ਯਾਕੂਬ ਮੈਨਨ ਨੂੰ ਫਾਂਸੀ ਦੀ ਸਜ਼ਾ ’ਤੇ ਰਾਸ਼ਟਰਪਤੀ ਵੱਲੋਂ ਮੋਹਰ ਲਗਾਉਣ ਦੀ ਸਖਤ ਸ਼ਬਦਾਂ ’ਚ ਨਿਖੇਧੀ
Posted on:- 30-07-2015
ਇਨਕਲਾਬੀ ਕੇਂਦਰ ਪੰਜਾਬ ਤੇ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਨੇ ਯਾਕੂਬ ਮੈਨਨ ਨੂੰ ਫਾਂਸੀ ਦੀ ਸਜ਼ਾ ਤੇ ਰਾਸ਼ਟਰਪਤੀ ਵੱਲੋਂ ਮੋਹਰ ਲਗਾ ਦੇਣ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਇਸਨੂੰ ਮਨੁੱਖਤਾ ਖਿਲਾਫ ਭਿਆਨਕ ਜੁਰਮ ਕਰਾਰ ਦਿੱਤਾ। ਉਨ੍ਹਾਂ ਅਜੋਕੇ ਸਮੇਂ ’ਚ ਆਪਣੇ ਆਪ ਨੂੰ ਲੋਕਤੰਤਰੀ ਤੇ ਸੱਭਿਅਕ ਕਹਾਉਂਦੇ ਰਾਜ ਪ੍ਰਬੰਧ ’ਚ ਫਾਂਸੀ ਦੀ ਸਜ਼ਾ ਨੂੰ ਸਿਰੇ ਦਾ ਗੈਰ ਮਨੁੱਖੀ ਕਾਰਾ ਕਰਾਰ ਦਿੰਦਿਆਂ ਕਿਹਾ ਕਿ ਮੌਜੂਦਾ ਰਾਜਪ੍ਰਬੰਧ ਇਸ ਨਾਲ ਆਪਣੀ ਜਾਬਰ ਰਾਜ ਸੱਤਾ ਦਾ ਦਬਦਬਾ ਬਣਾਈ ਰੱਖਣਾ ਚਾਹੁੰਦਾ ਹੈ। ਕੀ ਇਸ ਪ੍ਰਬੰਧ ਨੇ ਗੁਜਰਾਤ ਕਤਲੇਆਮ ਦੇ ਮੁਜਰਿਮਾਂ ਤੇ 1984 ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਹੁਣ ਤੱਕ ਕੋਈ ਸਜ਼ਾ ਦਿੱਤੀ ਹੈ? ਹਿੰਦੂ ਅੰਧ ਰਾਸ਼ਟਰਵਾਦ ਨੂੰ ਪੱਠੇ ਪਾਉਣ ਤੇ ਤੁਲਿਆ ਦੇਸ਼ ਦਾ ਪੱਖਪਾਤੀ ਨਿਆਂਇਕ ਪ੍ਰਬੰਧ ਪਹਿਲਾਂ ਨਿਰਦੋਸ਼ ਅਫਜਲ ਗੁਰੁ ਨੂੰ ਫਾਂਸੀ ਚਾੜਣ ਦਾ ਕੁਕਰਮ ਕਰ ਚੁੱਕਾ ਹੈ ਤੇ ਹੁਣ ਯਾਕੂਬ ਮੈਨਨ ਦੀ ਬਲੀ ਲੈ ਰਿਹਾ ਹੈ। ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਰਾਸ਼ਟਰਪਤੀ ਨੇ ਦੇਸ਼ ਭਰ ਦੀਆਂ ਤਿੰਨ ਸੌ ਦੇ ਲਗਭਗ ਨਾਮਵਾਰ ਹਸਤੀਆਂ ਵੱਲੋਂ ਰਾਸ਼ਟਰਪਤੀ ਤੋਂ ਇਸ ਫਾਂਸੀ ਨੂੰ ਰੱਦ ਕਰਨ ਦੀ ਮੰਗ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਗਿਆ।
ਇਸ ਸਬੰਧੀ ਦੋਹਾਂ ਜੱਥੇਬੰਦੀਆਂ ਦੇ ਆਗੂਆਂ ਕੰਵਲਜੀਤ ਖੰਨਾ ਤੇ ਮਨਦੀਪ ਨੇ ਕਿਹਾ ਕਿ ਯਾਕੂਬ ਮੈਨਨ ਦਾ ਬੰਬਈ ਕਤਲੇਆਮ ’ਚ ਕੋਈ ਸਿੱਧਾ ਹੱਥ ਸਾਬਤ ਨਹੀਂ ਹੋਇਆ। ਪਰ ਸਿਰਫ ਟਾਈਗਰ ਮੈਨਨ ਦਾ ਭਰਾ ਹੋਣ ਕਾਰਨ ਉਸਨੂੰ ਜਾਣ ਬੁੱਝ ਕੇ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੇ ਦੁਨੀਆਂ ਭਰ ’ਚ ਪੂੰਜੀ ਤੇ ਲੁੱਟ ਦੀ ਸਥਾਪਤੀ ਦੇ ਸਰਕਾਰੀ ਅੱਤਵਾਦ ਦੇ ਚਲਦਿਆਂ ਜਿਹੜਾ ਅੱਤਵਾਦ ਲੱਖਾਂ ਲੋਕਾਂ ਨੂੰ ਭੁੱਖ ਤੇ ਬਿਮਾਰੀਆਂ ਨਾਲ ਤਿਲ ਤਿਲ ਮਰਨ ਲਈ ਮਜਬੂਰ ਕਰਦਾ ਹੈ, ਜਿਹੜਾ ਨਾਜੀਵਾਦ ਧਾਰਮਿਕ ਘੱਟ ਗਿਣਤੀਆਂ ਦੇ ਜਜਬਿਆਂ ਦਾ ਕਤਲ ਕਰਦਾ ਹੈ, ਉਸਦੇ ਚਲਦਿਆਂ ਸੰਸਾਰ ਭਰ ’ਚ ਹਰ ਕਿਸਮ ਦੇ ਅੱਤਵਾਦ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਭਾਵੇਂ ਕਿ ਹਰ ਤਰ੍ਹਾਂ ਦਾ ਕੱਟੜਵਾਦ ਲੋਕ ਵਿਰੋਧੀ ਤੇ ਨਿੰਦਣਯੋਗ ਹੈ। ਉਨ੍ਹਾਂ ਫਾਂਸੀ ਦੀ ਇਸ ਸਜ਼ਾ ਨੂੰ ਦੇਸ਼ ਦੇ ਨਿਆਂਇਕ ਪ੍ਰਬੰਧ ਉੱਤੇ ਇਕ ਹੋਰ ਕਾਲਾ ਧੱਬਾ ਕਰਾਰ ਦਿੰਦਿਆਂ ਤੇ ਇਸ ਘਿਣਾਉਣੀ ਕਾਰਵਾਈ ਦੀ ਸਖਤ ਨਿੰਦਾ ਕਰਦਿਆਂ ਲੋਕਾਂ ਨੂੰ ਇਸ ਪ੍ਰਬੰਧ ਤੋਂ ਨਿਆਂ, ਅਜ਼ਾਦੀ ਤੇ ਬਰਾਬਰਤਾ ਦੀ ਝਾਕ ਛੱਡਦਿਆਂ ਖਰੀ ਜਮਹੂਰੀਅਤ ਵਾਲੇ ਨਿਆਂ, ਬਰਾਬਰੀ ਤੇ ਲੁੱਟ ਜਬਰ ਰਹਿਤ ਰਾਜ ਪ੍ਰਬੰਧ ਉਸਾਰਨ ਲਈ ਸ਼ਹੀਦੇ ਆਜਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣ ਦਾ ਸੱਦਾ ਦਿੱਤਾ।