ ਸੱਤਪਾਲ ਕੌਸ਼ਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਕਮਲਪ੍ਰੀਤ ਪੰਧੇਰ ਅਤੇ ਗੁਰਬਚਨ ਬਰਾੜ ਨੇ ਸਭ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਅਗਲੇ ਮਹੀਨੇ ਦੀ ਮੀਟਿੰਗ 6 ਦਸੰਬਰ 2015 ਦਿਨ ਐਤਵਾਰ ਨੂੰ ਹੋਣ ਬਾਰੇ ਜਾਣਕਾਰੀ ਦਿੱਤੀ।