ਸਾਕਾ ਨੀਲਾ ਤਾਰਾ ਦੀ ਕਮਾਨ ਸਾਂਭਣ ਵਾਲੇ ਲੈਫ਼ਟੀਨੈਂਟ ’ਤੇ ਹਮਲਾ
Posted on:- 03-10-2012
ਸਾਕਾ ਨੀਲਾ ਤਾਰਾ ਦੀ ਅਗਵਾਈ ਕਰਨ ਵਾਲੇ ਰਿਟਾਇਰਡ ਲੈਫਟੀਨੈਂਟ ਜਨਰਲ ਕੇ. ਐੱਸ. ਬਰਾੜ ਉੱਤੇ ਲੰਦਨ ਵਿੱਚ ਹਮਲਾ ਕੀਤਾ ਗਿਆ ਹੈ । ਲੰਦਨ ਪੁਲਿਸ ਨੇ ਬਿਨਾਂ ਨਾਮ ਦੱਸੇ ਹਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਲੰਦਨ ਵਿੱਚ ਐਤਵਾਰ ਰਾਤ ਨੂੰ 70 ਸਾਲ ਤੋਂ ਜ਼ਿਆਦਾ ਉਮਰ ਦੇ ਇੱਕ ਵਿਅਕਤੀ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ।
ਜਨਰਲ ਬਰਾੜ ਇੱਕ ਨਿਜੀ ਦੌਰੇ ਉੱਤੇ ਲੰਦਨ ਆਏ ਸਨ ਅਤੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ।
ਜਨਰਲ ਬਰਾੜ 1984 ਵਿੱਚ ਮੇਰਠ ਸਥਿਤ 9 ਡਿਵੀਜ਼ਨ ਦੇ ਕਮਾਂਡਰ ਸਨ, ਜਦੋਂ ਉਨ੍ਹਾਂ ਨੂੰ ਜਨਰਲ ਕ੍ਰਿਸ਼ਨਾਸਵਾਮੀ ਨਾਲ ਮਿਲ ਕੇ ਨੀਲਾ ਤਾਰਾ ਅਪਰੇਸ਼ਨ ਦੀ ਕਮਾਨ ਸੰਭਾਲਣ ਦਾ ਬੁਲਾਵਾ ਆਇਆ ਸੀ। ਦਰਬਾਰ ਸਾਹਿਬ ਵਿੱਚ ਇਸ ਫੌਜੀ ਕਾਰਵਾਈ ਤੋਂ ਸਿੱਖ ਭਾਈਚਾਰੇ ਵਿੱਚ ਜੋ ਰੋਹ ਜਾਗਿਆ, ਉਹ ਅੱਜ ਵੀ ਧੁਖ਼ ਰਿਹਾ ਹੈ। ਦਰਬਾਰ ਸਾਹਿਬ ਸਮੂਹ ਵਿੱਚ ਨੀਲਾ ਤਾਰਾ ਸਾਕੇ ਦੀ ਯਾਦਗਾਰ ਉਸਾਰਨ ਦਾ ਜਨਰਲ ਬਰਾੜ ਨੇ ਹਾਲ ਹੀ ਵਿਚ ਵਿਰੋਧ ਕੀਤਾ ਸੀ। ਉਨ੍ਹਾਂ ਨੇ ਇਸ ਪ੍ਰਸੰਗ ਵਿੱਚ ਕਿਹਾ ਸੀ ਕਿ ਫੌਜੀ ਕਾਰਵਾਈ ਸਮੇਂ ਦੀ ਲੋੜ ਸੀ ਅਤੇ ਇਹ ਕਿਸੇ ਫਿਰਕੇ ਖਿਲਾਫ਼ ਦੁਰਭਾਵਨਾ ਨਾਲ ਨਹੀਂ ਸੀ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਅੱਲ੍ਹੇ ਜ਼ਖ਼ਮਾਂ ਨੂੰ ਕੁਰੇਦਿਆ ਨਹੀਂ ਜਾਣਾ ਚਾਹੀਦਾ, ਸਗੋਂ ਭਰਨ ਦੇਣਾ ਚਾਹੀਦਾ ਹੈ।