ਹੇਮ ਮਿਸ਼ਰਾ ਨੂੰ ਮਿਲੀ ਜ਼ਮਾਨਤ
Posted on:- 03-09-2015
ਨਾਗਪੁਰ ਦਾ ਅੰਡਾ ਸੈੱਲ ਤੋਂ ਖ਼ਬਰ ਆ ਰਹੀ ਹੈ ਕਿ ਸੱਭਿਆਚਾਰਕ ਕਾਮੇ ਹੇਮ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਹੈ। ਹੇਮ ਮਿਸ਼ਰਾ ਦੋ ਦਿਨ ਤੱਕ ਆਪਣੇ ਘਰ ਵਾਪਿਸ ਆ ਜਾਣਗੇ। ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀ ਅਤੇ ਉੱਘੇ ਨੌਜਵਾਨ ਰੰਗਕਰਮੀ ਹੇਮ ਮਿਸ਼ਰਾ ਨੂੰ ਮਹਾਂਰਾਸ਼ਟਰ ਪੁਲਿਸ ਵੱਲੋਂ ਸਾਲ 2013 ਵਿੱਚ ਗੈਰ-ਕਾਨੂੰਨੀ ਢੰਗ ਨਾਲ ਅਗਵਾ ਕਰਕੇ, ਤਿੰਨ ਦਿਨ ਤੱਕ ਪੁਲਿਸ ਹਿਰਾਸਤ ‘ਚ ਅੰਨ੍ਹਾ ਤਸ਼ੱਦਦ ਢਾਹ ਕੇ ਅਤੇ ਯੂ. ਏ. ਪੀ. ਏ. ਵਰਗੀਆਂ ਸੰਗੀਨ ਧਰਾਵਾਂ ਲਗਾ ਦਿੱਤੀਆਂ ਗਈਆਂ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੋਕ ਸੰਘਰਸ਼ਾਂ ਦੇ ਕਿਸੇ ਨਾ ਕਿਸੇ ਰੂਪ ‘ਚ ਸਮਰਥਕ ਰਹੇ ਕਬੀਰ ਕਲਾ ਮੰਚ ਦੇ ਕਲਾਕਾਰ ਜਤਿਨ ਮਰਾਂਡੀ, ਸ਼ੀਤਲ ਸਾਠੇ, ਉੱਘੇ ਪੱਤਰਕਾਰ ਪ੍ਰਫੁਲ ਝਾਅ, ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਡਾ. ਬਿਨਾਇਕ ਸੇਨ, ਪ੍ਰਸ਼ਾਂਤ ਰਾਹੀ, ਸੀਮਾ ਅਜਾਦ, ਪ੍ਰੋ. ਜੀ ਐਨ ਸਾਈਬਾਬਾ, ਸੁਧੀਰ ਡਵਲੇ, ਅਰੁਣ ਫਰੇਰਾ ਆਦਿ ਅਨੇਕਾਂ ਜਮਹੂਰੀ ਹੱਕਾਂ ਲਈ ਲੜ੍ਹਨ ਵਾਲੇ ਕਾਰਕੁੰਨਾਂ ਉਪਰ ਝੂਠੇ ਕੇਸ ਮੜ੍ਹਨ, ਜੇਲ੍ਹਾਂ ‘ਚ ਸੁੱਟਣ ਤੇ ਮਾਨਸਿਕ ਤੇ ਸਰੀਰਕ ਤਸ਼ੱਦਦ ਕਰਕੇ ਜਮਹੂਰੀ ਹੱਕਾਂ ਦੀ ਅਵਾਜ਼ ਨੂੰ ਬੰਦ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਚੁੱਕੇ ਹਨ।