ਜਮਹੂਰੀ ਅਧਿਕਾਰ ਸਭਾ ਵੱਲੋਂ ਸਾਹਿਤਿਕ ਸ਼ਖ਼ਸੀਅਤਾਂ ਦੇ ਰੋਸ-ਪ੍ਰਗਟਾਵੇ ਦੀ ਹਮਾਇਤ
Posted on:- 14-10-2015
''ਜਮਹੂਰੀ ਅਧਿਕਾਰ ਸਭਾ ਦੇਸ਼ ਦੀਆਂ ਅਹਿਮ ਸਾਹਿਤਿਕ ਸ਼ਖਸੀਅਤਾਂ ਵਲੋਂ ਸਾਹਿਤ ਅਕਾਦਮੀ ਦੇ ਇਨਾਮ-ਸਨਮਾਨ ਵਾਪਸ ਕਰਕੇ ਵਿਚਾਰਾਂ ਦੀ ਦੀ ਆਜ਼ਾਦੀ ਦੇ ਹੱਕ ਵਿਚ ਆਵਾਜ਼ ਉਠਾਉਣ ਦੀ ਪੁਰਜ਼ੋਰ ਹਮਾਇਤ ਕਰਦੀ ਹੈ ਅਤੇ ਖ਼ਾਮੋਸ਼ੀ ਨੂੰ ਤੋੜਨ ਦੀ ਪਹਿਲ ਕਰਨ ਵਾਲੀਆਂ ਇਨ੍ਹਾਂ ਸ਼ਖਸੀਅਤਾਂ ਦੇ ਇਸ ਕਦਮ ਦੀ ਤਾਰੀਫ਼ ਕਰਦੀ ਹੈ। ਜਿਨ੍ਹਾਂ ਵਿਚ ਪੰਜਾਬ ਤੋਂ ਸ੍ਰੀ ਗੁਰਬਚਨ ਸਿੰਘ ਭੁੱਲਰ, ਜਮਹੂਰੀ ਅਧਿਕਾਰ ਸਭਾ ਦੇ ਸਰਪ੍ਰਸਤ ਪ੍ਰੋਫੈਸਰ ਅਜਮੇਰ ਸਿੰਘ ਔਲੱਖ, ਪ੍ਰੋਫੈਸਰ ਵਰਿਆਮ ਸਿੰਘ ਸੰਧੂ, ਡਾ. ਆਤਮਜੀਤ, ਸ੍ਰੀ ਮੇਘਰਾਜ ਮਿੱਤਰ, ਸੁਰਜੀਤ ਪਾਤਰ, ਬਲਦੇਵ ਸੜਕਨਾਮਾ, ਗ਼ਜ਼ਲਗੋ ਜਸਵਿੰਦਰ, ਹਰਦੇਵ ਚੌਹਾਨ ਵੀ ਸ਼ਾਮਲ ਹੋ ਗਏ ਹਨ।''
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਰਦਿਆਂ ਕਿਹਾ ਕਿ ਸਭਾ ਦੀ ਸੂਬਾ ਕਮੇਟੀ ਦੀ ਹਾਲ ਹੀ ਵਿਚ 10 ਅਕਤੂਬਰ ਨੂੰ ਹੋਈ ਮੀਟਿੰਗ ਨੇ ਵਿਸ਼ੇਸ਼ ਮਤਾ ਪਾਸ ਕਰਕੇ ਹਿੰਦੂਤਵੀ ਤਾਕਤਾਂ ਵਲੋਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉਪਰ ਚੌਤਰਫ਼ੇ ਹਮਲੇ ਕਰਨ ਅਤੇ ਆਪਣੇ ਭਗਵੇਂਕਰਨ ਦੇ ਏਜੰਡੇ ਨੂੰ ਅੰਜਾਮ ਦੇਣ ਲਈ ਘਿਣਾਉਣੇ ਤੋਂ ਘਿਣਾਉਣੇ ਢੰਗ ਅਪਣਾਕੇ ਫਿਰਕੂ ਪਾਲਾਬੰਦੀ ਕਰਨ, ਖ਼ਾਸ ਕਰਕੇ ਮੁਸਲਿਮ ਘੱਟਗਿਣਤੀਆਂ ਨੂੰ ਹਮਲਿਆਂ ਦਾ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ ਨੂੰ ਇਕ ਬਹੁਤ ਹੀ ਖ਼ਤਰਨਾਕ ਤੇ ਚਿੰਤਾਜਨਕ ਰੁਝਾਨ ਅਤੇ ਸਾਹਿਤਕਾਰਾਂ ਦੇ ਰੋਸ ਨੂੰ ਇਸ ਪਿਛਾਖੜੀ ਕਾਂਗ ਦੇ ਖ਼ਿਲਾਫ਼ ਇਕ ਹਾਂਪੱਖੀ ਪ੍ਰਤੀਕਰਮ ਵਜੋਂ ਨੋਟ ਕੀਤਾ ਹੈ।
ਦਾਦਰੀ ਅਤੇ ਮੈਨਪੁਰੀ ਕਾਂਡ ਇਸ ਦੀਆਂ ਤਾਜ਼ਾ ਮਿਸਾਲਾਂ ਹਨ। ਦਾਦਰੀ ਵਿਚ ਗਿਣੀ-ਮਿਥੀ ਯੋਜਨਾ ਇਕ ਮੁਸਲਮਾਨ ਨੂੰ ਮਾਰਕੇ ਸੱਤਾਧਾਰੀ ਧਿਰ ਦੇ ਖ਼ਾਸ ਚਿਹਰਿਆਂ ਵਲੋਂ ਉਸ ਨੂੰ ਖੁੱਲ੍ਹੇਆਮ ਜਾਇਜ਼ ਵੀ ਠਹਿਰਾਇਆ ਗਿਆ। ਹੁਣ ਮੈਨਪੁਰੀ ਵਿਚ ਇਸੇ ਨਮੂਨੇ 'ਤੇ ਫਿਰਕੂ ਸਾੜਫੂਕ ਕੀਤੀ ਗਈ ਹੈ। ਸਭਾ ਸਮਝਦੀ ਹੈ ਕਿ ਵੱਖਰੇ ਵਿਚਾਰ ਆਜ਼ਾਦ ਮਨ ਅਤੇ ਜਮਹੂਰੀ ਮੁੱਲਾਂ ਦਾ ਲਾਜ਼ਮੀ ਹਿੱਸਾ ਹਨ। ਅਜੋਕੇ ਨਾਜ਼ੁਕ ਮੋੜ ਉਪਰ ਜਦੋਂ ਵੱਖਰੇ ਵਿਚਾਰ ਰੱਖਣ ਦੇ ਹੱਕ ਉਪਰ ਫਾਸ਼ੀਵਾਦੀ ਹਮਲੇ ਹੋ ਹਨ, ਦੇਸ਼ ਦੇ ਲੋਕਾਂ ਨੂੰ ਸੁਚੇਤ ਤੇ ਜਾਗਰੂਕ ਕਰਨਾ ਸਾਹਿਤਕਾਰਾਂ, ਚਿੰਤਕਾਂ ਅਤੇ ਸਮੂਹ ਬੁੱਧੀਜੀਵੀ ਤੇ ਜਮਹੂਰੀ ਤਾਕਤਾਂ ਦਾ ਇਤਿਹਾਸਕ ਫਰਜ਼ ਹੈ। ਅਜਿਹੇ ਨਾਜ਼ੁਕ ਸਮਿਆਂ 'ਚ ਖ਼ਾਮੋਸ਼ੀ ਤੋੜਨੀ ਬਹੁਤ ਜ਼ਰੂਰੀ ਹੈ ਕਿਉਂਕਿ ਖ਼ਾਮੋਸ਼ੀ ਨੂੰ ਪਿਛਾਖੜੀ ਤਾਕਤਾਂ ਆਪਣੇ ਹੱਕ ਵਿਚ ਵਰਤਦੀਆਂ ਹਨ।
ਪ੍ਰੋਫੈਸਰ ਕਲਬੁਰਗੀ ਵਰਗੀਆਂ ਸ਼ਖਸੀਅਤਾਂ ਦੇ ਕਤਲਾਂ ਉਪਰ ਸਾਹਿਤ ਅਕਾਦਮੀ ਵਰਗੀਆਂ ਸੰਸਥਾਵਾਂ ਦੀ ਸੋਚੀ-ਸਮਝੀ ਖ਼ਾਮੋਸ਼ੀ ਅਤੇ ਫਿਰਕੂ ਮਨਸੂਬਿਆਂ ਦੇ ਖ਼ਿਲਾਫ਼ ਜ਼ਮੀਰ ਦੀ ਆਵਾਜ਼ ਉਠਾਉਣ ਵਾਲੇ ਸਮੂਹ ਸਾਹਿਤਕਾਰ ਵਧਾਈ ਦੇ ਪਾਤਰ ਹਨ। ਇਨ੍ਹਾਂ ਨੇ ਇਤਿਹਾਸਕ ਫਰਜ਼ ਪਛਾਣਿਆ ਅਤੇ ਫਾਸ਼ੀਵਾਦੀ ਰੁਝਾਨ ਦਾ ਵਿਰੋਧ ਕਰਨ ਲਈ ਅੱਗੇ ਆਏ। ਸਭਾ ਸਮੂਹ ਜਮਹੂਰੀਅਤਪਸੰਦ ਤੇ ਅਗਾਂਹਵਧੂ ਤਾਕਤਾਂ ਨੂੰ ਵਿਚਾਰਾਂ ਦੀ ਆਜ਼ਾਦੀ ਦੀ ਰਾਖੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਰੋਸ-ਪ੍ਰਗਟਾਵੇ ਨੂੰ ਇਕ ਵਿਸ਼ਾਲ ਵਿਰੋਧ ਲਹਿਰ ਬਣਾਉਣ ਦਾ ਸੱਦਾ ਦਿੰਦੀ ਹੈ।
-ਬੂਟਾ ਸਿੰਘ