ਗੁਰਪ੍ਰੀਤ ਕੌਰ ਸੈਣੀ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੀ ਨਾਰਥ ਰੀਜਨ ਲਈ ਮੈਂਬਰ ਨਿਯੁਕਤ
Posted on:- 27-06-2015
ਹਿਸਾਰ ਦੀ ਜੁਵੇਨਾਈਲ ਜਸਟਿਸ ਬੋਰਡ ਦੀ ਮੈਂਬਰ ਅਤੇ ਪੰਜਾਬੀ ਲੇਖਿਕਾ ਗੁਰਪ੍ਰੀਤ ਕੌਰ ਸੈਣੀ ਕੇਂਦਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਅੰਤਰਗਤ ਆਉਣ ਵਾਲੇ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਬੋਰਡ ਦੀ ਨਾਰਥ ਰੀਜਨ ਲਈ ਮੈਂਬਰ ਨਿਯੁਕਤ ਕੀਤਾ ਹੈ। ਪਿਛਲੇ ਦਿਨੀਂ ਆਪ ਨੂੰ ਦਿੱਲੀ ਐਡਵਾਇਜ਼ਰੀ ਪੈਨਲ ਆਫ਼ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਵੱਲੋਂ ਮੈਂਬਰ ਬਣਾਇਆ ਗਿਆ।
ਗੁਰਪ੍ਰੀਤ ਸੈਣੀ ਹਰਿਆਣਾ ਦੇ ਹਿਸਾਰ ਸ਼ਹਿਰ ਵਿੱਚ ਰਹਿੰਦਿਆਂ ਪਿਛਲੇ ਸਤਾਰਾਂ ਸਾਲਾਂ ਤੋਂ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਤੇ ਕਲਚਰ ਨੂੰ ਉੱਚਾ ਉਠਾਉਣ ਲਈ ਯਤਨਸ਼ੀਲ ਹੈ। ਵੱਖ ਵੱਖ ਸਮਾਜਿਕ ਸੰਸਥਾਵਾਂ ਨਾਲ਼ ਜੁੜ ਕੇ ਸਮਾਜ ਵਿੱਚੋਂ ਕੁਰੀਤੀਆਂ ਨੂੰ ਦੂਰ ਕਰਨ ਦਾ ਬੀੜਾ ਚੁਕਿਆ ਹੋਇਆ ਹੈ।
ਗਿਆਰਵੀ ਜਮਾਤ ਵਿੱਚ ਅੱਤਵਾਦ ਤੇ ਕਵਿਤਾ ਲਿਖ ਕੇ ਸ਼੍ਰੋਤਿਆਂ ਦੀਆਂ ਅੱਖਾਂ ਗਿੱਲੀਆਂ ਕਰ ਦੇਣ ਵਾਲੀ ਗੁਰਪ੍ਰੀਤ ਨੇ ਥਿਏਟਰ ਲਈ ਵੀ ਬਹੁਤ ਕੰਮ ਕੀਤਾ। ਆਲ ਇੰਡੀਆ ਪਲੇ ਐਂਡ ਮਾਈਮ ਕੰਪੀਟਿਸ਼ਨ, ਬਰਨਾਲਾ ਵਿੱਚ ਆਯੋਜਿਤ ਨਾਟਕ ਮੁਕਾਬਲਿਆਂ ਵਿੱਚ ‘ਲੇਹ ਕਾਰਗਿਲ ਰੋਡ’ ਵਿੱਚ ਇੱਕ ਕਸ਼ਮੀਰੀ ਲੜਕੀ ਦਾ ਰੋਲ ਕਰਕੇ ਬੈਸਟ ਐਕਟਰੈਸ ਦਾ ਖਿਤਾਬ ਹਾਸਿਲ ਕੀਤਾ। ਕੁਝ ਟਾਇਮ ਸੰਗਰੂਰ ਕਲਾ ਕੇਂਦਰ ਦੀ ਸਹਾਇਕ ਨਿਰਦੇਸ਼ਿਕਾ ਰਹਿੰਦੇ ਹੋਏ ਨਾਟਕ ਮੇਲਾ ਕਰਵਾਇਆ। ਜਿਸ ਵਿੱਚ ਨਾਟਕ ‘ਟੀਨ ਕੀ ਤਲਵਾਰ’ ਖੇਡਿਆ ਅਤੇ ਬੈਸਟ ਐਕਟਰੈਸ ਦਾ ਪੁਰਸਕਾਰ ਹਾਸਿਲ ਕੀਤਾ।
ਗੁਰਪ੍ਰੀਤ ਸੰਸਕਾਰ ਭਾਰਤੀ ਐਨ ਜੀ ਓ ਦੀ ਹਰਿਆਣਾ ਪ੍ਰਾਂਤ ਮੰਤਰੀ ਹੈ ਅਤੇ ਰੀਤੀ ਰਿਵਾਜ਼ ਮਹਿਲਾ ਮੰਚ ਦੀ ਪ੍ਰਧਾਨ, ਇਹ ਮੰਚ ਪਿਛਲੇ ਚਾਰ ਸਾਲਾਂ ਤੋਂ ਕਰਵਾ ਚੌਥ ਉੱਤੇ ਭਾਰੀ ਪ੍ਰੋਗਰਾਮ ਆਯੋਜਿਤ ਕਰਦਾ ਹੈ,ਜੋ ਔਰਤਾਂ ਵਿੱਚ ਬਹੁਤ ਹਰਮਨ ਪਿਆਰਾ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਕੌਰ ਸੈਣੀ ਰਾਜ ਕਵੀ ਉਦੈਭਾਨੂੰ ਹੰਸ ਸਾਹਿਤ ਕਲਾ ਮੰਚ, ਰੰਗ ਪ੍ਰਯਾਸ, ਭਾਰਤ ਮਾਤਾ ਮੰਦਰ, ਰਾਣੀ ਸਤੀ ਮੰਦਰ ਸੈਕਟਰ 16,17, ਜੋਤੀ ਬਾਈ ਫੂਲੇ ਉਥਾਨ ਮੰਚ, ਜਨਵਾਦੀ ਮਹਿਲਾ ਸਮਿਤੀ ਹਿਸਾਰ ਤੇ ਹੋਰ ਕਈ ਸੰਸਥਾਵਾਂ ਦੀ ਸਰਗਰਮ ਮੈਂਬਰ ਹੈ।