ਲੋਕਾਂ ਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ
ਪੰਜਾਬ ਅੰਦਰ ਕੰਮ ਕਰਦੀਆਂ ਤਿੰਨ ਇਨਕਲਾਬੀ ਧਿਰਾਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ, ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਸੰਗਰਾਮ ਮੰਚ ਪੰਜਾਬ ਨੇ ਕੋਟਕਪੂਰਾ ਗੋਲੀ ਕਾਂਡ ਦੀ ਨਿਖੇਧੀ ਕੀਤੀ।
ਸੀ.ਪੀ.ਆਈ. (ਐਮ-ਐਲ) ਨਿਊ ਡੈਮੋਕਰੇਸੀ ਦੇ ਆਗੂ ਕਾਮਰੇਡ ਅਜਮੇਰ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਲੋਕ ਸੰਗਰਾਮ ਮੰਚ ਦੇ ਆਗੂ ਬਲਵੰਤ ਮੱਖੂ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਪੰਜਾਬੀਆਂ ਨੂੰ ਇਹ ਗੱਲ ਅੱਜ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਜਦੋਂ ਹਕੂਮਤ ਖੁਦ ਨੂੰ ਲੋਕ-ਸੰਘਰਸ਼ਾਂ ਅੱਗੇ ਬੇਵੱਸ ਅਤੇ ਲਾਚਾਰ ਮਹਿਸੂਸ ਕਰਦੀ ਹੈ ਤਾਂ ਉਹ ਹਾਰ ਨਹੀਂ ਮੰਨਦੀ, ਸਗੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਰਾਹ ਲੱਭ ਕੇ ਲੋਕ ਸੰਘਰਸ਼ਾਂ ਦੀ ਪਿੱਠ ’ਤੇ ਵਾਰ ਕਰਦੀ ਹੈ। ਆਗੂਆਂ ਨੇ ਕਿਹਾ ਕਿ ਫਰੀਦਕੋਟ ’ਚ ਦੋ ਬੇਦੋਸ਼ੇ ਨੌਜਵਾਨਾਂ ਦਾ ਬਿਨਾਂ ਕਾਰਨ ਪੁਲੀਸ ਵੱਲੋਂ ਵਹਿਸ਼ੀਆਣਾ ਕਤਲ ਕਰਕੇ ਪੰਜਾਬ ’ਚ ਜਿਹੜੀ ਅੱਗ ਲਾਈ ਗਈ ਹੈ ਉਹ ਡੂੰਘੀ ਚਿੰਤਾ ਦਾ ਵਿਸ਼ਾ ਹੈ।