ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ 100 ਵੀਂ ਸ਼ਹਾਦਤ ਵਰ੍ਹੇਗੰਢ ਮੌਕੇ ਸਫ਼ਲ ਸਮਾਗਮ
Posted on:- 07-07-2015
ਕੈਨੇਡਾ ਫੇਰੀ ਤੇ ਪਹੁੰਚੇ ਅਮੋਲਕ ਸਿੰਘ ਵੱਲੋਂ ਵਿਚਾਰ ਪੇਸ਼ ਕੀਤੇ ਗਏ
-ਬਲਜਿੰਦਰ ਸੰਘਾ
ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ, ਉਸਦੇ ਸਾਥੀਆਂ ਅਤੇ ਸਿੰਘਾਪੁਰ ਦੀ ਫੌਜੀ ਬਗਾਵਤ ਦੇ ਅਮਰ ਸ਼ਹੀਦਾਂ ਦੀ ਸ਼ਹਾਦਤ ਦੀ 100 ਵੀਂ ਵਰੇ੍ਹਗੰਢ (1915-2015) ਮੌਕੇ ਐਕਸ ਸਰਵਿਸਮੈਨ ਸੁਸਾਇਟੀ ਦੇ ਹਾਲ ਵਿਚ ਵਿਸ਼ੇਸ਼ ਸਮਾਗਮ ਅਯੋਜਿਤ ਕੀਤਾ ਗਿਆ। ਕੈਲਗਰੀ ਦੇ ਸੁਹਿਰਦ ਲੋਕਾਂ ਦੀ ਭਰਵੀਂ ਹਾਜ਼ਰੀ ਵਿਚ ਮਾਸਟਰ ਭਜਨ ਸਿੰਘ ਦੀ ਸਟੇਜ ਸੰਚਾਲਨਾ ਹੇਠ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਮੁੱਖ ਵਕਤਾ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਗ਼ਦਰ ਲਹਿਰ ਅੰਦਰ ਆਪਣਾ ਸਭ ਕੁਝ ਨਿਛਾਵਰ ਕਰਕੇ ਨਵਾਂ ਇਤਿਹਾਸ ਸਿਰਜਣ ਵਾਲੇ ਮਹਾਂ-ਨਾਇਕਾਂ, ਨਾਇਕਾਵਾਂ ਦੇ ਸੁਪਨਿਆਂ ਦਾ ਜਦੋਂ ਤੱਕ ਆਜ਼ਾਦ, ਖੁਸ਼ਹਾਲ, ਧਰਮ-ਨਿਰਪੱਖ ਜਮਹੂਰੀ ਅਤੇ ਸਾਂਝੀਵਾਲਤਾ ਦੇ ਰੰਗ ਵਿਚ ਰੰਗਿਆ ਖੂਬਸੂਰਤ ਅਤੇ ਨਵਾਂ-ਨਰੋਆ ਰਾਜ ਅਤੇ ਸਮਾਜ ਨਹੀਂ ਸਿਰਜ ਲਿਆ ਜਾਂਦਾ, ਉਦੋਂ ਤੱਕ ਲੋਕ-ਸੰਗਰਾਮ ਜਾਰੀ ਰੱਖਿਆ ਜਾਏਗਾ। ਅਮੋਲਕ ਸਿੰਘ ਜੋ ਪੰਜਾਬ ਦੀ ਇਨਕਲਾਬੀ ਲਹਿਰ ਦੇ ਜਾਣੇ-ਪਛਾਣੇ ਸੰਗਰਾਮੀਏਂ, ਲੇਖਕ, ਗੀਤਕਾਰ, ਕਲਮਕਾਰ, ਰੰਗ ਕਰਮੀ ਅਤੇ ਬੀਤੇ 42 ਵਰ੍ਹੇ ਤੋਂ ਵੱਖਰੇ ਲੋਕ-ਮੁਹਾਜ਼ ਉੱਪਰ ਮੋਹਰੀ ਕਤਾਰ ਵਿਚ ਨਿਧੱੜਕ ਅਤੇ ਸੰਘਰਸਸ਼ੀਲ ਰਹੇ ਆਪਣੀ ਕੈਨੇਡਾ ਫੇਰੀ ਉੱਪਰ ਇੱਕ ਮਹੀਨੇ ਤੋਂ ਟੋਰੰਟੋਂ, ਵੈਨਕੂਵਰ, ਸਰੀ ਆਦਿ ਤਿੰਨ ਦਰਜਨ ਥਾਵਾਂ ਤੇ ਜਨਤਕ ਇਕੱਤਰਤਾਵਾਂ ਅਤੇ ਸਮਾਗਮਾਂ ਨੂੰ ਸੰਬੋਧਨ ਕਰ ਚੁੱਕੇ ਹਨ।
ਅੱਜ ਦੇ ਸਮਾਗਮ ਵਿਚ ਅਮੋਲਕ ਸਿੰਘ ਨੇ 100 ਵਰੇ੍ਹ ਤੋਂ ਵੀ ਪਹਿਲਾਂ ਦੇ ਇਤਿਹਾਸ, ਵਿਰਸੇ, ਚਣੌਤੀਆਂ ਅਤੇ ਗ਼ਦਰੀ ਦੇਸ਼ ਭਗਤਾਂ ਦੀਆਂ ਪਾਈਆਂ ਅਮਿੱਟ ਪੈੜਾਂ ਦਾ ਅਮੁੱਲਾ, ਪ੍ਰੇਰਨਾਮਈ, ਉਦੇਸ਼ਮਈ ਅਤੇ ਕੁਰਬਾਨੀਆਂ ਭਰਿਆ ਭਾਵ-ਪੂਰਤ, ਰੌਚਕ ਅਤੇ ਯਾਦਗਾਰੀ ਜਿ਼ਕਰ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅਤੇ ਭਵਿੱਖ ਦੀਆਂ ਵੰਗਾਰਾਂ ਨੂੰ ਕਬੂਲਣ ਦੇ ਹਾਣੀ ਬਣਨ ਲਈ ਇਤਿਹਾਸ ਦੇ ਮਹਿਜ਼ ਪੂਜਕ ਨਾ ਬਣਕੇ ਸਾਨੂੰ ਹਰ ਵੰਨਗੀ ਦੀ ਦੇਸੀ-ਵਿਦੇਸ਼ੀ ਲੁੱਟ, ਜਬਰ, ਦਾਬੇ, ਵਿਤਕਰੇ ਤੋਂ ਮੁਕਤ ਲੋਕਾਂ ਦੀ ਸਰਦਾਰੀ ਵਾਲਾ ਨਿਜ਼ਾਮ ਸਿਰਜਣ ਲਈ ਕਹਿਣੀ ਤੇ ਕਰਨੀ ‘ਚ ਇਕ ਸੁਰ ਹੋਕੇ ਨਵੇਂ ਰਾਹ ਘੜਨ ਦੀ ਲੋੜ ਹੈ। ਅਮੋਲਕ ਸਿੰਘ ਨੇ ਮੁਲਕ ਦੇ ਸਨਅੱਤੀ ਕਾਮਿਆਂ, ਖੇਤ ਮਜ਼ਦੂਰਾਂ, ਬੇਜ਼ਮੀਨੇ ਕਿਸਾਨਾਂ, ਵਿਦਿਆਰਥੀਆਂ, ਬੇਰੁਜ਼ਗਾਰਾਂ, ਨੌਜਵਾਨਾਂ, ਆਦਿਵਾਸੀਆਂ, ਕਸ਼ਮੀਰ ਦੇ ਲੋਕਾਂ ਅਤੇ ਕੁੱਲ ਅੰਬਰ ਦਾ ਅੱਧ ਬਣਦੀਆਂ ਔਰਤਾਂ ਵੱਲੋਂ ਆਪਣੀ ਨਵੀਂ ਤਕਦੀਰ ਖ਼ੁਦ ਲਿਖਣ ਲਈ ਲੜੇ ਜਾ ਰਹੇ ਲਹੂ-ਵੀਟਵੇਂ ਸੰਗਰਾਮ ਦੀ ਕਹਾਣੀ ਤੱਥਾਂ ਦੀ ਜ਼ੁਬਾਨੀ ਪੇਸ਼ ਕੀਤੀ। ਜੰਗਲ, ਜਲ, ਜ਼ਮੀਨ, ਸਿਹਤ, ਸਿੱਖਿਆ, ਬਿਜਲੀ, ਪਾਣੀ, ਬੋਲੀ, ਔਰਤ ਵਰਗ, ਸਾਹਿਤ, ਸੱਭਿਆਚਾਰ, ਇਤਿਹਾਸ, ਅਮੀਰ ਅਤੇ ਜੁਝਾਰੂ ਵਿਰਸੇ ਉੱਪਰ ਅਨੇਕਾਂ ਕੋਝੇ ਢੰਗਾਂ ਨਾਲ ਬੋਲੇ ਜਾ ਰਹੇ ਹੱਲੇ ਦੀਆਂ ਢੇਰਾਂ ਹੀ ਮੂੰਹ ਬੋਲਦੀਆਂ ਘਟਨਾਵਾਂ ਸਾਂਝੀਆਂ ਕੀਤੀਆਂ।
ਅਮੋਲਕ ਸਿੰਘ ਨੇ ਜਬਰੀ ਜਮੀਨਾਂ ਖੋਹਣ, ਖੇਤੀ, ਦਸਤਕਾਰੀ ਦਾ ਲੱਕ ਤੋੜਨ, ਮੁਨਾਫ਼ੇ ਦਾ ਵਿਸ਼ਵੀਕਰਨ ਅਤੇ ਲੋਕਾਂ ਦੀ ਜਿ਼ੰਦਗੀਂ ਦੇ ਹਰ ਖੇਤਰ ਅੰਦਰ ਸੁਪਨਿਆਂ ਦੀ ਹੱਤਿਆਂ ਕਰਨ ਲਈ ਫੌਜੀ, ਨੀਮ ਫੌਜੀ, ਪੁਲਸ ਦਸਤਿਆਂ ਅਤੇ ਨਿੱਜੀ ਪਾਲੇ ਗਰੋਹਾਂ ਦੁਆਰਾ ਚੌਤਰਫਾਂ ਹੱਲਾ ਬੋਲਣ ਦਾ ਜਜ਼ਬਾਤੀ ਅੰਦਾਜ਼ ‘ਚੋ ਲੋਕ ਮਨਾਂ ਨੂੰ ਝੋਜੋੜਵਾ ਵੇਰਵਾ ਪੇਸ਼ ਕੀਤਾ। ਖੁੱਲ੍ਹੀ ਕਵਿਤਾ ਅਤੇ ਰੰਗ ਮੰਚ ਦੀ ਸ਼ੈਲੀ ਵਰਗੀ ਤਕਰੀਰ ਦੇ ਸਿਖ਼ਰ ਤੇ ਤਾੜੀਆਂ ਦੀ ਗੂੰਜ਼ ‘ਚੋ ਅਮੋਲਕ ਸਿੰਘ ਨੇ ਕਿਹਾ ਕਿ ਜਦੋਂ ਤੱਕ ਦੇਸੀ ਬਦੇਸ਼ੀ ਕੁੱਟ, ਲੁੱਟ ਤੇ ਦਾਬਾ ਖ਼ਤਮ ਕਰਨ ਦੀ ਲੋੜ ਨੂੰ ਉਭਾਰਿਆ। ਉਹਨਾਂ ਕਿਹਾ ਕਿ ਦੁਨੀਆਂ ਦੀ ਕੋਈ ਵੀ ਤਾਕਤ ਨਵੇਂ ਯੁੱਗ ਦੀ ਉਸਾਰੀ ਲਈ ਨਵੇਂ ਇਨਕਲਾਬੀ ਸੰਗਰਾਮਾਂ ਦੀਆਂ ਲਹਿਰਾਂ ਨੂੰ ਜਿੱਤ ਭਰੀਆਂ ਮੰਜਲਾਂ ਵੱਲ ਜਾਣ ਤੋਂ ਨਹੀਂ ਰੋਕ ਸਕਦੀ। ਅਮੋਲਕ ਸਿੰਘ ਨੇ ਕੌਮੀ ਅਨਮੋਲ ਹੀਰਿਆਂ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਮਨਾਉਣ ਦੇ ਇਤਿਹਾਸਕ ਮੁੱਲਾਂ ਦਾ ਜਿ਼ਕਰ ਕਰਦਿਆਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਅੰਦਰ ਸਾਮਰਾਜੀ ਤਾਕਤਾਂ ਅਤੇ ਉਹਨਾਂ ਦੇ ਹਿੱਤ-ਪਾਲਕਾਂ, ਹਰ ਵੰਨਗੀ ਦੇ ਦਾਬੇ, ਲੁੱਟ, ਅਨਿਆ, ਜਾਤ-ਪਾਤ, ਫ਼ਾਸ਼ੀ ਹੱਲਿਆਂ ਨੂੰ ਜੜੋਂ ਖ਼ਤਮ ਕਰਕੇ ਹੀ ਅਸੀਂ ਉਹਨਾਂ ਦੇ ਹਕੀਕੀ ਵਾਰਸ ਹੋਣ ਦੇ ਝੰਡਾ ਬਰਦਾਰ ਹੋ ਸਕਦੇ ਹਾਂ। ਉਹਨਾਂ ਕਿਹਾ ਕਿ ਕਨੇਡਾ ਅਤੇ ਭਾਰਤ ਅੰਦਰ ਵਸਦੇ ਮਿਹਨਤਕਸ਼ ਲੋਕਾਂ ਦੀਆਂ ਸਮੱਸਿਆਵਾਂ ਦੀ ਤੰਦ ਸਾਂਝੀ ਹੈ। ਇਸ ਲਈ ਵਿਚਾਰਾਂ ਅਤੇ ਅਮਲ ਦੀ ਪੱਧਰ ਤੇ ਪਰਸਪਰ ਸਹਿਯੋਗ ਨੂੰ ਜਰਬਾਂ ਦੇਣਾ ਸਮੇਂ ਦੀ ਲੋੜ ਹੈ ਤਾਂ ਜੋ ਗ਼ਦਰੀ ਦੇਸ਼ ਭਗਤਾਂ ਦੇ ਉਦੇਸ਼ਾਂ ਦੀ ਪੂਰਤੀ ਲਈ ਮਾਹੌਲ ਸਿਰਜਿਆ ਜਾ ਸਕੇ।
ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਵੱਲੋਂ 1913-14 ਵਿਚ ਗ਼ਦਰ ਲਹਿਰ ਦੀ ਉਚਾਣ ਮੌਕੇ ਲਿਖੀਆਂ ‘ਗ਼ਦਰੀ ਗੂੰਜ਼ਾਂ’ ਵਿਚੋਂ “ਗ਼ਦਰ ਪਾਰਟੀ ਬੀੜਾ ਚੁੱਕਿਆ ਹਿੰਦ ਅਜ਼ਾਦ ਕਰਾਵਣ ਦਾ, ਆਓ! ਸ਼ੇਰੋ ਗ਼ਦਰ ਮਚਾਈਏ ਵੇਲਾ ਨਹੀਂ ਖੁੰਜਾਵਣ ਦਾ” ਕਵੀਸ਼ਰੀ ਦਾ ਮੰਚਣ ਕੀਤਾ ਗਿਆ। ਇਸ ਪੇਸ਼ਕਾਰੀ ਵਿਚ ਕਲਾ ਮੰਚ ਦੇ ਕਲਾਕਾਰਾਂ ਕਮਲਪ੍ਰੀਤ ਪੰਧੇਰ, ਜਸ਼ਨਪ੍ਰੀਤ ਗਿੱਲ, ਜਸਵਿੰਦਰ ਜੱਸ ਅਤੇ ਨਵਕਿਰਨ ਢੁੱਡੀਕੇ ਨੇ ਭਾਗ ਲਿਆ। ਜਿਕਰਯੋਗ ਹੈ ਇਹ ਕਵੀਸ਼ੀਰੀ ਪੰਜਾਬ ਦੇ ਸਿਰਮੌਰ ਕਵੀਸ਼ਰ ਜੋਗਾ ਸਿੰਘ ਜੋਗੀ ਦੇ ਜੱਥੇ ਦੀ ਅਵਾਜ਼ ਵਿਚ ਰਿਕਾਰਡ ਹੈ। ਸੁਖਵਿੰਦਰ ਸਿੰਘ ਟੂਰ ਅਤੇ ਹਰਨੇਕ ਸਿੰਘ ਬੱਧਨੀ ਵੱਲੋਂ ਆਪਣੀਆਂ ਭਾਵਪੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਈ ਗਈ। ਮਾਸਟਰ ਭਜਨ ਸਿੰਘ ਵੱਲੋਂ ਲੇਖਕ ਜਸਵੰਤ ਸਿੰਘ ਜਫ਼ਰ ਦੇ ਲੜਕੇ ਵਿਵੇਕ ਅਤੇ ਜਗਜੀਤ ਸਿੰਘ ਅਨੰਦ ਦੀ ਬੇਵਕਤੀ ਮੌਤ ਤੇ ਸ਼ੋਕ ਮਤਾ ਪੜਿਆ ਗਿਆ। ਐਕਸ ਸਰਵਿਸ ਮੈਨ ਸੁਸਾਇਟੀ ਦੇ ਪ੍ਰਧਾਨ ਹਰਗੁਰਜੀਤ ਸਿੰਘ ਮਿਨਾਹਸ ਵੱਲੋਂ ਸਟੇਜ ਤੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਸਿੰਘ ਨੇ ਸਭ ਹਾਜ਼ਰੀਨ ਅਤੇ ਐਕਸ ਸਰਵਿਸ ਮੈਨ ਸੁਸਾਇਟੀ ਦੇ ਕਮੇਟੀ ਮੈਂਬਰਾ ਦਾ ਅੱਜ ਦੇ ਸਮਾਗਮ ਵਿਚ ਸਹਿਯੋਗ ਲਈ ਧੰਨਵਾਦ ਕੀਤਾ। ਐਸੋਸੀਏਸ਼ਨ ਦੀ ਅਗਲੀ ਮੀਟਿੰਗ ਅਗਸਤ ਦੇ ਪਹਿਲੇ ਐਤਵਾਰ ਹੋਵੇਗੀ। ਹੋਰ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਨਾਲ 403-455-4220 ਜਾਂ ਪ੍ਰੋ.ਗੋਪਾਲ ਜੱਸਲ ਨਾਲ 403-970-3588 ਤੇ ਸਪੰਰਕ ਕੀਤਾ ਜਾ ਸਕਦਾ ਹੈ।