ਕੰਨੜ ਲੇਖਕ ਕਲਬੁਰਗੀ ਦੀ ਕੀਤੀ ਹੱਤਿਆ ਦੀ ਪੁਰਜ਼ੋਰ ਨਿਖੇਧੀ
Posted on:- 02-09-2015
ਇਨਕਲਾਬੀ ਕੇਂਦਰ ਪੰਜਾਬ ਤੇ ਇਨਕਲਾਬੀ ਨੌਜਵਾਨ ਵਿਬਦਿਆਰਥੀ ਮੰਚ ਵੱਲੋਂ ਕੰਨੜ ਲੇਖਕ, ਤਰਕਸ਼ੀਲ ਆਗੂ, ਸਾਬਕਾ ਕਮਿਊਨਿਸਟ ਤੇ ਜਮਹੂਰੀ ਅਧਿਕਾਰਾਂ ਲਈ ਲੜਨ ਵਾਲੇ ਪ੍ਰੋ. ਮਲੇਅੱਪਾ ਮਾਦਿਆਵਲੱਪਾ ਕਲਬੁਰਗੀ ਦੀ ਕੱਟੜਪੰਥਾਂ ਵੱਲੋਂ ਕੀਤੀ ਗਈ ਹੱਤਿਆ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਸਮੇਂ ਦੋਹਾਂ ਜੱਥੇਬੰਦੀਆਂ ਦੇ ਸੁਬਾਈ ਆਗੂਆਂ ਕੰਵਲਜੀਤ ਖੰਨਾ, ਨਰਾਇਣ ਦੱਤ, ਮਨਦੀਪ ਤੇ ਗੁਰਦੀਪ ਬਾਸੀ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਹਿੰਦੂਤਵੀ ਫਾਸ਼ੀਵਾਦੀ ਹਕੂਮਤ ਦੇ ਭਾਰਤੀ ਰਾਜਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਦੇਸ਼ ਦੇ ਅਗਾਂਹਵਧੂ ਲੇਖਕਾਂ, ਪੱਤਰਕਾਰਾਂ, ਜਮਹੂਰੀ ਕਾਰਕੁੰਨਾਂ ਤੇ ਕਮਿਊਨਿਸਟ ਕਾਰਕੁੰਨਾਂ ਤੇ ਆਗੂਆਂ ਉਪਰ ਇਕ ਤੋਂ ਬਾਅਦ ਇਕ ਕਾਤਲਾਨਾ ਹਮਲੇ ਕੀਤੇ ਜਾ ਰਹੇ ਹਨ।
ਫਿਰਕਾਪ੍ਰਸਤ ਤਾਕਤਾਂ ਵੱਲੋਂ ਦੇਸ਼ ਦੀਆਂ ਕੌਮੀ ਘੱਟਗਿਣਤੀਆਂ ਪ੍ਰਤੀ ਖਾਸਕਰ ਮੁਸਲਮਾਨਾਂ ਪ੍ਰਤੀ ਜਹਿਰ ਉਗਲਿਆ ਜਾ ਰਿਹਾ ਹੈ। ਇਹੀ ਨਹੀਂ ਇਕ ਪਾਸੇ ਇਨ੍ਹਾਂ ਘੱਟਗਿਣਤੀਆਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਆਰਐਸਐਸ ਵਰਗੀਆਂ ਫਿਰਕੂ ਜੱਥੇਬੰਦੀਆਂ ਵੱਲੋਂ ਸ਼ਰੇਆਮ ਹਥਿਆਰਬੰਦ ਮੁਜਾਹਰੇ ਕਰਨ ਤੋਂ ਲੈ ਕੇ ਨਿਰਦੋਸ਼ ਲੋਕਾਂ ਦੇ ਸ਼ਰੇਆਮ ਕਤਲ ਕਰਨ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ। ਆਰਐਸਐਸ ਦੇ ਕੁਲਵਕਤੀ ਨੁਮਾਇੰਦੇ ਮੋਦੀ ਦੇ ਸੱਤਾ ਦੀ ਕੁਰਸੀ ਤੇ ਬੈਠਣ ਬਾਅਦ ਦੇਸ਼ ਅੰਦਰ ਐਮਰਜੈਂਸੀ ਵਰਗੀਆਂ ਹਾਲਤਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਹਰ ਹੱਕੀ ਤੇ ਜਮਹੂਰੀ ਅਵਾਜ਼ ਨੂੰ ਕੁਚਲਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਦੇਸ਼ੀ ਬਦੇਸ਼ੀ ਕਾਰਪੋਰੇਟਾਂ ਦਾ ਚਹੇਤਾ ਨਰੇਂਦਰ ਮੋਦੀ ਦੇਸ਼ ਦੇ ਲੋਕਾਂ ਨੂੰ ਦਹਿਸ਼ਤਯਦਾ ਰੱਖਕੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੇ ਸੇਵਾ ਕਰਨ ਲਈ ਪੱਬਾਂ ਭਾਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਦਾ ਦਾਅਵਾ ਕਰਨ ਵਾਲੇ ਹਾਕਮ ਹੀ ਲੋਕਾਂ ਦੀ ਜਾਨ ਤੇ ਮਾਲ ਦੇ ਸ਼ਿਕਾਰੀ ਬਣ ਚੁੱਕੇ ਹਨ। ਮੌਜੂਦਾ ਧਰਮ ਨਿਰਪੱਖ ਕਹਾਉਂਦੀ ਭਾਰਤੀ ਰਾਜਸੱਤਾ ਫਿਰਕੂ ਕੱਟੜਪੰਥੀ ਤਾਕਤਾਂ ਤੇ ਧਰਮ ਨੂੰ ਹਥਿਆਰ ਬਣਾਕੇ ਜਿੱਥੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਲਾਂਬੂ ਲਾ ਰਹੀ ਹੈ ਉੱਥੇ ਉਹ ਜਬਰੀ ਲੋਕਾਂ ਦੀ ਹੱਕ ਸੱਚ ਤੇ ਜਮਹੂਰੀਅਤ ਦੀ ਅਵਾਜ਼ ਨੂੰ ਬੰਦ ਕਰਨ ’ਚ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਡਾ. ਦਾਭੋਲਕਰ, ਗੋਬਿੰਦਰ ਪਾਨਸਾਰੇ, ਅਵਿਜੀਤ ਰਾਏ ਦਾ ਕਤਲ ਕਰਨ ਵਾਲੇ ਕੱਟੜਪੰਥੀਆਂ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਹੁਣ ਕਲਬੁਰਗੀ ਦੇ ਕਾਤਲਾਂ ਨੂੰ ਲੱਭਣ ਲਈ ਵੀ ਟਾਲ ਮਟੋਲ ਕੀਤੀ ਜਾ ਰਹੀ ਹੈ। ਜਦਕਿ ਦੂਜੇ ਪਾਸੇ ਦੇਸ਼ ਦੇ ਲੋਕਾਂ ਲਈ ਲੜਨ ਵਾਲੇ ਕਾਰਕੁੰਨਾਂ ਉੱਪਰ ਜੂਠੇ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਦੀਆਂ ਸ਼ਲਾਖਾਂ ਪਿੱਛੇ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਫਾਸ਼ੀਵਾਦੀ ਤਾਨਾਸ਼ਾਹੀ ਦਾ ਸਭਨਾਂ ਇਨਕਲਾਬੀ, ਜਨਤਕ, ਜਮਹੂਰੀ, ਤਰਕਸ਼ੀਲ ਤੇ ਅਗਾਂਹਵਧੂ ਜੱਥੇਬੰਦੀਆਂ ਤੇ ਲੇਖਕਾਂ, ਬੁੱਧੀਜੀਵੀਆਂ, ਲੋਕਪੱਖੀ ਕਲਾਕਾਰਾਂ ਨੂੰ ਇਕੱਠੇ ਹੋ ਕੇ ਜ਼ਮੀਨੀ ਪੱਧਰ ਤੇ ਟਾਕਰਾ ਕਰਨ ਦਾ ਸੱਦਾ ਦਿੱਤਾ।