ਪ੍ਰਿੰਸੀਪਲ ਵੱਲੋਂ ਬੋਹਾ ਸਕੂਲ ’ਚ 20 ਲੱਖ ਦਾ ਘਪਲਾ ਜੱਗ ਜ਼ਾਹਿਰ
Posted on:- 17-09-2015
- ਜਸਪਾਲ ਸਿੰਘ ਜੱਸੀ
ਬੋਹਾ, ਮਾਨਸਾ:ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤਰੱਕੀ ਦੇਕੇ ਏ.ਡੀ.ਪੀ.ਆਈ ਦੇ ਅਹੁਦੇ ਉੱਪਰ ਬਿਰਾਜਮਾਨ ਕੀਤੇ ਸਰਕਾਰੀ ਸੈਕੰਡਰੀ ਸਕੂਲ ਬੋਹਾ (ਲੜਕੇ) ਦੇ ਪ੍ਰਿੰਸੀਪਲ ਵੱਲੋਂ ਸ੍ਰੀ ਵਿਜੇ ਕੁਮਾਰ ਭਾਰਦਵਾਜ ਵੱਲੋਂ ਸਕੂਲ ਦੇ ਫੰਡਾਂ ਨੂੰ ਖੁਰਦ ਬੁਰਦ ਕਰਨ ਸਬੰਧੀ ਪਿਛਲੇ ਦਿਨੀਂ ਪ੍ਰੈਸ ਕਲੱਬ ਬੋਹਾ ਵੱਲੋਂ ਚੁੱਕੇ ਮੁੱਦੇ ਦੀ ਲਗਾਤਾਰਤਾ ’ਚ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਾਨਸਾ ਸ੍ਰੀ ਰਜਿੰਦਰ ਮਿੱਤਲ ਸਰਕਾਰੀ ਸੈਕੰਡਰੀ ਸਕੂਲ ’ਚ ਮਾਮਲੇ ਦੀ ਪੜਤਾਲ ਸਬੰਧੀ ਪੁੱਜੇ। ਮੁੱਢਲੀ ਪੜਤਾਲ ਦੌਰਾਨ ਏ.ਡੀ.ਪੀ.ਆਈ ਸ੍ਰੀ ਵਿਜੇ ਭਾਰਦਵਾਜ ਨੇ ਲੱਗਭੱਗ 20 ਲੱਖ ਰੁਪਏ ਫੰਡਾਂ ਦੀ ਹੇਰ-ਫੇਰ ਕੀਤੀ ਗਈ ਸਾਹਮਣੇ ਆਈ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਪੜਤਾਲ ਕਰਨ ਪੁੱਜੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਜਿੰਦਰ ਮਿੱਤਲ ਨੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ। ਸ੍ਰੀ ਮਿੱਤਲ ਨੇ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਦੁਆਰਾ ਪ੍ਰਿੰਸੀਪਲ ਤੋਂ ਵਿਸ਼ੇਸ਼ ਤਰੱਕੀ ਦੇਕੇ ਏ.ਡੀ.ਪੀ.ਆਈ ਦੇ ਅਹੁਦੇ ਨਾਲ ਨਿਵਾਜੇ ਸ੍ਰੀ ਵਿਜੇ ਭਾਰਦਵਾਜ ਨੇ ਬੋਹਾ ਦੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਦੇ ਪ੍ਰਿੰਸਪਲ ਦੇ ਅਹੁਦੇ ਉਪਰ ਰਹਿਦਿਆਂ ਅਮਲਗਾਮੇਟਿਡ ਫੰਡ ਚ 15.26 ਲੱਖ,ਪੀ.ਟੀ.ਏ ਫੰਡ ਚ 1.55 ਲੱਖ,ਸਪਰੋਟਸ ਫੰਡ ਚ 62 ਹਜ਼ਾਰ ਸਮੇਤ ਗਰੀਬ ਬੱਚਿਆਂ ਲਈ ਆਈ ਵਜ਼ੀਫਾ ਰਾਸ਼ੀ 2.90 ਲੱਖ ਰੁਪਏ ਖੁਰਦ ਬੁਰਦ ਕੀਤੇ ਜਾਣ ਦੀ ਸ਼ਨਾਖਤ ਹੋਈ ਹੈ।
ਉਕਤ ਰਾਸ਼ੀ ਵੱਖ ਵੱਖ ਸਮੇਂ ਉਕਤ ਪ੍ਰਿੰਸੀਪਲ ਵੱਲੋ ਸੈਲਫ ਚੈਕਾਂ ਰਾਹੀਂ ਬੈਂਕ ਖਾਤਿਆਂ ਚੋਂ ਕਢਵਾਈ ਗਈ ਹੈ। ਖੁਰਦ-ਬੁਰਦ ਕੀਤੀ ਰਕਮ ਦਾ ਕੋਈ ਵੀ ਇੰਦਰਾਜ ਨਹੀਂ ਕੀਤਾ ਗਿਆ ਅਤੇ ਨਾ ਹੀ ਸਬੰਧਤ ਰਜਿਸਟਰਾਂ ਚ ਕੋਈ ਬਿੱਲ ਚੜਾਇਆ ਗਿਆ ਹੈ।ਸ੍ਰੀ ਮਿੱਤਲ ਨੇ ਦੱਸਿਆ ਕਿ ਆਰ.ਟੀ.ਆਈ ਕਾਰਕੁੰਨ ਸ੍ਰੀ ਜਸਪਾਲ ਸਿੰਘ ਜੱਸੀ ਵੱਲੋਂ ਪਿਛਲੇ ਦਿਨੀ ਜਿਲਾ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਗਿਆ ਸੀ ਕਿ ਏ.ਡੀ.ਪੀ.ਆਈ ਸ੍ਰੀ ਵਿਜੇ ਭਾਰਦਵਾਜ ਨੇ ਬੋਹਾ ਸਕੂਲ ਦਾ ਪ੍ਰਿੰਸੀਪਲ ਹੁੰਦਿਆਂ ਸਕੂਲ ਦੇ ਲੱਖਾਂ ਰੁਪਏ ਦੇ ਫੰਡ ਛਕ-ਛਕਾਅ ਲਏ ਗਏ ਹਨ।ਜਿਸ ਉਪਰੰਤ ਸ੍ਰੀ ਜੱਸੀ ਵੱਲੋ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਨੂੰ ਘੋਖਦਿਆਂ ਅੱਜ ਇਹ ਪੜਤਾਲ ਕੀਤੀ ਗਈ ਹੈ।ਉਨਾਂ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਮਾਮਲਾ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਭੁਪਿੰਦਰ ਰਾਏ ਜੀ ਦੇ ਧਿਆਨ ਚ ਲਿਆ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਦੇਖਦਿਆਂ ਅਗਲੀ ਪ੍ਰਸ਼ਾਸਨਿਕ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।ਜਦ ਇਸ ਸਬੰਧੀ ਸਕੂਲੀ ਫੰਡਾਂ ਚ ਕਥਿਤ ਘਪਲਾ ਕਰਨ ਵਾਲੇ ਪਿ੍ਰੰਸੀਪਲ ਸ੍ਰੀ ਵਿਜੇ ਭਾਰਦਵਾਜ ਨਾਲ ਫੋਨ ਉਪਰ ਸੰਪਰਕ ਕੀਤਾ ਗਿਆ ਤਾਂ ਸ੍ਰੀ ਭਾਰਦਵਾਜ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਸਾਫ ਇੰਨਕਾਰ ਕਰਦਿਆਂ ਕਿਹਾ ਉਨ੍ਹਾਂ ਨੂੰ ਇਸ ਇੰਨਕੁਆਰੀ ਬਾਰੇ ਸੂਚਿਤ ਨਹੀਂ ਕੀਤਾ ਗਿਆ।ਇਸ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇੰਨਾ ਵੱਡਾ ਘਪਲਾ ਮੈਂ ਇਕੱਲਾ ਕਿਵੇਂ ਕਰ ਸਕਦਾ ਹੈ।