ਸਕੂਲੀ ਵਿਦਿਆਰਥੀਆਂ ਲਈ ਚੋਣਵੀਆਂ ਕਹਾਣੀਆਂ
Posted on:- 02-11-2015
ਰੀਵਿਊਕਾਰ: ਪ੍ਰੋ.ਜੇ ਬੀ ਸੇਖੋਂ
ਸੰਪਾਦਕ: ਬਲਜਿੰਦਰ ਮਾਨ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ,ਪੰਨੇ:142, ਮੁੱਲ:150
ਬਲਜਿੰਦਰ ਮਾਨ ਪੰਜਾਬੀ ਬਾਲ ਸਾਹਿਤ ਦੀ ਸਿਰਜਣਾ ਦੇ ਨਾਲ ਨਾਲ ਇਸਦੇ ਪ੍ਰਚਾਰ ਤੇ ਪ੍ਰਸਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਉਹ ਹੁਣ ਤੱਕ ਬਾਲ ਸਾਹਿਤ ਦੇ ਲਗਭਗ ਹਰ ਰੂਪ ਤੇ ਮਹੱਤਵਸ਼ਾਲੀ ਕਿਤਾਬਾਂ ਰਚ ਚੁੱਕੇ ਹਨ। ਉਨ੍ਹਾਂ ਦੀਆਂ ਇਹਨਾਂ ਕਿਤਾਬਾਂ ਵਿਚ ਬਾਲ ਕਹਾਣੀਆਂ, ਸਫਰਨਾਮਾ, ਬਾਲ ਕਾਵਿ ਸੰਗ੍ਰਹਿ, ਨਰਸਰੀ ਗੀਤ, ਵਾਰਤਕ ਜੀਵਨੀਆਂ ਆਦਿ ਵਿਧਾਵਾਂ ਤੇ ਰਚੀਆਂ ਕ੍ਰਿਤਾਂ ਮੁੱਖ ਹਨ। ਮੌਲਿਕ ਕਿਤਾਬਾਂ ਵਜੋਂ 13 ਬਾਲ ਸਾਹਿਤ ਪੁਸਤਕਾਂ, ਚਾਰ ਅਨੁਵਾਦਿਤ ਕਿਤਾਬਾਂ ਅਤੇ ਉੱਨੀ ਸੰਪਾਦਿਤ ਕਿਤਾਬਾਂ ਉਨ੍ਹਾਂ ਦੀਆਂ ਰਚਨਾਵੀਂ- ਵਿਰਾਸਤ ਹਨ।
ਇਸ ਕਾਰਜ ਤੋਂ ਇਲਾਵਾ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਬਾਲ ਸਾਹਿਤ ਦੇ ਪ੍ਰਕਾਸ਼ਕ ਵਜੋਂ ਹੈ।ਅੱਜ ਦੇ ਸੂਚਨਾ ਸੰਚਾਰ ਵਾਲੇ ਯੁੱਗ ਵਿਚ ਜਦੋਂ ਨੌਜਵਾਨ ਪੀੜੀ ਸਕਰੀਨ ਦੀ ਗੁਲਾਮੀ ਵਾਲੇ ਦੌਰ ਵਿਚੋਂ ਗੁਜ਼ਰ ਰਹੀ ਹੈ ਬਲਜਿੰਦਰ ਮਾਨ ਬਾਲ ਮੈਗਜ਼ੀਨ ਨਿੱਕੀਆਂ ਕਰੂੰਬਲਾਂ ਦੀ ਸੰਪਾਦਨਾ ਕਰਕੇ ਬੱਚਿਆਂ ਨੂੰ ਸ਼ਬਦ ਸਭਿਆਚਾਰ ਦੇ ਲੜ ਲਾ ਰਿਹਾ ਹੈ।
ਕਰੀਬ ਵੀਹ ਸਾਲਾਂ ਤੋਂ ਬਿਨ੍ਹਾਂ ਕਿਸੇ ਸਰਕਾਰੀ ਸਹਾਇਤਾ ਤੋਂ ਬਾਲ ਮੈਗਜ਼ੀਨ ਦੀ ਪ੍ਰਕਾਸ਼ਨਾ ਕਰਨਾ ਉਸਦਾ ਵਿਸ਼ੇਸ਼ ਉਦਮ ਹੈ।ਇਹਨਾਂ ਰੁਝੇਵਿਆਂ ਨੂੰ ਸਹਿਜ ਸੁਭਾਵਕ ਹੰਢਾਉਣਾ ਉਸਦੀ ਸ਼ਖਸੀਅਤ ਦਾ ਅਹਿਮ ਪਹਿਲੂ ਬਣ ਗਿਆ ਹੈ।ਵਿਚਾਰ ਅਧੀਨ ਕਿਤਾਬ ਉਸਦੀ ਬਾਲ ਕਹਾਣੀਆਂ ਪ੍ਰਤੀ ਸੰਪਾਦਨ ਸੂਝ ਦਾ ਇਕ ਹੋਰ ਪ੍ਰਮਾਣ ਹੈ।ਇਸ ਕਿਤਾਬ ਵਿਚ ਸੰਪਾਦਕ ਨੇ 64 ਬਾਲ ਕਹਾਣੀਆਂ ਨੂੰ ਸੰਕਲਤ ਕੀਤਾ ਹੈ।
ਇਹਨਾਂ ਕਹਾਣੀਆਂ ਦੇ ਰਚਨਕਾਰਾਂ ਵਿਚ ਸਭ ਤੋਂ ਛੋਟੀ ਉਮਰ ਦੀ ਬੱਚੀ ਲੇਖਿਕਾ ਸੁਖਚੰਚਲ ਕੌਰ ਤੋਂ ਲੈ ਕੇ ਮਨਮੋਹਨ ਸਿੰਘ, ਜਸਬੀਰ ਸਿੰਘ ਭੁੱਲਰ, ਦਲੀਪ ਕੌਰ ਟਿਵਾਣਾ ਵਰਗੇ ਸਾਹਿਤ ਅਕਾਦਮੀ ਐਵਾਰਡ ਜੇਤੂ ਲੇਖਕ ਸ਼ਾਮਿਲ ਹਨ।ਇਹਨਾਂ ਕਹਾਣੀਆਂ ਨੂੰ ਇਕ ਜਿਲਦ ਵਿਚ ਪੜ੍ਹਨ ਨਾਲ ਪੰਜਾਬੀ ਬਾਲ ਸਾਹਿਤ ਦੀ ਕਹਾਣੀ ਵਿਧਾ ਦੀ ਸਥਿਤੀ ਦਾ ਮੁਲਾਂਕਣ ਵੀ ਹੋ ਜਾਂਦਾ ਹੈ ਤੇ ਬੱਚਿਆਂ ਲਈ ਕਥਾ ਸਾਹਿਤ ਦੀ ਵੰਨ ਸੁਵੰਨੀ ਸਮੱਗਰੀ ਵੀ ਮੁਹੱਈਆ ਹੋ ਜਾਂਦੀ ਹੈ।
ਇਹਨਾਂ ਕਹਾਣੀਆਂ ਦੇ ਰਚਨਹਾਰੇ ਹੰਢੇ ਵਰਤੇ ਸਾਹਿਤਕਾਰ ਹਨ ਜਿਨ੍ਹਾਂ ਨੇ ਬਾਲ ਮਨਾਂ ਦੀ ਕਾਲਪਨਿਕ ਉਡਾਰੀ ਨੂੰ ਭਲੀ ਭਾਂਤ ਸਮਝਿਆ ਹੈ ਤੇ ਇਸੇ ਧਰਾਤਲ ਤੋਂ ਬਾਲ ਹਿਰਦਿਆਂ ਦੇ ਹਾਣ ਦੇ ਪਾਤਰਾਂ ਘਟਨਾਵਾਂ ਆਦਿ ਨੂੰ ਕਹਾਣੀਆਂ ਵਿਚ ਪ੍ਰਯੋਗ ਕੀਤਾ ਹੈ।ਇਹ ਰਚਨਾਵਾਂ ਇਕ ਸਰਬ ਸਾਂਝੇ ਸੂਤਰ ਤੇ ਖੜੀਆਂ ਹਨ।ਜਿਸ ਵਿਚ ਅੱਜ ਕੱਲ ਦੇ ਅਖੌਤੀ ਆਧੁਨਿਕ ਮਨੁੱਖ ਦੁਆਰਾ ਕੀਤੀ ਜਾ ਰਹੀ ਵਾਤਵਰਨ ਦੀ ਤਬਾਹੀ ਸਮਾਜਕ ਅਲਾਮਤਾਂ ਘਰੇਲੂ ਮਸਲੇ ਸਿੱਖਿਆ ਸੰਸਾਰ ਦੀਆਂ ਉਲਝਣਾਂ ਆਦਿ ਵਿਸ਼ਿਆਂ ਨੂੰ ਨਿੱਕੇ ਨਿੱਕੇ ਵਾਰਤਾਲਾਪਾਂ ਦੁਆਰਾ ਪੇਸ਼ ਕੀਤਾ ਗਿਆ ਹੈ।
ਸੰਪਾਦਕ ਨੇ ਇਕ ਤੋਂ ਵੱਧ ਕਹਾਣੀ ਲਿਖਣ ਵਾਲੇ ਲੇਖਕ ਦੀਆਂ ਰਚਨਾਵਾਂ ਨੂੰ ਇਕੋ ਥਾਂ ਪੇਸ਼ ਕੀਤਾ ਹੈ।ਹਰ ਕਹਾਣੀ ਦਾ ਰਚਨਾ ਪੈਟਰਨ ਅਕਸਰ ਸੁਖਾਂਤ ਵਾਲੇ ਅੰਤ ਤੇ ਟਿਕਿਆ ਹੈ ਜਿਸ ਦੁਆਰਾ ਬੱਚਿਆਂ ਨੂੰ ਜ਼ਿੰਦਗੀ ਵਿਚ ਆਸ਼ਾਵਾਦੀ ਰਹਿਣ, ਚੰਗਾ ਸੋਚਣ ਅਤੇ ਨਕਾਰਤਮਕ ਪ੍ਰਭਾਵ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਗਈ ਹੈ।ਕਹਾਣੀਆਂ ਦੇ ਪਾਤਰ ਬੱਚਿਆਂ ਤੋਂ ਇਲਾਵਾਂ ਸਕੂਲ਼ਾਂ ਦੇ ਮਾਸਟਰ ਮਾਤਾ ਪਿਤਾ ਦਾਦੀ ਦੁਕਾਨਦਾਰ ਰਾਹਗੀਰ ਆਦਿ ਵੀ ਹਨ, ਪਰ ਕਈ ਕਹਾਣੀਆਂ ਵਿਚ ਦਰਖਤ ਪਹਾੜ ਬੂਟੇ ਦਰਿਆ ਚਿੜੀਆਂ ਕਾਂ ਪਸ਼ੂ ਤੇ ਹੋਰ ਜਨੌਰ ਆਦਿ ਵੀ ਪਾਤਰਾਂ ਦੇ ਰੂਪ ਵਿਚ ਹਨ ਜਿਨ੍ਹਾਂ ਕਰਕੇ ਇਹ ਕਹਾਣੀਆਂ ਲੋਕ ਕਥਾਵਾਂ ਵਾਂਗ ਰੌਚਿਕ ਬਣ ਜਾਂਦੀਆਂ ਹਨ।
ਜਨਮੇਜਾ ਜੌਹਲ ਦੀ ਕਹਾਣੀ ‘ਜੂੰਆਂ ਦੀ ਕਾਨਫਰੰਸ’ ਜੂੰਆ ਦੇ ਆਪਸੀ ਵਾਰਤਾਲਾਪ ਦੁਆਰਾ ਸਾਫ ਸਫਾਈ ਰੱਖਣ ਦੇ ਉਪਦੇਸ਼ ਨਾਲ ਜੁੜੀ ਹੋਈ ਹੈ।ਬਗਲਾ ਭਗਤ ਕਹਾਣੀ ਮੱਛੀਆਂ ਵਰਗੇ ਭੋਲੇ ਭਾਲੇ ਲੋਕਾਂ ਨੂੰ ਬਗਲਿਆਂ ਵਰਗੇ ਅਖੌਤੀ ਭਗਤਾਂ ਦੁਆਰਾ ਲੁੱਟਣ ਦਾ ਪ੍ਰਤੀਕਮਈ ਬਿਰਤਾਂਤ ਹੈ।ਸਪਾਦਕ ਬਲਜਿੰਦਰ ਮਾਨ ਦੀ ਕਹਾਣੀ ਜਨਮ ਦਿਨ ਵਿਚ ਤਨਵੀਰ ਨਾਂ ਦਾ ਬੱਚਾ ਪਾਤਰ ਆਪਣੇ ਪਿਤਾ ਦੀ ਪ੍ਰੇਰਨਾ ਨਾਲ ਗਰੀਬ ਬੱਚਿਆਂ ਵਿਚ ਆਪਣਾ ਜਨਮ ਦਿਨ ਮਨਾ ਕੇ ਨਵੀਂ ਪਿਰਤ ਪਾਉਂਦਾ ਹੈ। ਅਜਿਹੀਆਂ ਹੋਰ ਵੀ ਕਈ ਕਹਾਣੀਆਂ ਹਨ, ਜਿਹੜੀਆਂ ਬਾਲ ਮਾਨਸਿਕਤਾ ਨੂੰ ਖੂਬਸੂਰਤੀ ਨਾਲ ਪੇਸ਼ ਕਰਦੀਆਂ ਹਨ।
ਕਹਾਣੀਆਂ ਦੀ ਭਾਸ਼ਾ ਸਕੂਲ਼ੀ ਵਿਦਿਆਰਥੀਆਂ ਦੀ ਸਮਝ ਬੂਝ ਦੇ ਅਨੂਕੂਲ ਹੈ।ਕਹਾਣੀਆਂ ਦਾ ਆਕਾਰ ਛੋਟਾ ਹੈ, ਜਿਸ ਕਰਕੇ ਇਹਨਾਂ ਦੇ ਆਦਿ ਮੱਧ ਦੇ ਅੰਤ ਤੇਜ਼ ਕਦਮੀ ਚੱਲਦੇ ਹਨ ਤੇ ਕਹਾਣੀਆਂ ਦੀ ਪੜ੍ਹਨਯੋਗਤਾ ਬਣੀ ਰਹਿੰਦੀ ਹੈ।ਬੱਚਿਆਂ ਦੀ ਨਿਰਾਲੀ ਦੁਨੀਆਂ ਦੀ ਥਾਹ ਪਾਉਣ ਲਈ ਇਹ ਪੁਸਤਕ ਕਾਰਗਰ ਸਾਬਤ ਹੋ ਸਕਦੀ ਹੈ।ਇਹ ਬੱਚੇ ਸਮਾਜ ਦਾ ਭਵਿੱਖ ਹਨ ਜਿਨ੍ਹਾਂ ਦੀਆਂ ਮਾਨਸਿਕ ਲੋੜਾਂ,ਸੁਪਨਿਆਂ ਤੇ ਆਦਰਸ਼ਾਂ ਨੂੰ ਸਮਝਣ ਦੀ ਲੋੜ ਹੈ।