ਨਸ਼ਿਆਂ ਅਤੇ ਨਸ਼ਿਆਂ ਦੀ ਨਾਜਾਇਜ਼ ਵਿਕਰੀ ਵਿਰੁੱਧ ਮਨਾਇਆ ਗਿਆ ਕੌਮਾਂਤਰੀ ਦਿਵਸ
Posted on:- 27-06-2015
ਸਾਲ 2010 ਤੋਂ 31 ਮਈ ਤੱਕ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਸੰਗਰੂਰ ਵਿਖੇ ਹੋਏ 1158 ਵਿਅਕਤੀ ਦਾਖ਼ਲ
ਸੰਗਰੂਰ: ਨਸ਼ਿਆਂ ਅਤੇ ਨਸ਼ਿਆਂ ਦੀ ਨਾਜਾਇਜ਼ ਵਿਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ‘ਆਓ ਵਿਕਸਿਤ ਕਰੀਏ, ਨਸ਼ੇ ਤੋਂ ਬਿਨਾਂ, ਆਪਣੀ ਜ਼ਿੰਦਗੀ, ਆਪਣਾ ਸਮਾਜ, ਆਪਣੀ ਪਛਾਣ’ ਨਾਅਰੇ ਹੇਠ ਡੀ.ਸੀ. ਕੰਪਲੈਕਸ ਦੇ ਆਡੀਟੋਰੀਅਮ ਹਾਲ ਵਿਖੇ ਨਸ਼ੇ ਦੇ ਵਿਰੁੱਧ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਅਰਵਿੰਦ ਕੁਮਾਰ ਐੱਮ.ਕੇ, ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਗਲਾ, ਸਹਾਇਕ ਕਮਿਸ਼ਨਰ ਸੰਗਰੂਰ ਸ੍ਰੀ ਕਾਲਾ ਰਾਮ ਕਾਂਸਲ, ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਵਿੰਦਰ ਸਿੰਘ, ਜ਼ੈੱਡ ਐੱਲ ਏ ਵਿਨੈ ਜਿੰਦਲ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ ਅਤੇ ਨਸ਼ੇ ਦੇ ਵਿਰੁੱਧ ਸਹੁੰ ਚੁੱਕੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਅਰਵਿੰਦ ਕੁਮਾਰ ਐੱਮ.ਕੇ ਨੇ ਕਿਹਾ ਕਿ ਨਸ਼ਾ ਮਨੁੱਖੀ ਜ਼ਿੰਦਗੀ ਨੂੰ ਨਸ਼ਾ ਘੁਣ ਵਾਂਗ ਖਾ ਰਿਹਾ ਹੈ, ਜਿਸ ਦੀ ਰੋਕਥਾਮ ਲਈ ਸਾਂਝੇ ਉਦਮ ਕਰਨ ਦੀ ਲੋੜ ਹੈ, ਜਿਸ ਵਿੱਚ ਸਮਾਜ ਸੇਵੀ ਸੰਸਥਾਵਾਂ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ।ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਜਿੱਥੇ ਨਸ਼ਿਆਂ ਵਿਰੁੱਧ ਆਮ ਵਿਅਕਤੀ ਵੱਲੋਂ ਆਵਾਜ਼ ਉਠਾਈ ਜਾਣਾ ਲਾਜ਼ਮੀ ਹੈ ਉੱਥੇ ਇਹ ਵੀ ਅਹਿਮ ਹੈ ਕਿ ਜੋ ਵਿਅਕਤੀ ਨਸ਼ਾ ਤਿਆਗ ਕੇ ਮੁੜ ਆਮ ਜ਼ਿੰਦਗੀ ਵੱਲ ਪਰਤ ਰਿਹਾ ਹੈ, ਉਸ ਪ੍ਰਤੀ ਸਾਕਾਰਾਤਮ ਰਵੱਈਆ ਅਪਨਾਇਆ ਜਾਵੇ।
ਸਮਾਗਮ ਦੌਰਾਨ ਡਾ. ਸੁਰਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ ਸੰਗਰੂਰ ਕਮ ਕੋਆਡੀਨੇਟਰ ਸਹੁੰ
ਚੁੱਕ ਸਮਾਗਮ ਨੇ ਕਿਹਾ ਕਿ ਕਈ ਵਾਰ ਨਸ਼ੇ ਸਬੰਧੀ ਜਾਗਰੂਕਤਾ ਦੀ ਕਮੀ ਵੀ ਨਸ਼ੇ ਦੇ ਪਾਸਾਰ
ਦਾ ਕਾਰਨ ਬਣਦੀ ਹੈ, ਜਿਸ ਸਦਕਾ ਅਸੀ ਨਸ਼ਿਆਂ ਨੂੰ ਨਹੀਂ ਸਗੋਂ ਨਸ਼ੇ ਸਾਨੂੰ ਦਿਨੋਂ ਦਿਨ ਖਾ
ਰਹੇ ਹਨ।ਡਾ. ਸਿੰਗਲਾ ਨੇ ਕਿਹਾ ਕਿ ਨਸ਼ੇ ਦੋਸਤ ਬਣਕੇ ਸਰੀਰ ਵਿੱਚ ਪ੍ਰਵੇਸ਼ ਕਰਦੇ ਹਨ
ਜਦੋਂ ਕਿ ਗੰਭੀਰ ਬਿਮਾਰੀਆਂ ਦਾ ਰੂਪ ਧਾਰ ਕੇ ਬਾਅਦ ਵਿੱਚ ਮੌਤ ਬਣਕੇ ਉੱਭਰਦੇ ਹਨ।ਡਾ.
ਸਿੰਗਲਾ ਨੇ ਜ਼ਿਲ੍ਹਾ ਸੰਗਰੂਰ ਦੇ ਨਸ਼ਾ ਮੁਕਤੀ ਕੇਂਦਰਾਂ ਅਤੇ ਪੁਨਰਵਾਸ ਕੇਂਦਰਾਂ ਸੰਬੰਧੀ
ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਅਕਾਲ ਡੀ ਅਡੀਕਸ਼ਨ ਸੈਂਟਰ ਪਿੰਡ
ਚੀਮਾ ਸਾਹਿਬ, ਰੈੱਡ ਕਰਾਸ ਡੀ ਅਡੀਕਸ਼ਨ ਸੈਂਟਰ ਸੰਗਰੂਰ, ਡਰੱਗ ਡੀ ਅਡੀਕਸ਼ਨ ਸੈਂਟਰ ਸਿਵਲ
ਹਸਪਤਾਲ ਸੰਗਰੂਰ ਅਤੇ ਡਰੱਗ ਡੀ ਅਡੀਕਸ਼ਨ ਸੈਂਟਰ ਸਿਵਲ ਹਸਪਤਾਲ ਮਾਲੇਰਜੋਟਲਾ ਹੈ।ਡਾ.
ਸਿੰਗਲਾ ਨੇ ਕਿਹਾ ਕਿ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਸੰਗਰੂਰ ਵਿਖੇ ਸਾਲ 2010 ਤੋਂ
ਮਈ 2015 ਤੱਕ ਕੁਲ 1158 ਮਰੀਜ਼ ਦਾਖਲ ਹੋ ਕੇ ਇੱਥੋਂ ਦੀਆਂ ਸੇਵਾਵਾਂ ਦਾ ਲਾਭ ਲੈ ਚੁੱਕੇ
ਹਨ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਨਸ਼ੇ ਵਿਰੁੱਧ ਜਿੱਥੇ ਲੋਕਾਂ ਨੂੰ
ਸਮੇਂ-ਸਮੇਂ ਜਾਗਰੂਕ ਕੀਤਾ ਜਾਂਦਾ ਹੈ ਉੱਥੇ ਆਸ਼ਾ ਵਰਕਰ ਨੂੰ ਨਸ਼ਾ ਗਰਸਤ ਵਿਅਕਤੀ ਨੂੰ
ਲੱਭਣ ਅਤੇ ਉਸਨੂੰ ਰੈਫਰ ਕਰਨ ਲਈ 200/- ਰੁਪਏ ਪ੍ਰਤੀ ਕੇਸ ਅਤੇ ਅਤੇ ਸਬੰਧਤ ਵਿਅਕਤੀ ਦਾ
ਸਮੁੱਚਾ ਇਲਾਜ ਕਰਵਾਉਣ ਉਪਰੰਤ 500/- ਰੁਪਏ ਪ੍ਰਤੀ ਕੇਸ ਮਾਣਭੱਤਾ ਵੀ ਦਿੱਤਾ ਜਾ ਰਿਹਾ
ਹੈ।ਇਸ ਤਹਿਤ ਸਾਲ 2014-15 ਦੌਰਾਨ ਜ਼ਿਲ੍ਹੇ ਭਰ ਵਿੱਚੋਂ 511 ਕੇਸ ਆਸ਼ਾ ਵੱਲੋਂ ਰੈਫਰ
ਕੀਤੇ ਗਏ ਹਨ।ਇਸ ਮੋਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅਮਿਤਾ ਗੋਇਲ, ਜ਼ਿਲ੍ਹਾ ਲੋਕ ਸੰਪਰਕ
ਅਫਸਰ ਸ੍ਰੀ ਸੁਭਾਸ਼ ਗੁਪਤਾ, ਏ ਐੱਮ ਓ ਸ੍ਰੀ ਰਘਬੀਰ ਸਿੰਘ, ਡੀ.ਸੀ.ਐੱਮ ਦੀਪਕ ਸ਼ਰਮਾ ਅਤੇ
ਜ਼ਿਲ੍ਹਾ ਬੀ ਸੀ ਸੀ ਫੈਸੀਲੀਟੇਟਰ ਵਿਕਰਮ ਸਿੰਘ ਤੋਂ ਬਿਨਾਂ ਵੱਖ-ਵੱਖ ਵਿਭਾਗਾਂ ਦੇ
ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।