ਅਧਿਆਪਕਾਂ ਦੇ ਨਾਦਰਸ਼ਾਹੀ ਫ਼ਰਮਾਨਾ ਤੋਂ ਦੁਖੀ ਮਾਪਿਆਂ ਵਲੋਂ ਇਨਸਾਫ਼ ਦੀ ਮੰਗ
Posted on:- 04-09-2015
ਸਕੂਲ ਦੀ ਸਫ਼ਾਈ, ਦੁਕਾਨਾਂ ਤੋਂ ਰਾਸ਼ਨ ਲਿਆਉਣ, ਲੱਤਾਂ ਘੁੱਟਣ ਤੋਂ ਤੰਗ ਵਿਦਿਆਰਥੀ
- ਸ਼ਿਵ ਕੁਮਾਰ ਬਾਵਾ
ਬਲਾਕ ਮਾਹਿਲਪੁਰ ਦੇ ਪਿੰਡ ਰਾਮਪੁਰ ਸੈਣੀਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕਾਂ ਦੇ ਨਾਦਰਸ਼ਾਹੀ ਫ਼ਰਮਾਨਾਂ ਤੋਂ ਦੁਖੀ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਉਕਤ ਅਧਿਆਪਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਰਾਮਪੁਰ ਸੈਣੀਆਂ ਵਿਖੇ ਅੱਜ ਸਵੇਰੇ ਜਦੋਂ ਪੱਤਰਕਾਰਾਂ ਨੇ ਅੱਠ ਵਜੇ ਦੇ ਕਰੀਬ ਸਕੂਲ ਦਾ ਦੌਰਾ ਕੀਤਾ ਤਾਂ ਉੱਥੇ ਸਕੂਲ ਦੇ ਛੋਟੇ ਛੋਟੇ ਵਿਦਿਆਰਥੀਆਂ ਝਾੜੂਆਂ ਨਾਲ ਸਕੂਲ ਦੀ ਸਫ਼ਾਈ ਕਰ ਰਹੇ ਸਨ। ਸਫ਼ਾਈ ਨਾਲ ਮੁੜਕੋ ਮੁੜਕੀ ਹੋਏ ਸਕੂਲ ਦੀ ਪੰਜਵੀ ਸ਼੍ਰੇਣੀ ਦੇ ਵਿਦਿਆਰਥੀ ਪ੍ਰਮੋਦ ਕੁਮਾਰ, ਚੌਥੀ ਦੇ ਵਿਕਰਮ, ਤੀਸਰੀ ਕਲਾਸ ਦੇ ਰਮਨਦੀਪ ਸਿੰਘ ਅਤੇ ਹੋਰ ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀਆਂ ਦੀ ਨਿੱਤ ਡਿਊਟੀ ਵੱਡੇ ਭੈਣਜੀ ਅਮਿ੍ਰਤ ਕੌਰ ਅਤੇ ਛੋਟੇ ਭੈਣਜੀ ਨਰਿੰਦਰ ਕੌਰ ਵਲੋਂ ਨਿੱਤ ਵਾਰੀ ਵਾਰੀ ਲਗਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇੱਕ ਘੰਟਾ ਸਫ਼ਾਈ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਜਾਰ ਤੋਂ ਮਿਡ ਡੇ ਮੀਲ ਦੇ ਖਾਣੇ ਲਈ ਸਮਾਨ ਲਿਆਉਣਾ ਪੈਂਦਾ ਹੈ, ਉਸ ਤੋਂ ਵੱਡੇ ਭੈਣ ਜੀ ਦੀਆਂ ਲੱਤਾਂ ਵੀ ਘੁੱਟਣੀਆਂ ਪੈਂਦੀਆਂ ਹਨ ਅਤੇ ਜਦੋਂ ਉਹ ਕਲਾਸ ਵਿਚ ਸੌਂ ਜਾਂਦੇ ਹਨ ਤਾਂ ਉਨ੍ਹਾਂ ਪੱਖੀ ਵੀ ਝੱਲਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਵਿਦਿਆਰਥੀ ਅਜਿਹੇ ਕੰਮ ਕਰਨ ਤੋਂ ਇੰਨਕਾਰ ਕਰਦਾ ਹੈ ਤਾਂ ਉਸ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਜਾਂਦੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਵੱਡੇ ਭੈਣਜੀ ਦੀਆਂ ਲੱਤਾਂ ਘੁੱਟਣ ਤੋਂ ਇੰਨਕਾਰ ਕਰਨ ’ਤੇ ਇੱਕ ਵਿਦਿਆਰਥਣ ਸਿਮਰਨਜੀਤ ਕੌਰ, ਬੇਸਨਾ ਦੀ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਗਈ ਸੀ ਜਿਸ ਕਾਰਨ ਉਸ ਦੇ ਹੱਥਾਂ ’ਤੇ ਛਾਲੇ ਵੀ ਪੈ ਗਏ ਸਨ ਅਤੇ ਸਲੀਮਾ ਨਾਮ ਦੀ ਲੜਕੀ ਨੂੰ ਇੱਸ ਕਰਕੇ ਕੁੱਟ ਦਿੱਤਾ ਕਿਉਂਕਿ ਉਸ ਨੇ ਵੱਡੇ ਭੈਣਜੀ ਦਾ ਬਾਥਰੂਮ ਸਾਫ਼ ਕਰਨ ਤੋਂ ਇੰਨਕਾਰ ਕਰ ਦਿੱਤਾ ਸੀ।
ਜਦੋਂ ਪੱਤਰਕਾਰਾਂ ਨੇ ਸਕੂਲ ਦਾ ਦੌਰਾ ਕੀਤਾ ਤਾਂ ਵਿਦਿਆਰਥੀ ਝਾੜੂਆਂ ਨਾਲ ਸਕੂਲ ਦੀ ਸਫ਼ਾਈ ਕਰ ਰਹੇ ਸਨ ਜਦਕਿ ਦੋਨੋਂ ਅਧਿਆਪਕ ਵਿਦਿਆਰਥੀਆਂ ਨੂੰ ਸਫ਼ਾਈ ਸਬੰਧੀ ਦਿਸ਼ਾ ਨਿਰਦੇਸ਼ ਦੇ ਰਹੇ ਸਨ। ਇਸ ਸਬੰਧੀ ਜਦੋਂ ਸਫ਼ਾਈ ਕਰਦੇ ਵਿਦਿਆਰਥੀਆਂ ਦੇ ਸਹਮਣੇ ਸਕੂਲ ਮੁਖੀ ਅਮਿ੍ਰਤ ਕੌਰ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕਹਾਰਪੁਰ, ਕੋਠੀ, ਚੰਦੇਲੀ, ਖਾਨਪੁਰ, ਕੈਂਡੋਵਾਲ ਸਮੇਤ ਸਮੂਹ ਸਕੂਲਾਂ ਵਿਚ ਅਜਿਹੇ ਕੰਮ ਵਿਦਿਆਰਥੀ ਹੀ ਕਰਦੇ ਹਨ। ਸਾਡੇ ਕੋਲ ਤਾਂ ਚਪੜਾਸੀ ਵੀ ਨਹੀਂ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਵਾਰੇ ਦੱਸਿਆ ਜਾਵੇ ਤਾਂ ਉਹ ਸਪਸ਼ਟ ਕੀਤਾ ਕਿ ਉੱਚ ਅਧਿਕਾਰੀ ਕਿਹੜੇ ਅਣਜਾਣ ਹਨ।
ਉਨ੍ਹਾਂ ਨੂੰ ਸਭ ਪਤਾ ਹੈ। ਪਿੰਡ ਦੀ ਸਰਪੰਚ ਜਸਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਦੀ ਮੈਨੇਜਿੰਗ ਕਮੇਟੀ ਨੇ ਤਾਂ ਇਸ ਅਧਿਆਪਕਾ ਨੂੰ ਸੁੱਤੀ ਪਈ ਨੂੰ ਵਿਦਿਆਰਥੀਆਂ ਕੋਲੋਂ ਲੱਤਾਂ ਘੁਟਵਾਉਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਸੀ। ਇਸ ਅਧਿਆਪਕਾਂ ਦੀਆਂ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਹਨ ਪਰੰਤੂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਬਲਾਕ ਸਿੱਖਿਆ ਅਧਿਕਾਰੀ ਸ੍ਰੀ ਭਗਵੰਤ ਰਾਏ ਨੇ ਦੱਸਿਆ ਕਿ ਇਸ ਦੀਆਂ ਨਿੱਤ ਸ਼ਿਕਾਇਤਾਂ ਆਉਂਦੀਆਂ ਹਨ ਪਰੰਤੂ ਅਜੇ ਤੱਕ ਲਿਖ਼ਤੀ ਸ਼ਿਕਾਇਤ ਨਹੀਂ ਆਈ ਹੈ। ਪੰਚਾਇਤ ਨੇ ਦੱਸਿਆ ਕਿ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਹੈ।