ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦੀ ਸ਼ਤਾਬਦੀ ਸੂਬਾ ਪੱਧਰੀ ਮੁਹਿੰਮ ਸ਼ੁਰੂ
Posted on:- 27-10-2015
ਪੰਜਾਬ ਦੀਆਂ ਤਿੰਨ ਇਨਕਲਾਬੀ ਜੱਥੇਬੰਦੀਆਂ ਇਨਕਲਾਬੀ ਕੇਂਦਰ ਪੰਜਾਬ, ਸੀ ਪੀ ਆਈ ਪ:ਲ (ਨਿਊ ਡੈਮੋਕ੍ਰੇਸੀ), ਲੋਕ ਸੰਗਰਾਮ ਮੰਚ ਪੰਜਾਬ ਵੱਲੋਂ ਗਦਰ ਲਹਿਰ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ 1915 `ਚ ਫਾਸੀ ਚੜ੍ਹਨ ਵਾਲੇ ਸ਼ਹੀਦਾਂ ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰਸਿੰਗ, ਦੋਵੇ ਸਰੈਣ ਸਿੰਘ, ਹਰਨਾਮ ਸਿੰਘ ਸਿਆਲਕੋਟੀ, ਬਖਸ਼ੀਸ਼ ਸਿੰਘ ਅਤੇ ਸਿੰਗਾਪੁਰ ਦੀ ਫੌਜੀ ਬਗਾਵਤ ’ਚ ਸ਼ਹੀਦ ਹੋਏ ਮੁਸਲਿਮ ਫੌਜੀਆਂ ਦੀ ਯਾਦ ਵਿੱਚ 17 ਨਵੰਬਰ ਨੂੰ ਪਿੰਡ ਸਰਾਭਾ ਵਿਖੇ ਸੂਬਾ ਪੱਧਰੀ ਵਿਸ਼ਾਲ ਸ਼ਤਾਬਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਕੰਵਲਜੀਤ ਖੰਨਾ, ਬਲਵੰਤ ਮਖੂ, ਅਜਮੇਰ ਸਿੰਘ ਨੇ ਦੱਸਿਆ ਕਿ ਸੂਬੇ ਭਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵੱਡ ਅਕਾਰੀ ਪੋਸਟਰ ਲਗਾਉਣ ਅਤੇ ਵੱਖ ਵੱਖ ਜ਼ਿਲ੍ਹਿਆਂ ਅਤੇ ਇਲਾਕਿਆ ਵਿੱਚ 3 ਤੋਂ 16 ਨਵੰਬਰ ਤੱਕ 15 ਰੋਜ਼ਾ ਪ੍ਰਚਾਰ ਮੁਹਿੰਮ ਪੂਰੇ ਜ਼ੋਰ ਨਾਲ ਵਿੱਢੀ ਜਾ ਰਹੀ ਹੈ।
ਇਸ ਸ਼ਤਾਬਦੀ ਮੁਹਿੰਮ ਦੌਰਾਨ ਰੈਲੀਆਂ, ਝੰਡਾ ਮਾਰਚ, ਨੁੱਕੜ ਨਾਟਕ, ਅਤੇ ਜਨਤਕ ਮੀਟਿੰਗਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੇ ਜਾ ਰਹੇ ਹੱਥ ਪਰਚਿਆਂ ਰਾਹੀਂ ਕਿਰਤੀ ਵਰਗਾਂ ਨੂੰ ਸ਼ਤਾਬਦੀ ਸਮਾਗਮ ਵਿੱਚ ਪੁੱਜਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਤਿੰਨਾਂ ਆਗੂਆਂ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਜਿੱਥੇ ਲੋਕਾਂ ਨੂੰ ਗਦਰ ਪਾਰਟੀ ਦੇ ਇਤਿਹਾਸ, ਗਦਰੀ ਸੂਰਬੀਰਾਂ ਦੇ ਉਦੇਸ਼, ਕੁਰਬਾਨੀ, ਅਧੂਰੇ ਸੁਪਨਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਲੋਕਾਂ ਨੂੰ ਦੇਸ਼ ਅੰਦਰ ਨਵਉਦਾਰਵਾਦੀ ਨੀਤੀਆਂ ਅਤੇ ਮੋਦੀ ਦੇ ਮੇਕ ਇਨ ਇੰਡੀਆ ਨਾਅਰੇ ਤਹਿਤ ਬੋਲੇ ਜਾ ਰਹੇ ਕਾਰਪੋਰੇਟ ਦੇ ਹੱਲੇ, ਮੋਦੀ ਸਰਕਾਰ ਦੀ ਫਿਰਕੂ ਫਾਸੀਵਾਦੀ ਨੀਤੀਆਂ ਤਹਿਤ ਸਿੱਖਿਆ, ਸੱਭਿਆਚਾਰ ਦੇ ਭਗਵੇਕਰਨ, ਬੋਲਣ ਅਤੇ ਪ੍ਰਗਟਾਵੇ ਦੀ ਆਜਾਦੀ ਨੂੰ ਖੂਨ ਵਿੱਚ ਡੋਬਣ ਦੀ ਸਾਜ਼ਿਸ਼ ਦੇਸ਼ ਦੀ ਜਵਾਨੀ ਮੂਹਰੇ ਮਹਿੰਗੀ ਕੀਤੀ ਜਾ ਰਹੀ ਸਿੱਖਿਆ, ਬੇਰੁਜ਼ਗਾਰੀ ਦੇ ਵਿਸ਼ਾਲ ਦੈਤ ਵਿਰੁੱਧ ਸੁਚੇਤ ਕੀਤਾ ਜਾਵੇਗਾ।
ਇਸ ਮੁਹਿੰਮ ਦੌਰਾਨ ਲੋਕਾਂ ਨੂੰ ਸੰਸਾਰ ਵਪਾਰ ਸੰਸਥਾ ਦੇ ਹਵਾਲੇ ਕਰਨ ਦੀ ਹਾਕਮਾਂ ਨੂੰ ਉਚੇਰੀ ਸਿੱਖਿਆ ਦੇ ਵਿਰੁੱਧ ਵੀ ਲਾਮਬੰਦ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਪੰਜਾਬ ਭਰ ’ਚ ਸ੍ਰੀ ਗੁਰੂ ਗੰਥ ਸਾਹਿਬ ਦੀ ਬੇਅਦਬੀ ਖਿਲਾਫ ਉੱਠੇ ਸਘੰਰਸ਼ ਦੇ ਸਮੱਰਥਨ ’ਚ ਅਤੇ ਫਿਰਕੁ ਇੱਕਸੁਰਤਾ ਬਣਾਈ ਰੱਖਣ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਜਾਵੇਗੀ।ਉਹਨਾਂ ਦੱਸਿਆ ਕਿ ਪੰਜਾਬ ਦੀਆਂ ਦਰਜਨਾਂ ਜਨਤਕ ਜੱਥੇਬੰਦੀਆ ਦੇ ਕਾਰਕੁੰਨ ਹਜ਼ਾਰਾਂ ਦੀ ਗਿਣਤੀ ਵਿੱਚ ਸਰਾਭਾ ਸ਼ਹੀਦੀ ਸਮਾਗਮ ਵਿੱਚ ਪੁੱਜਣਗੇ। ਤਿੰਨਾਂ ਆਗੂਆਂ ਨੇ ਪੰਜਾਬੀਆਂ ਨੂੰ ਪਹਿਲੀ ਨਵੰਬਰ ਨੂੰ ਦੇਸ਼ ਭਗਤ ਯਾਦਗਰ ਕਮੇਟੀ ਵੱਲੋਂ ਸ਼ਹੀਦ ਸਰਾਭਾ ਨੂੰ ਸਮਰਪਿਤ ਜਲੰਧਰ ਵਿਖੇ ਕਰਵਾਏ ਜਾ ਰਹੇ `ਮੇਲਾ ਗਦਰੀ ਬਾਬਿਆਂ ਦਾ ``ਚ`ਪੂਰੇ ਜ਼ੋਰ ਸ਼ੋਰ ਨਾਲ ਪੁੱਜਣ ਦਾ ਸੱਦਾ ਦਿੱਤਾ।