ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਚੁਣੀ ਗਈ ਨਵੀਂ ਕਾਰਜਕਾਰੀ ਕਮੇਟੀ
Posted on:- 31-10-2015
-ਬਲਜਿੰਦਰ ਸੰਘਾ
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ(ਰਜਿ.),ਕੈਨੇਡਾ ਕੁਝ ਸੂਝਵਾਨ ਵਿਅਕਤੀਆਂ ਵੱਲੋਂ ਮਰਹੂਮ ਇਕਬਾਲ ਅਰਪਨ ਦੀ ਅਗਵਾਈ ਵਿਚ 1999 ਵਿਚ ਬਣਾਈ ਗਈ ਸੀ। ਇਹ ਉਹ ਸਮਾਂ ਸੀ ਜਦੋਂ ਕੈਲਗਰੀ ਸ਼ਹਿਰ ਵਿਚ ਪੰਜਾਬੀ ਸਾਹਿਤ ਅਤੇ ਪੰਜਾਬੀ ਬੋਲੀ ਬਾਰੇ ਬਹੁਤਾ ਕੰਮ ਨਹੀਂ ਸੀ ਹੋ ਰਿਹਾ। ਮਰਹੂਮ ਲੇਖਕ ਇਕਬਾਲ ਅਰਪਨ ਜੀ ਦੇ ਵਿਚਾਰ ਹਮੇਸ਼ਾਂ ਇਹ ਹੁੰਦੇ ਸਨ ਕਿ ਇਸ ਤਰ੍ਹਾਂ ਤਾਂ ਅਸੀਂ ਪੰਜਾਬੀ ਸਾਹਿਤ, ਪੰਜਾਬੀ ਸਭਿੱਆਚਾਰ,ਪੰਜਾਬੀ ਲੇਖਕ ਵਰਗ ਨਾਲੋਂ ਤਾਂ ਕੱਟੇ ਹੀ ਜਾਵਾਂਗੇ ਬਲਕਿ ਹੋਰ ਗੰਭੀਰ ਸਿੱਟੇ ਆਉਣ ਵਾਲੇ ਸਮੇਂ ਵਿਚ ਇਹ ਨਿਕਲਣਗੇ ਕਿ ਜਵਾਨ ਅਵਸਥਾ ਵਿਚ ਏਥੇ ਆਏ ਪੰਜਾਬੀ ਜਿਹਨਾਂ ਨੂੰ ਦੇਸ਼ ਦੀ ਧਰਤੀ ਤੇ ਸਾਹਿਤ ਨਾਲ ਲਗਾਅ ਹੋਵੇਗਾ ਉਹ ਏਥੇ ਆਕੇ ਕੋਈ ਪੰਜਾਬੀ ਦਾ ਪਲੇਟਫਾਰਮ ਨਾ ਮਿਲਣ ਕਾਰਨ ਆਪਣੀਆਂ ਸਾਹਿਤਕ ਰੁਚੀਆਂ ਅਚੇਤ ਹੀ ਤਿਆਗ ਦੇਣਗੇ।
ਜਿੱਥੇ ਅਸੀਂ ਏਥੇ ਆਕੇ ਆਪਣੇ ਧਾਰਮਿਕ ਸਥਾਨ ਬਣਾਏ ਹਨ ਅਤੇ ਹੋਰ ਕਈ ਕਲੱਬ ਬਣਾਏ ਹਨ ਇਹ ਤਾਂ ਪਹਿਲ ਦੇ ਅਧਾਰ ’ਤੇ ਜ਼ਰੂਰੀ ਹੈ ਕਿ ਸਾਡੇ ਸਾਹਿਤ ਦੀ ਗੱਲ ਹੋਵੇ। ੲੋਥੋਂ ਦੇ ਜੰਮਪਲ ਸਾਡੇ ਬੱਚਿਆਂ ਦੀ ਘੱਟੋ-ਘੱਟ ਪਹਿਲੀ ਪੀੜ੍ਹੀ ਤਾਂ ਇਹ ਗਿਆਨ ਹਾਸਲ ਕਰ ਸਕੇ ਕਿ ਪੰਜਾਬੀ ਬੋਲੀ ਕਿੰਨੀ ਅਮੀਰ ਹੈ, ਜਿਸ ਵਿਚ ਜੀਵਨ ਜਾਂਚ ਦੇ ਹਰ ਪਹਿਲੂ ਤੇ ਗੱਲ ਕਰਦੀ ਬਾਬੇ ਨਾਨਕ ਦੀ ਬਾਣੀ ਤੋਂ ਲੈਕੇ ਅਨੇਕਾਂ ਮਾਣਮੱਤੇ ਲੇਖਕ ਹੋਏ ਹਨ। ਉਹਨਾਂ ਦਾ ਇਹ ਵੀ ਫਿ਼ਕਰ ਹੁੰਦਾ ਸੀ ਕਿ ਆਉਣ ਵਾਲੇ ਸਮੇਂ ਵਿਚ ਅਜਿਹੇ ਮਨੁੱਖ ਹੋਣਗੇ ਜੋ ਉਹਨਾਂ ਦੇ ਇਸ ਜਹਾਨੋਂ ਜਾਣ ਤੋਂ ਬਾਅਦ ਇਸ ਸਭਾ ਨੂੰ ਨਿੱਜੀ ਲਾਭ ਤੋਂ ਉੱਪਰ ਸੋਚਕੇ ਅਤੇ ਪੰਜਾਬੀ ਬੋਲੀ ਦੀ ਨਿਸ਼ਕਾਮ ਸੇਵਾ ਸਮਝਕੇ ਚਲਾਉਂਦੇ ਰਹਿਣਗੇ।
ਬੇਸ਼ਕ ਉਹ ਸਾਲ 2006 ਵਿਚ ਸਦੀਵੀ ਵਿਛੋੜਾ ਦੇ ਗਏ ਪਰ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਉਹਨਾਂ ਦੇ ਪਾਏ ਕਦਮਾਂ ਤੇ ਚੱਲਦਿਆਂ ਬਿਨਾਂ ਕਿਸੇ ਦੇ ਨਿੱਜੀ ਗਲਬੇ ਤੋਂ ਹਰੇਕ ਦੋ ਸਾਲ ਬਾਅਦ ਪਿਛਲੇ ਸਾਲਾਂ ਦੇ ਸਭਾ ਲਈ ਆਪਣੇ ਨਿੱਜੀ ਰੁਝੇਵਿਆਂ ਵਿਚੋਂ ਕੱਢੇ ਸਮੇਂ ਦੇ ਅਧਾਰ ਤੇ ਦੋ ਸਾਲ ਲਈ ਕਮੇਟੀ ਦੀ ਚੋਣ ਸਰਬਸਮਤੀ ਨਾਲ ਕਰਦੀ ਆ ਰਹੀ ਹੈ।
ਸਾਲ 2016-17 ਦੀ ਕਮੇਟੀ ਵਿਚ ਤਰਲੋਚਨ ਸੈਂਭੀ ਨੂੰ ਪ੍ਰਧਾਨ, ਬਲਜਿੰਦਰ ਸੰਘਾ ਮੀਤ ਪ੍ਰਧਾਨ, ਬਲਵੀਰ ਗੋਰਾ ਜਨਰਲ ਸਕੱਤਰ, ਰਣਜੀਤ ਗੋਬਿੰਦਪੁਰੀ ਸਕੱਤਰ, ਮੰਗਲ ਸਿੰਘ ਚੱਠਾ ਖ਼ਜਾਨਚੀ ਅਤੇ ਕਾਰਜਕਾਰੀ ਮੈਂਬਰਾਂ ਵਿਚ ਮਹਿੰਦਰਪਾਲ ਸਿੰਘ ਪਾਲ, ਦਵਿੰਦਰ ਸਿੰਘ ਮਲਹਾਂਸ, ਜੋਰਾਵਰ ਸਿੰਘ ਬਾਂਸਲ, ਜੋਗਿੰਦਰ ਸਿੰਘ ਸੰਘਾ, ਗੁਰਬਚਨ ਬਰਾੜ, ਅਵਨਿੰਦਰ ਨੂਰ, ਗੁਰਲਾਲ ਰੁਪਾਲੋਂ ਚੁਣੇ ਗਏ, ਸਾਬਕਾ ਪ੍ਰਧਾਨ ਹਰੀਪਾਲ ਅਤੇ ਜਨਰਲ ਸਕੱਤਰ ਸੁਖਪਾਲ ਪਰਮਾਰ ਦੋ ਸਾਲ ਲਈ ਸਭਾ ਦੀ ਰੀਤ ਅਨੁਸਰ ਕਾਰਜਕਾਰੀ ਮੈਂਬਰਾਂ ਦੇ ਬਰਾਬਰ ਦਾ ਹੱਕ ਰੱਖਣਗੇ ਅਤੇ ਸਭਾ ਦੇ ਹਰ ਫੈਸਲੇ ਵਿਚ ਉਹਨਾਂ ਦੇ ਵਿਚਾਰ ਕਾਰਜਕਾਰੀ ਮੈਂਬਰਾਂ ਦੇ ਬਰਾਬਰ ਹੋਣਗੇ।
ਜ਼ਿਕਰਯੋਗ ਹੈ ਇਹ ਸਭਾ ਪਿਛਲੇ 16 ਸਾਲਾਂ ਤੋਂ ਲਗਾਤਾਰ ਸਲਾਨਾ ਸਮਾਗਮ ਕਰਦੀ ਆ ਰਹੀਂ ਹੈ ਜਿਸ ਵਿਚ ਚੁਣੇ ਗਏ ਲੇਖਕ ਨੂੰ ਪਲੈਕ ਅਤੇ ਇੱਕ ਹਜ਼ਾਰ ਕੈਨੇਡੀਅਨ ਡਾਲਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਹੁਣ ਤੱਕ ਮਰਹੂਮ ਸ਼ਰੋਮਣੀ ਸਹਿਤਕਾਰ ਗਿਆਨੀ ਕੇਸਰ ਸਿੰਘ ਨਾਵਲਿਸਟ, ਸ਼ਰੋਮਣੀ ਕਵਿਸ਼ਰ ਕਰਨੈਲ ਸਿੰਘ ਪਾਰਸ, ਸ਼ਰੋਮਣੀ ਸਾਹਿਤਕਾਰ ਗੁਰਦੇਵ ਸਿੰਘ ਮਾਨ, ਸ਼ਰੋਮਣੀ ਸਾਹਿਤਕਾਰ ਗੁਰਚਰਨ ਰਾਮਪੁਰੀ, ਸ੍ਰੀ ਜੋਗਿੰਦਰ ਸ਼ਮਸ਼ੇਰ, ਮਰਹੂਮ ਸ਼ਰੋਮਣੀ ਸਾਹਿਤਕਾਰ ਡਾ.ਦਰਸ਼ਨ ਗਿੱਲ, ਸ਼ਰੋਮਣੀ ਸਾਹਿਤਕਾਰ ਨਵਤੇਜ ਭਾਰਤੀ, ਬੀਬੀ ਬਲਬੀਰ ਕੌਰ ਸੰਘੇੜਾ, ਸ੍ਰੀ ਨਦੀਮ ਪਰਮਾਰ, ਇਕਬਾਲ ਰਾਮੂਵਾਲੀਆ, ਜਰਨੈਲ ਸੇਖਾ, ਕਹਾਣੀਕਾਰ ਜਰਨੈਲ ਸਿੰਘ, ਸਾਧੂ ਬਿਨਿੰਗ, ਮੰਗਾ ਬਾਸੀ, ਮੋਹਨ ਗਿੱਲ, ਸ੍ਰੀ ਅਜਮੇਰ ਰੋਡੇ ਦਾ ਸਾਹਿਤਕ ਯੋਗਦਾਨ ਲਈ ਸਨਮਾਨ ਕਰ ਚੁੱਕੀ ਹੈ।
ਸਭਾ ਵੱਲੋਂ ਸਾਲ 2011 ਵਿਚ ਅਲਬਰਟਾ ਸੂਬੇ ਦੀ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਗਈ।ਇਸ ਤੋਂ ਇਲਾਵਾ ਨਵੀਂ ਪੀੜੀ ਨੂੰ ਪੰਜਾਬੀ ਬੋਲੀ ਅਤੇ ਸਾਹਿਤ ਨਾਲ ਜੋੜਨ ਤਹਿਤ ਹਰੇਕ ਸਾਲ ਬੱਚਿਆਂ ਦੇ ਪੰਜਾਬੀ ਬੋਲਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਕੈਲਗਰੀ ਪਹੁੰਚੇ ਪ੍ਰਸਿੱਧ ਲੇਖਕਾਂ ਨਾਲ ਸਾਹਿਤਕ ਮਿਲਣੀ ਆਦਿ ਦੇ ਪੋ੍ਰਗਾਰਮ ਉਲੀਕੇ ਜਾਂਦੇ ਹਨ। ਸਭ ਸਮਾਗਮਾਂ ਦਾ ਖ਼ਰਚਾ ਕਾਰਜਕਾਰੀ ਮੈਂਬਰ ਖੁ਼ਦ ਕਰਦੇ ਹਨ। ਪਰ ਜੇਕਰ ਕੋਈ ਪੰਜਾਬੀ ਬੋਲੀ ਪੇ੍ਰਮੀ ਇਸ ਵਿਚ ਹਿੱਸਾ ਪਾਉਂਦਾ ਹੈ ਤਾਂ ਉਸਦਾ ਨਾਮ ਸਲਾਨਾ ਇਸ਼ਤਿਹਾਰ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਜਿਸਦਾ ਬਕਾਇਦਾ ਰਿਕਾਰਡ ਖ਼ਜ਼ਾਨਚੀ ਰੱਖਦਾ ਹੈ।
ਨਵੇਂ ਚੁਣੇ ਗਏ ਪ੍ਰਧਾਨ ਤਰਲੋਚਨ ਸੈਂਭੀ ਅਤੇ ਜਨਰਲ ਸਕੱਤਰ ਬਲਵੀਰ ਗੋਰਾ ਨੇ ਸਭਾ ਦੇ ਸਰਪ੍ਰਸਤ ਜਸਵੰਤ ਸਿੰਘ ਗਿੱਲ ਦੀ ਅਗਵਾਈ ਅਨੁਸਾਰ ਕਿਹਾ ਕਿ ਜਿੱਥੇ ਉਹ ਪਿਛਲੀ ਕਮੇਟੀ ਦੇ ਕੰਮਾਂ ਤੋਂ ਖ਼ੁਸ਼ ਹਨ, ਉੱਥੇ ਹੀ ਉਹ ਸਭ ਕਾਰਜਕਾਰੀ ਮੈਂਬਰਾਂ ਦੀ ਸਲਾਹ ਨਾਲ ਇਹੀ ਯਤਨ ਕਰਨਗੇ ਕਿ ਨਿੱਜ ਤੋਂ ਉੱਪਰ ਉੱਠਕੇ ਪੰਜਾਬੀ ਸਾਹਿਤ, ਬੋਲੀ ਅਤੇ ਨਿੱਗਰ ਸੱਭਿਆਚਾਰਕ ਕਦਰਾਂ-ਕੀਮਤਾਂ ਲਈ ਹੋਰ ਸਾਰਥਿਕ ਯਤਨ ਕੀਤੇ ਜਾਣ। ਉਹਨਾਂ ਕਿਹਾ ਕਿ ਜਿੱਥੇ ਨਵੀਂ ਪੀੜੀ ਨੂੰ ਵਿਦੇਸ਼ਾਂ ਵਿਚ ਪੰਜਾਬੀ ਸਾਹਿਤ ਨਾਲ ਜੋੜਨ ਦੇ ਉਪਰਾਲੇ ਤਹਿਤ ਬੱਚਿਆਂ ਦੇ ਪੰਜਾਬੀ ਬੋਲਣ ਦੇ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਯੁਵਰਾਜ ਸਿੰਘ, ਸਿਮਰਨਪ੍ਰੀਤ ਸਿੰਘ ਅਤੇ ਗੁਰਲੀਨ ਕੌਰ ਨੂੰ ਉਮਰ ਭਰ ਲਈ ਸਭਾ ਦੀ ਮੈਂਬਰਸਿੱਪ ਦਿੱਤੀ ਗਈ ਹੈ ਉੱਥੇ ਸਭਾ ਦੇ ਮੁਕਾਬਲਿਆਂ ਵਿਚ ਸਭ ਤੋਂ ਨਿੱਕੀ ਉਮਰ ਦਾ ਜੇਤੂ ਬੱਚਾ ਸਫ਼ਲ ਮਾਲਵਾ ਨਵੀਆਂ ਪੁਲਾਘਾਂ ਪੁੱਟ ਰਿਹਾ ਹੈ ਤੇ ਇਹ ਬੱਚੇ ਆਉਣ ਵਾਲੇ ਸਮੇਂ ਵਿਚ ਇਸ ਧਰਤੀ ਤੇ ਪੰਜਾਬੀ ਬੋਲੀ ਦਾ ਭੱਵਿਖ਼ ਹਨ। ਉਹਨਾਂ ਪਿਛਲੇ ਸਮੇਂ ਵਿਚ ਹਰ ਤਰ੍ਹਾਂ ਦੇ ਸਹਿਯੋਗ ਲਈ ਪੰਜਾਬੀ ਮੀਡੀਏ ਦਾ ਧੰਨਵਾਦ ਵੀ ਕੀਤਾ ਅਤੇ ਆਸ ਕੀਤੀ ਕਿ ਅੱਗੇ ਤੋਂ ਵੀ ਸਹਿਯੋਗ ਮਿਲਦਾ ਰਹੇਗਾ।