ਸਾਈਬਾਬਾ ਦੇ ਹੱਕ ਵਿੱਚ ਲੰਡਨ ਵਿੱਚ ਰੋਸ ਮੁਜ਼ਾਹਰਾ
Posted on:- 21-07-2015
ਲੰਡਨ: ਡਾਕਟਰ ਸਾਈਬਾਬਾ 9 ਮਈ, 2014 ਨੂੰ ਦਿੱਲੀ ਯੂਨੀਵਰਸਟੀ ਵਿਚੋਂ ਅਗਵਾ ਕਰਕੇ ਨਾਗਪੁਰ ਜੇਲ੍ਹ ਵਿੱਚ ਸੁੱਟਣ ਵਿਰੁੱਧ ਇੰਡੀਅਨ ਵਰਕਰਜ ਐਸੋਸੀਏਸ਼ਨ ਦੀ ਕੇਂਦਰੀ ਜਥੇਬੰਦਕ ਕਮੇਟੀ ਵਲੋਂ 28 ਜੂਨ ਐਤਵਾਰ ਨੂੰ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਇਕ ਰੋਸ ਮੁਜ਼ਾਹਰਾ ਕੀਤਾ ਗਿਆ। ਇੰਗਲੈਂਡ ਦੇ ਮੁੱਖ ਸ਼ਹਿਰਾਂ ਤੋਂ ਪੁੱਜੇ ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਲੇਖ ਪਾਲ ਨੇ ਦੱਸਿਆ ਕਿ ਕਿਸ ਤਰ੍ਹਾਂ ਪਰੋਫੈਸਰ ਸਾਈਬਾਬਾ ਨੂੰ ਪਿਛਲੇ ਡੇਢ ਸਾਲ ਤੋਂ ਪੁਲੀਸ ਛਾਣ ਬੀਣ ਦੇ ਬਹਾਨੇ ਪ੍ਰੇਸ਼ਾਨ ਕਰ ਰਹੀ ਸੀ ਤੇ ਜਦ ਪੁਲੀਸ ਨੂੰ ਸਾਈਂ ਬਾਬਾ ਦੇ ਖਿਲਾਫ ਕੋਈ ਵੀ ਸਬੂਤ ਨਾ ਮਿਲਿਆ ਤਾਂ ਬੁਖਲਾਏ ਹੋਏ ਹਾਕਮਾਂ ਨੇ ਸਾਈਬਾਬਾ ਨੂੰ ਦਿਨ ਦਿਹਾੜੇ ਦਿੱਲੀ ਯੂਨੀਵਰਸਟੀ ਤੋਂ ਉਦੋਂ ਅਗਵਾ ਕਰਨ ਦੇ ਸ਼ਰਮਨਾਕ ਹੁਕਮ ਜਾਰੀ ਕੀਤੇ ਜਦੋਂ ਕਿ ਉਹ ਆਪਣੇ ਘਰ ਨੂੰ ਦੁਪਿਹਰ ਦਾ ਖਾਣਾ ਖਾਣ ਜਾ ਰਹੇ ਸਨ। ਉਹਨਾਂ ਹੋਰ ਦੱਸਿਆ ਕਿ ਡਾਕਟਰ ਸਾਈਬਾਬਾ ਜੋ ਕਿ 90 % ਅਪਾਹਜ ਹਨ, ਦਾ ਸਿਰਫ ਕਸੂਰ ਇਹ ਹੈ ਕਿ ਉਨ੍ਹਾਂ ਨੇ ਦੇਸ਼ ਦੇ ਦੱਬੇ ਕੁਚਲੇ ਲੋਕਾਂ ਦੇ ਚੱਲ ਰਹੇ ਘੋਲਾਂ ਦਾ ਡਟਕੇ ਸਮਰਥਨ ਕੀਤਾ ਤੇ ਖਾਸ ਕਰ ਉਨ੍ਹਾਂ ਓਪਰੇਸ਼ਨ ਹੰਟ ਜੋ ਕਿ ਆਦੀਵਾਸੀ ਲੋਕਾਂ ਦਾ ਸਫਾਇਆ ਕਰਕੇ ਉਨ੍ਹਾਂ ਦੇ ਕੁਦਰਤੀ ਸੋਮਿਆਂ ਨੂੰ ਦੇਸੀ ਤੇ ਬਦੇਸ਼ੀ ਕਾਰਪੋਰੇਸ਼ਨਾਂ ਨੂੰ ਮਿੱਟੀ ਦੇ ਭਾਅ ਸੌਂਪਣ ਦਾ ਪਰਦਾਫਾਸ਼ ਕੀਤਾ। ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਹਾਕਮਾਂ ਵੱਲੋਂ ਆਪਣੇ ਹੀ ਲੋਕਾਂ ਨੂੰ ਮਲੀਆਮੇਟ ਕਰਨ ਲਈ ਡੇਢ ਲੱਖ ਤੋਂ ਵੱਧ ਨੀਮ ਫੌਜੀ ਦਸਤੇ ਤਾਇਨਾਤ ਕਰਨ ਵਿਰੁੱਧ ਡਟਕੇ ਆਵਾਜ਼ ਉਠਾਈ।
ਦਿੱਲੀ ਦੇ ਹਾਕਮਾਂ ਨੂੰ ਇਹ ਗੱਲ ਕਦੇ ਵੀ ਮਨਜ਼ੂਰ ਨਹੀਂ ਕਿ ਕੋਈ ਵੀ ਆਵਾਜ਼ ਉਨ੍ਹਾਂ ਦੇ ਕਾਲੇ ਕਾਰਨਾਮਿਆਂ ਨੂੰ ਲੋਕਾਂ ਤੱਕ ਪਹੁੰਚਾਵੇ। ਅੱਜ ਦੇਸ਼ ਭਗਤ ਸਿਰਫ ਉਹੀ ਹਨ, ਜੋ ਮੋਦੀ ਦੀਆਂ ਨੀਤੀਆ ਨਾਲ ਸਮਿਹਤ ਹੋਣ ਤੇ ਬਾਕੀ ਸਭ ਮਾਓਵਾਦੀ।
ਸਾਥੀ ਲੇਖ ਪਾਲ ਨੇ ਸਾਈਬਾਬਾ ਦੀ ਜਮਾਨਤ ਤੇ ਰਿਹਾਈ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਪ੍ਰੋਫੈਸਰ ਨੂੰ ਅਣਮਨੁੱਖੀ ਤਸੀਹੇ ਦੇਕੇ ਜਿਸਮਾਨੀ ਤੌਰ ’ਤੇ ਬਿਲਕੁਲ ਖਤਮ ਕਰਕੇ ਇਹ ਢੌਡ ਇਸ ਕਰਕੇ ਰਚਿਆ ਜਾ ਰਿਹਾ ਕਿ ਹਾਕਮ ਇਹ ਨਹੀਂ ਚਾਹੁੰਦੇ ਕਿ ਜੇਲ੍ਹ ਵਿਚੋਂ ਸਾਈਬਾਬਾ ਦੀ ਲਾਸ਼ ਨਿਕਲੇ। ਉਨ੍ਹਾਂ ਕਿਹਾ ਕਿ ਇਹ ਲਾਸ਼ ਸਾਈਬਾਬਾ ਦੀ ਨਹੀਂ ਸਗੋਂ ਭਾਰਤੀ ਜਮਹੂਰੀਅਤ ਦੀ ਲਾਸ਼ ਹੋਵੇਗੀ। ਇਸ ਇਕੱਠ ਨੂੰ ਏਸ਼ੀਅਨ ਰੈਸ਼ਨਲਿਸਟ ਸੁਸਾਇਟੀ ਤੋਂ ਇਲਾਵਾ ਨੇਪਾਲੀ ਤੇ ਸ੍ਰੀਲੰਕਨ ਜਥੇਬੰਦੀਆਂ ਦੇ ਨੁਮਾਦਿਆ ਨੇ ਵੀ ਸੰਬੋਧਨ ਕੀਤਾ ਤੇ ਯਕੀਨ ਦੁਆਇਆ ਕਿ ਉਨ੍ਹਾਂ ਦੀਆਂ ਜਥੇਬੰਦੀਆਂ ਡਾਕਟਰ ਸਾਈਬਾਬਾ ਦੇ ਸੰਘਰਸ਼ ਦਾ ਡਟਕੇ ਸਾਥ ਦਿੰਦੇ ਰਹਿਣਗੇ। ਅੰਤ ਵਿਚ ਸਭਾ ਦੇ ਨੈਸ਼ਨਲ ਪਰਧਾਨ ਚਰਨ ਅਟਵਾਲ ਨੇ ਆਏ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਰਤ ਵਿਚ ਤਿੰਨ ਲੱਖ ਤੋਂ ਵੀ ਵੱਧ ਸਾਈਬਾਬਾ ਵਰਗੇ ਅਣਹੱਕੇ ਮਰਦ ਔਰਤਾਂ ਜੇਲਾਂ ਵਿਚ ਡੱਕੇ ਹੋਏ ਹਨ।
ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਿਆਂ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮਜ਼ਦੂਰ ਸਭਾ ਇਹ ਸੰਘਰਸ਼ ਓਨਾਂ ਚਿਰ ਜਾਰੀ ਰੱਖੇਗੀ ਜਿੰਨਾ ਚਿਰ ਕਾਲ ਕੋਠੜੀਆਂ ਵਿਚ ਡੱਕੇ ਸਾਰੇ ਸਿਆਸੀ ਕੈਦੀ ਰਿਹਾਅ ਨਹੀਂ ਕੀਤੇ ਜਾਂਦੇ।