ਅੰਮ੍ਰਿਤਾ ਪ੍ਰੀਤਮ ਦੇ ਪੁੱਤਰ ਨਵਰਾਜ ਕਵਾਤਰਾ ਦੀ ਹੱਤਿਆ
Posted on:- 19-09-2012
ਪੰਜਾਬੀ ਭਾਸ਼ਾ ਦੀ ਉੱਘੀ ਸਾਹਿਤਕਾਰਾ ਮਰਹੂਮ ਅੰਮ੍ਰਿਤਾ ਪ੍ਰੀਤਮ ਦੇ ਪੁੱਤਰ ਨਵਰਾਜ ਕਵਾਤਰਾ ਦੀ ਮੁੰਬਈ ਵਿੱਚ ਹੱਤਿਆ ਹੋ ਗਈ ਹੈ। ਫ਼ਿਲਮ ਨਿਰਮਾਤਾ ਵਜੋਂ ਮਸ਼ਹੂਰ ਨਵਰਾਜ (65) ਦੀ ਲਾਸ਼ ਅੱਜ ਸਵੇਰੇ ਉਨ੍ਹਾਂ ਦੇ ਮੁੰਬਈ ਦੇ ਬੋਰੀਵਿਲੀ ਇਲਾਕੇ ਵਿਚਲੇ ਫਲੈਟ ਦੇ ’ਚੋਂ ਮਿਲੀ।
ਪੁਲੀਸ ਨੂੰ ਕਤਲ ਦੇ ਠੋਸ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਸਾਹ ਘੁੱਟਣ ਨਾਲ ਹੋਈ ਹੈ ਤੇ ਉਨ੍ਹਾਂ ਦੇ ਹੱਥ ਪੈਰ ਬੰਨ੍ਹੇ ਹੋਏ ਸਨ। ਉਹ ਆਪਣੇ ਫਲੈਟ ਦੀ ਜ਼ਮੀਨੀ ਮੰਜ਼ਿਲ ’ਤੇ ਰਹਿੰਦੇ ਸਨ ਤੇ ਗੁਆਂਢੀਆਂ ਨਾਲ ਮੇਲ ਮਿਲਾਪ ਘੱਟ ਹੀ ਰੱਖਦੇ ਸਨ। ਉਹ ਅਕਸਰ ਨਵੀਂ ਦਿੱਲੀ ਆਪਣੀ ਪਤਨੀ ਨੂੰ ਮਿਲਣ ਲਈ ਜਾਂਦੇ ਸਨ। ਪਰਿਵਾਰਕ ਸੂਤਰਾਂ ਦਾ ਦੱਸਣਾ ਹੈ ਕਿ ਨਵਰਾਜ ਨੇ ਪਿਛਲੇ ਸਾਲ ਆਪਣਾ ਨਵੀਂ ਦਿੱਲੀ ਵਿਚਲਾ ਬੰਗਲਾ 25 ਕਰੋੜ ਵਿੱਚ ਵੇਚਿਆ ਸੀ। ਇਸ ਪੈਸੇ ਨਾਲ ਗਰੇਟਰ ਕੈਲਾਸ਼ ਖੇਤਰ ਵਿੱਚ ਦੋ ਫਲੈਟ ਖਰੀਦਣ ਤੋਂ ਬਾਅਦ ਬਚਦੀ ਰਕਮ ਉਨ੍ਹਾਂ ਫ਼ਿਲਮ ਇੰਡਸਟਰੀ ਵਿੱਚ ਨਿਵੇਸ਼ ਕਰ ਦਿੱਤੀ ਸੀ। ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਪੈਸਾ ਉਨ੍ਹਾਂ ਕਿਹੜੀਆਂ ਫ਼ਿਲਮਾਂ ਵਿੱਚ ਲਾਇਆ। ਪੁਲੀਸ ਨੂੰ ਫਲੈਟ ’ਚੋਂ ਕੁਝ ਦਸਤਾਵੇਜ਼ ਵੀ ਮਿਲੇ ਹਨ। ਘਰ ਦੇ ਸਾਮਾਨ ਨਾਲ ਕੋਈ ਛੇੜ ਛਾੜ ਨਹੀਂ ਕੀਤੀ ਗਈ। ਪੰਜਾਬੀ ਸਹਿਤਕਾਰ ਗੁਲਜ਼ਾਰ ਸਿੰਘ ਸੰਧੂ ਨੇ ਨਵਰਾਜ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।