ਪਾਲ ਢਿੱਲੋਂ ਨੇ “ਮੈਂ ਸ਼ੀਸ਼ਾ ਤੇ ਚਿਹਰਾ” ਕੈਲਗਰੀ ਦੇ ਸਾਹਤਿਕ ਪ੍ਰੇਮੀਆਂ ਅੱਗੇ ਰੱਖਿਆ
Posted on:- 12-08-2015
- ਹਰਬੰਸ ਬੁੱਟਰ
ਕੈਲਗਰੀ: ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੇਸਰ ਸਿੰਘ ਨੀਰ, ਪ੍ਰਸ਼ੋਤਮ ਭਾਰਦਵਾਜ ਅਤੇ ਬਰਨਨ, ਬੀ. ਸੀ. ਤੋਂ ਆਏ ਨਾਮਵਰ ਗ਼ਜ਼ਲ-ਗੋ ਪਾਲ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਸਟੇਜ ਦੀ ਕਾਰਵਾਈ ਪਰਮਿੰਦਰ ਗਰੇਵਾਲ ਨੇ ਸੰਭਾਲਦਿਆਂ ਆਪਣੇ ਭਾਈਚਾਰੇ ਵਿੱਚ ਹੋਈਆਂ ਦੁਖਦਾਈ (ਹਰਮਨ ਬੋਪਾਰਾਏ, ਗੁਰਿੰਦਰ ਧਾਲੀਵਾਲ ਵੀਹ ਬਾਈ ਸਾਲਾ ਨੋਜਵਾਨਾਂ ਦੀਆਂ ਕਵੇਲੇ ਦੀਆਂ ਦਿਲ ਕੰਬਾਊ ਮੌਤਾਂ) ਸਾਡੀ ਸਭਾ ਦੇ ਸੁਹਿਰਦ ਮੈਂਬਰ ਮਾ. ਸਰਪਾਲ ਸਿੰਘ ਜੀ ਸੰਘਾ ਅਤੇ ਸਭਾ ਦੇ ਮੈਂਬਰ ਥਾਨਾ ਸਿੰਘ ਗਿੱਲ ਦੇ ਭਹਿਨੋਈ ਸ੍ਰ. ਭਗਵੰਤ ਸਿੰਘ ਦੇ ਸੁਰਗਵਾਸ ਹੋਣ ਦੀਆਂ ਸ਼ੋਕਮਈ ਖ਼ਬਰਾਂ ਸਾਂਝੀਆਂ ਕੀਤੀਆਂ ਇਸ ਤੋਂ ਬਾਅਦ ਕੇਸਰ ਸਿੰਘ ਨੇ ਇਨ੍ਹਾ ਬਾਰੇ ਸੰਖੇਪ ਗੱਲਬਾਤ ਕੀਤੀ ਅਤੇ ਇੱਕ ਮਿੰਟ ਦਾ ਮੋਨਧਾਰ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਅਤੇ ਦੁੱਖੀ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ।ਸਤਨਾਮ ਢਾਅ ਨੇ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਭੇਟ ਕਰਦਿਆਂ ਆਖਿਆ ਕਿ ਇਹਨਾਂ ਸ਼ਖ਼ਸੀਅਤਾਂ ਦੇ ਜਾਣ ਨਾਲ ਨਾ-ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।ਨਰਿੰਦਰ ਢਿੱਲੋਂ ਨੇ ਆਪਣੇ ਇੱਕ ਸਾਥੀ ਨਾਜ਼ਰ ਸਿੰਘ ਦੇ ਇਕਲੋਤੇ ਬੇਟੇ ਦੀ ਦੁੱਖਦਾਈ ਦਾਸਤਾਨ ਸੁਣਾਈ ਤੇ ਕਿਹਾ ਕਿ ਸਾਨੂੰ ਅਪਣਾ ਪੰਜਾਬੀ ਵਿਰਸਾ ਨਾ ਭੁਲਦੇ ਹੋਏ ਦੁੱਖੀ ਪਰਿਵਾਰਾਂ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣਾ ਚਾਹੀਦਾ ਹੈ। ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਅਸੀਂ ਇਸ ਦੁੱਖ ਦੀ ਘੜੀ ਉਹਨਾਂ ਦੇ ਨਾਲ ਹਾਂ। ਉਹਨਾਂ ਨੇ ਆਪਣੇ ਦੋਸਤ ਪਾਲ ਢਿੱਲੋਂ ਨੂੰ ‘ਜੀ ਆਇਆ’ ਆਖਿਆ।
ਪ੍ਰੋਗਰਾਮ ਦੀ ਸ਼ੁਰੂਆਤ ਸਰੂਪ ਸਿੰਘ ਮੰਡੇਰ ਨੇ ਧਰਮ ਵਿੱਚ ਰਾਜਨੀਤੀ ਦੇ ਮਾੜੇ ਪ੍ਰਭਾਵਾਂ ਨੂੰ ਬਿਆਨ ਕਰਦੀ ਕਵੀਸ਼ਰੀ ਨਾਲ ਕੀਤਾ। ਨਵਪ੍ਰੀਤ ਕੌਰ ਨੇ ‘ਹਮਸਫ਼ਰ’ ਨਾਂ ਦੀ ਸਦੀਵੀ ਸਚਾਈ ਬਿਆਨ ਕਰਦੀ, ਭਾਵਪੂਰਤ ਕਵਿਤਾ ਪੇਸ਼ ਕੀਤੀ ਕਿ ਜਦੋਂ ਜੀਵਨ-ਯਾਤਰਾ ਤੇ ਤੁਰਦਿਆਂ ਤੁਰਦਿਆਂ ਤੁਹਾਡਾ ਇੱਕ ਸਾਥੀ ਸਾਥ ਛੱਡ ਜਾਂਦਾ ਹੈ ਤਾਂ ਦੂਜੇ ਦੀ ਜ਼ਿੰਦਗੀ ਕਿਵੇਂ ਕੰਢਿਆਲੇ ਰਾਹਾਂ ਵਿੱਚੀ ਗੁਜ਼ਰਦੀ ਹੈ ਸੁਣਾ ਕੇ ਸਰੋਤਿਆਂ ਨੂੰ ਹਲੂਣ ਦਿੱਤਾ। ਹਰਨੇਕ ਬੱਧਨੀ ਨੇ ਅਮਰੀਕਾ ਵੱਲੋਂ ਹੀਰੋਸ਼ੀਮਾਂ ਵਿੱਚ ਸੁੱਟੇ ਲਿਟਲ ਬੁਆਏ (ਬੰਬ) ਨਾਲ ਹੋਈ ਤਬਾਹੀ ਦੀ ਦੁੱਖਭਰੀ ਯਾਦ ਨੂੰ ਸਾਝਾਂ ਕੀਤਾ ਅਤੇ ਅਮਰੀਕਾ ਵੱਲੋਂ ਵੀ ਇਸ ਵਾਰ ਇਸ ਦੁਖਾਂਤ ਨੂੰ ਮਹਿਸੂਸ ਕਰਨ ‘ਤੇ ਇੱਕ ਸ਼ੁਭ-ਕਰਮ ਦੱਸਿਆ। ਨਾਲ ਹੀ ਇੱਕ ਇਨਕਲਾਬੀ ਕਵਿਤਾ ਵੀ ਸੁਣਾਈ। ਮਾ. ਬਚਿੱਤਰ ਸਿੰਘ ਨੇ ਬਾਪੂ ਕਰਨੈਲ ਸਿੰਘ ਪਾਰਸ ਰਚਨਾ ‘ਜੱਗ ਜੰਗਸ਼ਨ ਰੇਲਾਂ ਦਾ’ ਕਵੀਸ਼ਰੀ ਰੰਗ ‘ਚ ਪੇਸ਼ ਕਰਕੇ ਸਾਰੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਮੈਂ ਚੌਥੀ ਜਮਾਤ ਤੋਂ ਹੀ ਪਾਰਸ ਤੇ ਬਾਬੂ ਰਜ਼ਬ ਅਲੀ ਨੂੰ ਗਾਉਣਾ ਸ਼ੁਰੂ ਕਰ ਦਿੱਤਾ ਸੀ। ਮੈਨੂੰ ਬਾਬੂ ਰਜ਼ਬ ਅਲੀ ਅਤੇ ਕਰਨੈਲ ਸਿੰਘ ਪਾਰਸ ਦੀ ਕਵੀਸ਼ਰੀ ਨੇ ਬਹੁਤ ਪ੍ਰਭਾਵਿਤ ਕੀਤਾ। ਉਹਨਾਂ ਨੇ ਮਾ. ਸਰਪਾਲ ਸਿੰਘ ਸੰਘਾ ਅਤੇ ਭਗਵੰਤ ਸਿੰਘ ਨਾਲ ਆਪਣੀਆਂ ਸਾਂਝਾ ਦਾ ਜ਼ਿਕਰ ਵੀ ਕੀਤਾ।
ਸ਼ਿਵ ਕੁਮਾਰ ਸ਼ਰਮਾਂ ਨੇ ‘ਡੋਲ਼ੀ’ ਨਾਂ ਦੀ ਇੱਕ ਕਵਿਤਾ ਜੋ ਮੌਤ ਅਤੇ ਵਿਆਹ ਦੀ ਡੋਲ਼ੀ ਦਾ ਤੁਲਾਤਮਿਕ ਵਰਨਣ ਕਰਦੀ ਸੀ, ਸੁਣਾ ਕੇ ਸਰੋਤਿਆ ਨੂੰ ਭਾਵਿਕ ਕਰ ਦਿੱਤਾ। ਪ੍ਰਭਦੇਵ ਸਿੰਘ ਗਿੱਲ ਨੇ ਆਪਣੇ ਨਿੱਜੀ ਜੀਵਨ ਬਾਰੇ ਕੁਝ ਵਿਚਾਰ ਪੇਸ਼ ਕੀਤੇ ਅਤੇ ਉਰਦੂ ਦੇ ਕੁਝ ਸ਼ੇਅਰ ਸਾਂਝੇ ਕੀਤੇ। ਜੋਗਾ ਸਿੰਘ ਲੇਹਿਲ ਨੇ ਸੋਗੀ ਮਹੌਲ ਨੂੰ ਬਦਲਣ ਦੀ ਕੋਸ਼ਿਸ਼ ਨਾਲ ਕੁਝ ਹਾਸ ਵਿਅੰਗ ਨਾਲ ਨਾਲ ਹਾਜ਼ਰੀ ਲਗਵਾਈ। ਗੁਰਦੀਸ਼ ਗਰੇਵਾਲ ਨੇ ਤੀਆਂ ਦਾ ਗੀਤ ਤਰੰਨਮ ਵਿੱਚ ਸੁਣਾਇਆ ਅਤੇ ਨਾਲ ਹੀ 14 ਅਗਸਤ ਨੂੰ ਆਪਣੀ ਨਵੀਂ ਛਪੀ ਕਿਤਾਬ ਰੀਲੀਜ਼ ਕਰਨ ਬਾਰੇ ਸੂਚਨਾ ਦਿੱਤੀ। ਸਾਰੇ ਹੀ ਸਾਹਿਤ ਪ੍ਰੇਮੀਆਂ ਨੂੰ ਆਉਣ ਲਈ ਸੱਦਾ ਦਿੱਤਾ। ਡਾ. ਹਰਭਜਨ ਸਿੰਘ ਢਿੱਲੋਂ ਨੇ ਵੀ ਇੱਕ ਕਵਿਤਾ ਸੁਣਾਈ। ਪ੍ਰਸ਼ੋਤਮ ਭਰਦਵਾਜ ਨੇ ਹਰਦਿਆਲ ‘ਪ੍ਰਵਾਨਾ’ ਦੀ ਇੱਕ ਗ਼ਜ਼ਲ ਸਾਂਝੀ ਕੀਤੀ। ਕੁਲਦੀਪ ਕੌਰ ਘਟੌੜਾ ਨੇ ਹਲਕੀ ਵਰਜ਼ਿਸ ਬਾਰੇ ਸੁਝਾ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਹਲਕੀ ਹਲਕੀ ਵਰਜ਼ਿਸ ਜ਼ਰੂਰ ਕਰਨੀ ਕਰਨੀ ਚਾਹੀਦੀ ਹੈ।
ਦੂਜੇ ਦੌਰ ਵਿੱਚ ਕੇਸਰ ਸਿੰਘ ਨੀਰ ਨੇ ਬਰਨਨ ਤੋਂ ਆਏ ਸ਼ਾਇਰ ਪਾਲ ਢਿੱਲੋਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਪਾਲ ਨੇ ਸਭਾ ਲਈ ਆਪਣੀਆਂ ਕਿਤਾਬਾਂ ਦਾ ਸੈੱਟ ਅਰਪਨ ਲਿਖਾਰੀ ਸਭਾ ਦੇ ਪ੍ਰਧਾਨ ਕੇਸਰ ਸਿੰਘ ਨੀਰ ਨੂੰ ਭੇਟ ਕੀਤਾ। ਇਸ ਤੋਂ ਬਾਅਦ ਢਿੱਲੋਂ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਮੈਂ ਗੀਤਕਾਰੀ ਤੋਂ ਗ਼ਜ਼ਲ ਲਿਖਣ ਵੱਲ ਆਇਆ। ਪਾਲ ਨੇ ਆਪਣੀਆਂ ਗ਼ਜ਼ਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਰੋਤਿਆਂ ਵੱਲੋਂ ਬਹੁਤ ਸਲਾਹੀਆਂ ਗਈਆਂ। ਉਹਨਾਂ ਨੇ ਆਪਣੀ ਨਵੀਂ ਛਪੀ ਕਿਤਾਬ ‘ਮੈਂ ਸ਼ੀਸ਼ਾ ਤੇ ਚੇਹਰਾ’ ਵਿੱਚੋਂ ਦੋ ਗ਼ਜ਼ਲਾਂ ਜਿਨ੍ਹਾਂ ਦੇ ਬੜੇ ਹੀ ਜਾਨਦਾਰ ਸ਼ੇਅਰ ਸਨ, ਤਰੰਨਮ ਵਿੱਚ ਸੁਣਾ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਗੁਰਦਿਆਲ ਖੈਹਿਰਾ ਨੇ ਨਰਿੰਦਰ ‘ਮਾਨਵ’ ਦੀ ਇੱਕ ਗ਼ਜ਼ਲ ਸੁਣਾਈ। ਜਰਨੈਲ਼ ਸਿੰਘ ਤੱਗੜ ਨੇ ਵੀ ਆਪਣੀ ਇੱਕ ਕਵਿਤਾ ਸਾਂਝੀ ਕੀਤੀ। ਸੁਰਜੀਤ ਹੇਅਰ ਨੇ ਗੁਰਦੀਪ ਦੋਸਾਝ ਦੀ ਗ਼ਜ਼ਲ ਸੁਣਾ ਕੇ ਸਰੋਤਿਆਂ ਪ੍ਰਭਵਿਤ ਕੀਤਾ।ਜੱਸ ਚਾਹਲ ਨੇ ‘ਸਰਬ ਅਕਾਲ ਸੰਗੀਤ ਅਕੈਡਮੀ’ ਜੋ ਬੱਚਿਆਂ ਨੂੰ ਸੰਗੀਤ ਸਿਖਾਣ ਲਈ ਵਧੀਆ ਉਪਰਾਲਾ ਕਰ ਰਹੀ ਹੈ, ਬਾਰੇ ਸੂਚਨਾ ਦਿੱਤੀ।
ਅਖ਼ੀਰ ‘ਤੇ ਸਭਾ ਦੇ ਪ੍ਰਧਾਨ ਕੇਸਰ ਸਿੰਘ ਨੀਰ ਨੇ ਆਏ ਹੋਏ ਸਾਹਿਤਕ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਪਾਲ ਢਿੱਲੋਂ ਦੀਆਂ ਗ਼ਜ਼ਲਾਂ ਦੀ ਪ੍ਰਸੰਸਾ ਕੀਤੀ। ਅਗਲੀ ਮੀਟਿੰਗ 12 ਸਤੰਬਰ ਨੂੰ ਕੋਸੋ ਦੇ ਹਾਲ ਵਿੱਚ ਹੋਣ ਦੀ ਸੂਚਨਾ ਸਾਂਝੀ ਕੀਤੀ।