ਦਰਜਨਾਂ ਪਿੰਡਾਂ ’ਚੋਂ ਸੈਂਕੜੇ ਔਰਤਾਂ ਕਰਨਗੀਆਂ ਕਿਰਨਜੀਤ ਕੌਰ ਮਹਿਲ ਕਲਾਂ ਦੀ ਬਰਸੀ ’ਚ ਸ਼ਮੂਲੀਅਤ
Posted on:- 10-08-2015
ਸ਼ਹੀਦ ਕਿਰਨਜੀਤ ਕੌਰ ਦੀ 18ਵੀਂ ਬਰਸੀ ਉੱਤੇ ਵੱਡੀ ਔਰਤ ਲਾਮਬੰਦੀ ਕਰਨ ਲਈ ਬਰਨਾਲਾ ਜ਼ਿਲ੍ਹੇ ਅੰਦਰ ਸਰਗਰਮ ਔਰਤ ਕਾਰਕੁੰਨਾਂ ਦੀ ਵਿਸ਼ੇਸ਼ ਟੀਮ ਵੱਲੋਂ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਬਰਸੀ ਸਮਾਗਮ ਵਿਚ ਜੁਝਾਰੂ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਅੱਜ ਪਿੰਡ ਮੂੰਮ, ਧਨੇਰ, ਕਾਲਸਾਂ, ਮਾਂਗੇਵਾਲ, ਮਹਿਲ ਕਲਾਂ ਤੇ ਠੁਲੀਵਾਲ ਵਿਖੇ ਔਰਤਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਸ ਸਮੇਂ ਔਰਤ ਆਗੂ ਮੈਡਮ ਪ੍ਰੇਮਪਾਲ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ ਸ਼ਹਿਣਾ, ਅਮਰਜੀਤ ਕੌਰ ਜੋਧਪੁਰ, ਗੁਰਮੀਤ ਕਾਲਸਾਂ, ਹਰਬੰਸ ਕੌਰ ਧਨੇਰ, ਪਰਮਜੀਤ ਕੌਰ ਠੁਲੀਵਾਲ ਤੇ ਬਰਿੰਦਰ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਰਨਜੀਤ ਕੌਰ ਦੀ ਸ਼ਹਾਦਤ ਨੇ ਔਰਤਾਂ ਉੱਤੇ ਹੋ ਰਹੇ ਬੇਤਹਾਸ਼ਾ ਜਬਰ ਖਿਲਾਫ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ ਹੈ।
ਇਸ ਸੰਘਰਸ਼ ਨੇ ਸਮਾਜ ਅੰਦਰ ਪੁਲਿਸ, ਸਿਆਸੀ, ਗੁੰਡਾ ਤੇ ਅਦਾਲਤੀ ਗੱਠਜੋੜ ਖਿਲਾਫ ਦੋ ਦਹਾਕੇ ਦੇ ਲਗਭਗ ਸਿਰੜੀ ਸੰਘਰਸ਼ ਲੜਿਆ ਹੈ। ਇਸ ਸੰਘਰਸ਼ ਨੇ ਇਲਾਕੇ ਅਤੇ ਪੰਜਾਬ ਭਰ ਅੰਦਰ ਔਰਤਾਂ ਉਪਰ ਹੋ ਰਹੇ ਘਰੇਲੂ, ਸਮਾਜਿਕ ਤੇ ਰਾਜਕੀ ਜਬਰ ਖਿਾਲਫ ਜੂਝਣ ਦੀ ਮਿਸਾਲ ਕਾਇਮ ਕੀਤੀ ਹੈ। ਅੱਜ ਔਰਤ ਸਮਾਜ ਅੰਦਰ ਆਰਥਿਕ, ਸਮਾਜਿਕ ਤੇ ਸਿਆਸੀ ਲੁੱਟ, ਜਬਰ ਤੇ ਅਨਿਆਂ ਦਾ ਸ਼ਿਕਾਰ ਹੈ ਇਸ ਲੁੱਟ, ਜਬਰ ਤੇ ਅਨਿਆਂ ਖਿਲਾਫ ਔਰਤਾਂ ਨੂੰ ਵਿਸ਼ਾਲ ਜਨਤਕ ਲਾਮਬੰਦੀ ਕਰਦਿਆਂ ਲੋਟੂ ਤੇ ਜਾਬਰ ਤਾਕਤਾਂ ਖਿਲਾਫ ਸੰਘਰਸ਼ ਦੇ ਮੈਦਾਨ ਵਿਚ ਨਿਤਰਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਔਰਤ ਵਰਗ ਦੀ ਮੁਕਤੀ ਲਈ ਚੇਤੰਨ ਤੇ ਜੁਝਾਰੂ ਔਰਤਾਂ ਦੀ ਇਕਜੁਟ ਔਰਤ ਜੱਥੇਬੰਦੀ ਉਸਾਰਨ ਦੀ ਜ਼ਰੂਰਤ ਹੈ। ਇਸ ਲਈ ਔਰਤਾਂ ਨੂੰ ਘਰ ਦੀਆਂ ਤੰਗ ਵਲਗਣਾਂ ਚੋਂ ਬਾਹਰ ਆ ਕੇ ਔਰਤ ਮੁਕਤੀ ਦੀ ਅਵਾਜ਼ ਨੂੰ ਬੁਲੰਦ ਕਰਨਾ ਸਮੇਂ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਪਿੰਡਾਂ ਦੀਆਂ ਔਰਤਾਂ ਨੂੰ ਕਿਹਾ ਕਿ 12 ਅਗਸਤ ਨੂੰ ਮਹਿਲਕਲਾਂ ਦੀ ਧਰਤੀ ਤੇ ਪੁੱਜ ਕੇ ਉਨ੍ਹਾਂ ਨੂੰ ਲੁੱਟ ਜਬਰ ਖਿਲਾਫ ਸੰਘਰਸ਼ ਦੀ ਲਟ ਲਟ ਬਲਦੀ ਮਿਸਾਲ ਨੂੰ ਜਗਦਾ ਮੱਘਦਾ ਰੱਖਣ ’ਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਨ੍ਹਾਂ ਮੀਟਿੰਗਾਂ ’ਚ ਗੁਰਮੀਤ ਸੁਖਪੁਰਾ, ਅਜਮੇਰ ਕਾਲਸਾਂ, ਮਨਜੀਤ ਧਨੇਰ, ਨਰਾਇਣ ਦੱਤ, ਗੁਰਦੇਵ ਮਾਂਗੇਵਾਲ, ਜਸਵੰਤ ਮਹਿਲ ਕਲਾਂ, ਭਿੰਦਰ ਮੂੰਮ, ਮਹਿੰਦਰ ਮੂੰਮ ਤੇ ਗੁਰਮੇਲ ਸਿੰਘ ਠੁਲੀਵਾਲ ਵੀ ਸ਼ਾਮਲ ਹੋਏ।-ਪ੍ਰੇਮਪਾਲ ਕੌਰ