ਚਿੱਟੀ ਮੱਖੀ ਦੇ ਝੰਬੇ ਮਾਲਵਾ ਖਿੱਤੇ ਦੇ ਕਿਸਾਨ ਹੁਣ ਤਕਨੀਕੀ ਖੇਤੀ ਦਾ ਪੱਲਾ ਫੜਨ ਲੱਗੇ
Posted on:- 03-11-2015
- ਜਸਪਾਲ ਸਿੰਘ ਜੱਸੀ
ਬੋਹਾ: ਚਿੱਟੀ ਮੱਖੀ ਦੇ ਝੰਬੇ ਮਾਲਵਾ ਖਿੱਤੇ ਦੇ ਕਿਸਾਨ ਹੁਣ ਤਕਨੀਕੀ ਖੇਤੀ ਦਾ ਪੱਲਾ ਫੜਨ ਲੱਗੇ ਹਨ ਤੇ ਇੱਥੋਂ ਦੇ ਵੱਡੀ ਗਿਣਤੀ ਕਿਸਾਨਾਂ ਨੇ ‘ਦੱਬਕੇ ਵਾਹ, ਰੱਜਕੇ ਖਾ’ ਦੀ ਕਹਾਵਤ ਨੂੰ ਝੁਠਲਾਉਂਦਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੁਝਾਈ ‘ਅਕਲ ਨਾਲ ਵਾਹ ਰੱਜਕੇ ਖਾ’ ’ਤੇ ਪੂਰੇ ਢੁੱਕਣ ਦੀ ਠਾਣ ਲਈ ਹੈ।ਜਿਸ ਦੀ ਤਾਜ਼ਾ ਮਿਸਾਲ ਮਾਨਸਾ ਜ਼ਿਲ੍ਹੇ ਦੇ ਪਿੰਡਾਂ ’ਚ ਅੱਜ ਕੱਲ ਕਣਕ ਦੀ ‘ਜ਼ੀਰੋ’ ਡਰਿੱਲ ਨਾਲ ਕੀਤੀ ਜਾ ਰਹੀ ਸਿੱਧੀ ਬਿਜਾਈ ਤੋਂ ਦੇਖਣ ਨੂੰ ਸਾਫ ਮਿਲ ਰਹੀ ਹੈ।ਮਾਨਸਾ ਜ਼ਿਲ੍ਹੇ ਅੰਦਰ ਵੱਡੀ ਗਿਣਤੀ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਕੇ ਵਾਤਾਵਰਣ ਪ੍ਰਦੂਸ਼ਤ ਕਰਨ ਤੋਂ ਪਾਸਾ ਵੱਟ ਲਿਆ ਹੈ ਤੇ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਕੇ ਮਚਾਉਣ ਦੀ ਬਜਾਏ ‘ਰੀਪਰ’ ਨਾਲ ਜ਼ਮੀਨ ਚ ਵਾਹਕੇ ਖੇਤੀਬਾੜੀ ਵਿਭਾਗ ਵੱਲੋਂ ਸੁਝਾਈ ‘ਜ਼ੀਰੋ’ ਡਰਿੱਲ ਨਾਲ, ਝੋਨੇ ਦੀ ਫਸਲ ਵਾਲੀਆਂ ਜ਼ਮੀਨਾਂ ਚ ਕਣਕ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇ ਰਹੇ ਹਨ। ਜ਼ੀਰੋ ਡਰਿੱਲ ਨਾਲ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਮੰਨੀਏ ਤਾਂ ਇਸ ਤਰ੍ਹਾਂ ਬਿਜਾਈ ਕਰਨ ਕਿਸਾਨ ਪ੍ਰਤੀ ਏਕੜ 2500 ਤੋਂ 3000 ਰੁਪਏ ਦੀ ਫਜ਼ੂਲ ਖਰਚੀ ਤੋਂ ਬਚਦਾ ਹੈ।
ਜ਼ਿਲ੍ਹੇ ਦਾ ਪਿੰਡ ਗੰਢੂ ਖੁਰਦ ਦੇ ਕਿਸਾਨ ਤੇ ਸਾਬਕਾ ਪੰਚ ਅਵਤਾਰ ਸਿੰਘ ਕਾਲਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਜ਼ੀਰੋ ਡਰਿੱਲ ਨਾਲ ਕਣਕ ਦੀ ਸਿੱਧੀ ਬਿਜਾਈ ਕਰਨ ਨਾਲ ਕਿਸਾਨ ਦਾ ਪ੍ਰਤੀ ਏਕੜ 2500 ਤੋਂ 3000 ਰੁਪਏ ਨਾਜਾਇਜ਼ ਖਰਚਾ ਬਚਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪਿਛਲੇ 2 ਸਾਲਾਂ ਤੋਂ ਇਸ ਤਕਨੀਕ ਨਾਲ ਕਣਕ ਦੀ ਬਿਜਾਈ ਕਰਦੇ ਆ ਰਹੇ ਹਨ ਤੇ ਇਸ ਤਕਨੀਕ ਨਾਲ ਕਣਕ ਦੇ ਝਾੜ ਉਪਰ ਵੀ ਕੋਈ ਅਸਰ ਨਹੀਂ ਪਿਆ ਬਲਕੇ ਡੇਢ ਤੋਂ ਦੋ ਕੁਇੰਟਲ ਝਾੜ ਪਹਿਲਾਂ ਨਾਲੋਂ ਵੱਧਿਆ ਹੈ। ਅਗਾਂਹ ਵਧੂ ਕਿਸਾਨ ਸ੍ਰ.ਦਰਸ਼ਨ ਸਿੰਘ ਅਚਾਨਕ ਨੇ ਇਸ ਬਾਰੇ ਆਪਣਾ ਪ੍ਰਤੀਕ੍ਰਮ ਦਿੰਦਿਆਂ ਕਿਹਾ ਕਿ ਅੱਜ ਤਕਨੀਕੀ ਢੰਗ ਨਾਲ ਖੇਤੀ ਕਰਨਾ ਸਮੇਂ ਦੀ ਮੰਗ ਹੈ।
ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਕੈਪਾਂ ਚ ਕਿਸਾਨਾਂ ਨੂੰ ਇਸ ਬਾਰੇ ਸਮੇਂ ਸਮੇਂ ਤੇ ਪ੍ਰੇਰਿਆ ਜਾਂਦਾ ਰਿਹਾ ਹੈ।ਹੁਣ ਕਿਸਾਨਾਂ ਵੱਲੋਂ ਖੇਤਾਂ ਚ ਪਰਾਲੀ ਨਾ ਸਾੜਨ ਤੋਂ ਤੋਬਾ ਕਰਨ ਦੇ ਵਿਚਾਰਾਂ ਦਾ ਉਤਪਨ ਹੋਣਾ ਅਤੇ ਖੇਤੀਬਾੜੀ ਵੱਲੋਂ ਸੁਝਾਈ ਜ਼ੀਰੋ ਡਰਿੱਲ ਨਾਲ ਕਣਕ ਦੀ ਸਿੱਧੀ ਬਿਜਾਈ ਕਰਨ ਵੱਲ ਮੋੜਾ ਪਾਉਣ ਕਿਸਾਨ ਤੇ ਅਧੁਨਿਕ ਖੇਤੀ ਵਲ ਪਰਤਣ ਅਤੇ ਤਕਨੀਕੀ ਖੇਤੀ ਦਾ ਪੱਲਾ ਫੜਨ ਦੀਆਂ ਨਿਸ਼ਾਨੀਆਂ ਹਨ,ਜੋ ਖੇਤੀਬਾੜੀ ਚ ਫਜ਼ੂਲ ਖਰਚੀ ਤੋਂ ਤੋਂਬਾ ਕਰਨ ਦਾ ਇੱਕ ਸੁਭ ਸੰਕੇਤ ਹੈ।
ਵਧੀਕ ਖੇਤੀਬਾੜੀ ਅਸਫਸਰ ਮਾਨਸਾ ਡਾ.ਹਰਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨਾਂ ਦੁਆਰਾ ਝੋਨੇ ਵਾਲੀਆਂ ਜ਼ਮੀਨਾਂ ਚ ਜ਼ੀਰੋ ਡਰਿੱਲ ਨਾਲ ਕੀਤੀ ਜਾ ਰਹੀ ਸਿੱਧੀ ਬਿਜਾਈ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਬਿਜਾਈ ਕਰਨ ਚ ਬੁੱਢਲਾਡਾ ਬਲਾਕ ਮਾਨਸਾ ਜ਼ਿਲ੍ਹੇ ਚੋਂ ਮੋਹਰੀ ਹੈ।ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਸਮੇਂ ਸਮੇਂ ਤੇ ਕਿਸਾਨਾਂ ਨੂੰ ਫਜ਼ੂਲ ਫਸਲੀ ਖਰਚੇ ਘਟਾਉਣ ਅਤੇ ਤਕਨੀਕੀ ਖੇਤੀ ਕਰਨ ਬਾਰੇ ਕੈਪਾਂ ਰਾਹੀ ਪ੍ਰੇਰਦਾ ਆ ਰਿਹਾ ਹੈ।
ਡਾ.ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਕਣਕ ਦੀ ਬਿਜਾਈ ਕਰਨ ਨਾਲ ਜਿੱਥੇ ਕਿਸਾਨ ਕਣਕ ਦੀ ਰਵਾਇਤੀ ਢੰਗ ਨਾਲ ਬਿਜਾਈ ਕਰਨ ਤੇ ਆਉਦੀ 2500 ਤੋਂ 3000 ਰੁਪਏ ਦੀ ਫਜ਼ੂਲ ਖਰਚੀ ਤੋਂ ਬਚਦਾ ਹੈ ਉਥੇ ਜ਼ਮੀਨ ਚ ਵਾਹੀ ਪਰਾਲੀ ਕਣਕ ਨੂੰ ਬਰਾਬਰ ਮਾਤਰਾ ਚ ਚਾਹੀਦੀ ਨਾਈਟ੍ਰੇਜਨ ਵੀ ਮਹਈਆ ਕਰਦੀ ਹੈ।ਇੱਕ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਵੀ ਸਹਾਇਤਾ ਦੇਣ ਲਈ ਸਮੇਂ ਸਮੇਂ ਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ।