ਪਟਿਆਲਾ ਵਿਖੇ ਹੋਇਆ ਮੋਮਬੱਤੀ ਮਾਰਚ
Posted on:- 19-10-2015
ਪਟਿਆਲਾ : ਦੇਸ਼ ਵਿੱਚ ਦਿਨੋ ਦਿਨ ਫਿਰਕੂ ਮਾਹੌਲ ਵੱਧ ਰਿਹਾ ਹੈ। ਇਕੋ ਹੀ ਵਿਚਾਰਧਾਰਾ ਵਿਚਾਰਾਂ ਦੇ ਭਗਵੇਂਕਰਨ ਦੀ ਵਿਚਾਰਧਾਰਾ ਤੋਂ ਵੱਖਰੇ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਤੇ ਧੱਕੇ ਨਾਲ ਰੋਕ ਦੀਆਂ ਵਾਰਦਾਤਾ ਵੱਧ ਰਹੀਆਂ ਹਨ। 2013 ਵਿੱਚ ਤਰਕਸੀਲ ਵਿਚਾਰਕ ਡਾ. ਨਰੇਂਦਰ ਦਬੋਲਕਰ, ਗੋਵਿੰਦ ਪਨਸਾਰੇ, ਕੰਨੜ ਵਿਦਵਾਨ ਪ੍ਰੋ: ਕਲਬੁਰਗੀ ਵਰਗੇ ਵਿਚਾਰਕਾਂ ਦੇ ਕਤਲ, ਕਿਤਾਬ ਰਿਲੀਜ ਸਮਾਰੋਹ ਵਿਚ ਲੇਖਕ ਸੁਧੇਧਰਾ ਕੁਲਕਰਨੀ ਦੇ ਮੂੰਹ ਤੇ ਕਾਲਖ ਮੱਲ੍ਹਣੀ, ਪਾਕਿਸਤਾਨੀ ਗਾਇਕ ਗੁਲਾਮ ਅਲੀ ਨੂੰ ਗਜ਼ਲਗੋ ਮਰਹੂਮ ਜਗਜੀਤ ਸਿੰਘ ਦੀ ਬਰਸੀ ਤੇ ਸਮਾਗਮ ਨਾ ਕਰਨ ਦੇਣਾ। ਧੌਂਸ ਨਾਲ ਤੇ ਭਗਵੇਂ ਕਰਨ ਦੀ ਵਿਚਾਰਧਾਰਾ ਦੀ ਹਮਾਇਤੀ ਪਾਰਾਟੀਆਂ ਦੀ ਸਰਕਾਰੀ ਹਮਾਇਤ ਨਾਲ ਇਹ ਵਰਤਾਰਾ ਲਗਾਤਾਰ ਵੱਧ ਰਿਹਾ ਹੈ।
ਪੂਰੇ ਦੇਸ਼ ਵਿੱਚ ਫਿਰਕੂ ਘਟਨਾਵਾਂ ਵੱਧ ਰਹੀਆਂ ਹਨ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਇਸ ਦਾ ਅਸਰ ਦਿਨ ਪਰ ਦਿਨ ਵੱਧ ਰਿਹਾ ਹੈ ਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਦਣਦਣਾਉਂਦੀਆਂ ਫਿਰ ਰਹੀਆਂ ਹਨ। ਇਸ ਸਾਰੇ ਵਰਤਾਰੇ ਤੇ ਦੇਸ਼ ਦੇ ਸਾਹਿਤ ਅਕਾਦਮੀ ਐਵਾਰਡ ਵਿਜੇਤਾ ਲੇਖਕਾਂ ਨਯਨ ਤਾਰਾ ਸਹਿਗਲ, ਅਸ਼ੋਕ ਵਾਜਪਾਈ, ਉਦੇ ਪ੍ਰਕਾਸ਼, ਸਾਰਾ ਜੋਜਫ, ਉਰਦੂ ਨਾਵਲਕਾਰ ਰਹਿਮਾਨ ਅੱਬਾਸ, ਮਹਾਰਾਸ਼ਟਰ ਦੇ ਸਟੇਟ ਉਰਦੂ ਸਾਹਿਤ ਅਕਾਦਮੀ ਐਵਾਰਡ ਜੇਤੂ ਤੇ ਸਾਹਿਤ ਅਕਾਦਮੀ ਦੇ ਐਵਾਰਡ ਰਾਸੀ ਸਮੇਤ ਵਾਪਿਸ ਕੀਤੇ ਹਨ।
ਪੰਜਾਬ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਪੀਲ ਤੇ ਪਹਿਲ ਕਦਮੀ ਕਰਦਿਆਂ ਸਭਾ ਦੇ ਸਰਪ੍ਰਸਤ ਤੇ ਸਾਹਿਤ ਅਕਾਦਮੀ ਐਵਾਰਡ ਵਿਜੇਤਾ ਮਸਹੂਰ ਪੰਜਾਬੀ ਨਾਟਕਕਾਰ ਪ੍ਰੋ. ਅਜਮੇਰ ਔਲਖ, ਨਾਵਲਕਾਰ ਗੁਰਬਚਨ ਭੁੱਲਰ, ਕਹਾਣੀਕਾਰ ਵਰਿਆਮ ਸੰਧੂ, ਨਾਟਕਕਾਰ ਆਤਮਜੀਤ ਸਿੰਘ ਉਸ ਤੋਂ ਬਾਅਦ ਲਗਾਤਾਰ ਕਵੀ ਸੁਰਜੀਤ ਪਾਤਰ, ਕਵੀ ਦਰਸ਼ਨ ਬੁੱਟਰ, ਗ਼ਜ਼ਲਗੋਂ ਜਸਵਿੰਦਰ, ਤਰਕਸ਼ੀਲ ਵਿਚਾਰਕ ਮੇਘ ਰਾਜ ਮਿੱਤਰ, ਨਾਵਲਕਾਰ ਤੇ ਕਹਾਣੀਕਾਰ ਪ੍ਰੋ: ਦਲੀਪ ਕੌਰ ਟਿਵਾਣਾ, ਡਾ. ਚਮਨ ਲਾਲ, ਹਰਦੇਵ ਹੌਹਾਨ ਬਲਦੇਵ ਸਿੰਘ ਸੜਕਨਾਮਾ ਤੇ ਹੋਰ ਲਗਾਤਾਰ ਲੜੀ ਲੰਮੀ ਹੁੰਦੀ ਜਾ ਰਹੀ ਹੈ।
ਪੰਜਾਬ ਦਾ ਮਾਹੌਲ ਵੀ ਦਿਨੋ ਦਿਨ ਵਿਗੜਦਾ ਜਾ ਰਿਹਾ ਹੈ। ਫਿਰਕੂ ਸ਼ਕਤੀਆਂ ਪੰਜਾਬ ਦੇ ਅਮਨ ਨੂੰ ਲਾਂਬੂ ਲਾ ਰਹੀਆਂ ਹਨ। ਸਰਕਾਰ ਦੀ ਚੁੱਪ ਹਮਾਇਤ ਜਾਰੀ ਹੈ ਤਾਂ ਕਿ ਲੋਕਾਂ ਦਾ ਧਿਆਨ ਆਪਦੀਆਂ ਮੰਗਾਂ ਤੇ ਕੇਂਦਰਤ ਨਾ ਰਹੇ ਤੇ ਸਰਕਾਰ ਲੋਕਾਂ ਦੇ ਰੋਹ ਤੋਂ ਬਚੀ ਰਹੇ। ਪੰਜਾਬ ਵਿੱਚ ਬਹਿਬਲ ਕਲਾਂ ਤੇ ਕੋਟਕਪੂਰੇ ਵਿੱਚ ਕਾਰਜਕਾਰੀ ਮੈਜਿਸਟ੍ਰੇਟ ਦੀ ਦੇ ਹੁਕਮਾਂ ਤੋਂ ਬਿਨਾਂ ਗੈਰ ਕਾਨੂੰਨੀ ਢੰਗ ਨਾਲ ਗੋਲ੍ਹੀਆਂ ਚਲਾਉਣ, ਦੋ ਵਿਅਕਤੀਆਂ ਨੂੰ ਗੋਲੀਆਂ ਮਾਰਕੇ ਮਾਰਨ, ਵੱਡੀ ਗਿਣਤੀ ਵਿੱਚ ਜ਼ਖਮੀ ਕਰਨ ਦੀ ਪੁਲੀਸ ਦੀ ਤਾਕਤ ਦੀ ਨਾਜਾਇਜ਼ ਵਰਤੋਂ ਕਰਨ ਦੀਆਂ ਘਟਨਾਵਾਂ ਹਨ। ਜਿਸ ਲਈ ਪੰਜਾਬ ਸਰਕਾਰ ਤੇ ਉਸਦੀ ਪੁਲੀਸ ਜ਼ਿੰਮੇਵਾਰ ਹੈ ਜਿਸਨੇ ਇੱਕ ਫਿਰਕੇ ਦੇ ਧਾਰਮਿਕ ਗ੍ਰੰਥ ਨਾਲ ਜੁੱੜੇ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਮਸਲਾ ਹੱਲ ਨਹੀਂ ਕੀਤਾ ਤੇ ਗੋਲੀ ਕਾਂਡ ਨੇ ਇਹ ਮਸਲਾ ਹੋਰ ਵੀ ਗੰਭੀਰ ਤੇ ਭੜਕਾਊ ਬਣਾ ਦਿੱਤਾ।
ਅਸੀਂ ਸਮਝਦੇ ਹਾਂ ਕਿ ਕਿਸਾਨਾਂ ਮਜ਼ਦੂਰਾਂ ਦੇ ਵਿਆਪਕ ਸੰਘਰਸ ਅਤੇ ਬੁਧੀਜੀਵੀਆਂ ਵੱਲੋਂ ਸਥਾਪਤੀ ਦੇ ਵਿਰੋਧ ਦੀ ਲਹਿਰ 'ਚ ਘਿਰੇ ਹੁਕਮਰਾਨ ਇਸ ਕਿਸਮ ਦੇ ਮਸਲਿਆਂ ਨੂੰ ਜਾਣ ਬੁੱਝ ਕੇ ਵਿਗੜਨ ਲਈ ਖੁੱਲਾ ਛੱਡ ਰਹੇ ਹਨ। ਸਭਾ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਫਿਰਕੂ ਸਦਭਾਵਨਾ ਬਦਾਈ ਰੱਖਣ ਤੇ ਸਰਾਰਤੀ ਤੱਤਾਂ ਵਲੋਂ ਲੋਕਾਂ ਦੇ ਧਾਰਮਿਕ ਜਜ਼ਬਾਤ ਨੂੰ ਆਪਣੇ ਸੌੜੇ ਏਜੰਡਿਆਂ ਲਈ ਵਰਤਣ ਦੇ ਖਤਰੇ ਤੋਂ ਚੌਕਸ ਰਹਿਣ।
ਅੱਜ ਦੇ ਮੋਮਬੱਤੀ ਮਾਰਚ ਲਈ ਹੋਈ ਇਕੱਠ ਨੂੰ ਡਾ. ਰਣਜੀਤ ਸਿੰਘ ਘੁੰਮਣ, ਵਿਧੂ ਸ਼ੇਖਰ ਭਾਰਦਵਾਜ, ਭੰਗਵਤ ਕੰਗਣਵਾਲ, ਡਾ. ਦਰਸ਼ਨ ਬੁੱਟਰ, ਡਾ. ਸੁੱਚਾ ਸਿੰਘ ਗਿੱਲ, ਰਮਿੰਦਰ ਸਿੰਘ ਪਟਿਆਲਾ, ਸਤਨਾਮ ਜੰਗਲਨਾਮਾ, ਅਮਨਦੀਪ ਸਿੰਘ ਪੰਜਾਬ ਸਟੂਡੈਂਟ ਯੂਨੀਅਨ, ਡਾ. ਸੁਰਜੀਤ ਲੀ, ਐਡਵੋਕੇਟ ਰਾਜੀਵ ਲੋਹਟ ਬੱਦੀ, ਇਕਵਾਲ ਸੋਮੀਆਂ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਉੱਘੇ ਡਾ. ਦਲੀਪ ਕੌਰ ਟਿਵਾਣਾ, ਤਰਸੇਮ ਲਾਲ ਨੇ ਆਪਣਾ ਸੰਦੇਸ਼ ਦਿੱਤਾ ਤੇ ਇਕੱਠ ਨੇ ਜ਼ਿੰਮੇਵਾਰ ਸਰਕਾਰਾਂ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਅਪੀਲ ਕੀਤੀ। ਲੋਕਾਂ ਨੂੰ ਆਪਣਾ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਇਹਨਾਂ ਬੁਧੀਜੀਵੀਆਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਤੇ ਪੰਜਾਬ ਦੀ ਕੋਟਕਪੂਰਾ ਤੇ ਬਹਿਬਲ ਕਲਾਂ ਦੀ ਘਟਨਾ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ।