ਪਾਈਪਾਂ ਪਾਉਣ ਲਈ ਨਹਿਰ ਕਰਮਚਾਰੀਆਂ ਨੇ ਉਜਾੜੀ ਕਿਸਾਨ ਦੀ ਸਫ਼ੈਦੇ ਦੀ ਫ਼ਸਲ
Posted on:- 07-10-2015
ਪੀੜਿਤ ਪਰਿਵਾਰ ਨੂੰ ਬੂਟੇ ਗਿਣ ਕੇ ਮੁਆਵਜ਼ਾ ਦੇ ਦਿੱਤਾ ਜਾਵੇਗਾ -ਐਕਸੀਅਨ ਜੌੜਾ
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਕੰਡੀ ਕਨਾਲ ਫ਼ੇਜ਼ 2 ਵੱਲੋਂ ਕਿਸਾਨਾਂ ਨੂੰ ਦਿਖ਼ਾਏ ਜਾ ਰਹੇ ਸਬਜ਼ਬਾਗ ਅਤੇ ਸਿੰਚਾਈ ਲਈ ਦਿੱਤੇ ਜਾ ਰਹੇ ਪਾਣੀ ਦੇ ਲਾਰਿਆਂ ਅਧੀਨ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਕਿਵੇਂ ਤੋੜਿਆ ਜਾ ਰਿਹਾ ਹੈ ਦੀ ਤਾਜ਼ਾ ਮਿਸਾਲ ਪਹਾੜੀ ਖਿੱਤੇ ਦੇ ਪਿੰਡ ਲਲਵਾਣ ਦੇ ਬਾਹਰਵਾਰ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਵਿਭਾਗ ਦੇ ਠੇਕੇਦਾਰਾਂ ਨੇ ਪਾਣੀ ਦੀ ਵਿਛਾਈ ਜਾ ਰਹੀ ਪਾਈਪ ਅਧੀਨ ਇੱਕ ਕਿਸਾਨ ਦੀ ਡੇਢ ਕਿੱਲੇ ਵਿਚ ਬੀਜੀ ਸਫ਼ੈਦੇ ਦੀ ਫ਼ਸਲ ਉਜਾੜ ਦਿੱਤੀ। 700 ਤੋਂ ਵੱਧ ਸਫ਼ੈਦਿਆਂ ਨੂੰ ਢਹਿ ਢੇਰੀ ਦੇਖ਼ ਕੇ ਪੀੜਿਤ ਪਰਿਵਾਰ ਰੋਣ ਹਾਕਾ ਹੋ ਗਿਆ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਤੁਰੰਤ ਕਥਿਤ ਦੋਸ਼ੀ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਪੁੱਤਰ ਪ੍ਰਕਾਸ਼ ਰਾਮ, ਆਰਤੀ ਪਤਨੀ, ਕੁਲਦੀਪ ਸਿੰਘ ਕਾਲਾ ਨੇ ਦੱਸਿਆ ਕਿ ਕੰਡੀ ਕਨਾਲ ਫ਼ੇਜ਼ 2 ਜੋ ਕਿ ਅਜੇ ਚਾਲੂ ਹੋਣੀ ਹੈ ਵਿੱਚੋਂ ਕਿਸਾਨਾਂ ਨੂੰ ਪਾਣੀ ਦੀ ਦਿੱਤੀ ਜਾ ਰਹੀ ਸੁਵਿਧਾ ਲਈ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਇਸ ਕੰਮ ਲਈ ਨਿਯੁਕਤ ਠੇਕੇਦਾਰ ਦੇ ਕਰਿੰਦੇ ਅੱਜ ਸਵੇਰੇ ਉਨ੍ਹਾਂ ਦੇ ਘਰ ਆਏ ਅਤੇ ਕਿਹਾ ਕਿ ਪਾਈਪਾਂ ਵਿਛਾਉਣੀਆਂ ਹਨ ਅਤੇ ਆਪਣੇ ਖੇਤਾਂ ਵਿੱਚੋਂ ਸਫ਼ੈਦੇ ਵੱਢ ਲੈਣ। ਉਨ੍ਹਾਂ ਕਿਹਾ ਜਦੋਂ ਉਹ ਤੁੰਰਤ ਆਪਣੇ ਖੇਤਾਂ ਵਿਚ ਪਹੁੰਚੇ ਤਾਂ ਕਰਿੰਦਿਆਂ ਨੇ ਜੇ ਸੀ ਬੀ ਮਸ਼ੀਨਾਂ ਨਾਲ ਉਸ ਦੇ ਡੇਢ ਕਿੱਲੇ ਵਿਚ ਬੀਜੇ 700 ਤੋਂ ਵੱਧ ਸਫ਼ੈਦੇ ਦੇ ਦਰਖ਼ਤ ਮਸ਼ੀਨਾਂ ਨਾਲ ਪੁੱਟ ਦਿੱਤੇ। ਉਨ੍ਹਾਂ ਦੱਸਿਆ ਕਿ ਪਾਈਪਾਂ ਵਿਛਾਉਣ ਵਾਲੇ ਕਰਿੰਦਿਆਂ ਨੇ ਆਸ ਪਾਸ ਦੇ ਕਿਸਾਨਾਂ ਦੇ ਬੂਟੇ ਬਚਾਉਂਦੇ ਹੋਏ ਪਾਈਪ ਵਿਛਾਉਣ ਦਾ ਕੰਮ ਨੇਪਰੇ ਚਾੜ੍ਹਿਆ ਜਦਕਿ ਉਨ੍ਹਾਂ ਦੇ ਡੇਢ ਕਿੱਲੇ ਦੀ ਸਫ਼ੈਦਿਆਂ ਦੀ ਫ਼ਸਲ ਦਾ ਪੂਰੀ ਤਰਾਂ ਉਜਾੜਾ ਕਰ ਦਿੱਤਾ।
ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਫ਼ਸਲ ਦਾ ਨੁਕਸਾਨ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਵਿਭਾਗ ਦੇ ਐਕਸੀਅਨ ਐਚ ਐਸ ਜੌੜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਬੂਟੇ ਗਿਣ ਕੇ ਉਨ੍ਹਾਂ ਨੂੰ ਸਰਕਾਰੀ ਤੌਰ ’ਤੇ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਹਰ ਉਸ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਜਿਸ ਦੀ ਫ਼ਸਲ ਇਸ ਕੰਮ ਦੌਰਾਨ ਖ਼ਰਾਬ ਹੋਈ ਹੈ।