ਕੈਲਗਰੀ ਫੁੱਟਹਿੱਲ ਦੀ ਜਿਮਨੀ ਚੋਣ ਵਿਰੋਧੀ ਧਿਰ ਵਾਈਲਡਰੋਜ਼ ਦੇ ਪ੍ਰਸਾਦ ਪਾਂਡਾ ਨੇ ਜਿੱਤੀ
Posted on:- 04-09-2015
- ਹਰਬੰਸ ਬੁੱਟਰ
ਕੈਲਗਰੀ: ਕੈਨੇਡਾ ਦੇ ਅਲਬਰਟਾ ਸੂਬੇ ਅੰਦਰ ਮੌਜੂਦਾ ਸੱਤਾਧਾਰੀ ਪਾਰਟੀ ਐਨ ਡੀ ਪੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ 3 ਸਤੰਬਰ 2015 ਨੂੰ ਹੋਈ ਜਿਮਨੀ ਚੋਣ ਦੌਰਾਨ ਆਪਣੀ ਮੁੱਖ ਵਿਰੋਧੀ ਪਾਰਟੀ ਵਾਈਲਡਰੋਜ਼ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ। ਭਾਰਤੀ ਮੂਲ ਦੇ ਵਾਈਲਡਰੋਜ਼ ਪਾਰਟੀ ਦੇ ਜੇਤੂ ਉਮੀਦਵਾਰ ਪ੍ਰਸਾਦ ਪਾਂਡਾ ਨੂੰ 4877 ਵੋਟਾਂ ਪਰਾਪਤ ਹੋਈਆਂ ਜਦੋਂ ਕਿ ਸੱਤਾ ਧਾਰੀ ਪਾਰਟੀ ਦੇ ਉਮੀਦਵਾਰ ਬੌਬ ਹਾਕਸਵਰਥ ਨੂੰ 3270 ਹੀ ਮਿਲੀਆਂ ।1607 ਵੋਟਾਂ ਦੇ ਫਰਕ ਨਾਲ ਹਾਰ ਜਿੱਤ ਦਾ ਫੇਸਲਾ ਕਰਨ ਵਾਲੀ ਇਸ ਜਿਮਨੀ ਚੋਣ ਦੇ ਹਲਕੇ ਵਿੱਚ ਕੁੱਲ 32212 ਵੋਟਾਂ ਹਨ ਪਰ ਸਿਰਫ 12717 ਵੋਟਾਂ ਹੀ ਪੋਲ ਹੋਈਆਂ ਸਨ।ਇਸ ਚੋਣ ਦੰਗਲ ਦੌਰਾਨ ਪਿਛਲੇ 44 ਸਾਲ ਰਾਜ ਕਰ ਚੁੱਕੀ ਪੀ ਸੀ ਪਾਰਟੀ ਨੂੰ 2746 ਵੋਟਾਂ ਮਿਲੀਆਂ ਜਦੋਂ ਕਿ ਇਹਨਾਂ ਦਿਨਾਂ ਵਿੱਚ ਹੀ ਆਉਣ ਵਾਲੀਆਂ ਫੈਡਰਲ ਚੋਣਾ ਦੌਰਾਨ ਕਨੇਡਾ ਦੀ ਸੱਤਾ ਸੰਭਾਲਣ ਦੇ ਸੁਪਨੇ ਦੇਖ ਰਹੀ ਲਿਬਰਲ ਪਾਰਟੀ ਨੂੰ ਸਿਰਫ 791 ਵੋਟਾਂ ਹੀ ਮਿਲੀਆਂ ।
ਇਸ ਚੋਣ ਨਾਲ ਵਿਰੋਧੀ ਧਿਰ ਵਾਈਲਡਰੋਜ਼ ਪਾਰਟੀ ਦੇ ਕੁੱਲ ਮੈਂਬਰਾਂ ਦੀ ਗਿਣਤੀ ਹੁਣ 22 ਹੋ
ਗਈ ਹੈ ਜਦੋਂ ਕਿ 87 ਵਿੱਚੋਂ ਸੱਤਾ ਉੱਪਰ ਕਾਬਜ ਐਨ ਡੀ ਪੀ ਕੋਲ 53 ਸੀਟਾਂ ਹਨ।ਆਮ ਤੌਰ
‘ਤੇ ਜਿਮਨੀ ਚੋਣ ਮੌਕੇ ਹਮੇਸਾ ਹੀ ਸੱਤਾਧਾਰੀ ਪਾਰਟੀ ਜਿੱਤਦੀ ਹੁੰਦੀ ਹੇ ਪਰ ਇਸ ਚੋਣ ਨੇ
ਵੱਖਰਾ ਹੀ ਇਤਿਹਾਸ ਰਚ ਦਿੱਤਾ ਹੈ। ਭਾਰਤੀਮੂਲ ਦੇ ਜੇਤੂ ਉਮੀਦਵਾਰ ਪਰਸਾਦ ਪਾਂਡਾ ਨੂੰ ਇਸ
ਫੈਸਲਾਕੁਨ ਜਿੱਤ ਪਿੱਛੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।