ਕੈਲਗਰੀ ਵਿੱਚ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਸਮਾਗਮ 5 ਜੁਲਾਈ ਨੂੰ
Posted on:- 23-06-2015
- ਬਲਜਿੰਦਰ ਸੰਘਾ
ਅਮੋਲਕ ਸਿੰਘ ਪੇਸ਼ ਕਰਨਗੇ ਲੈਕਚਰ
ਸਾਲ 2012 ਗਦਰ ਸ਼ਤਾਬਦੀ ਦਾ ਵਰ੍ਹਾ ਸੀ ਤੇ ਇਸ ਤੋਂ ਬਾਅਦ ਲਗਾਤਾਰ ਗਦਰੀ ਸ਼ਹੀਦਾਂ ਦੀ ਕੁਰਬਾਨੀ ਦੇ ਸ਼ਤਾਬਦੀ ਵਰ੍ਹੇ ਚੱਲ ਰਹੇ ਹਨ। ਜਿਹਨਾਂ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਆਪਣਾ ਸਭ ਕੁਝ ਛੱਡ ਕੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਅਥਾਹ ਕੁਰਬਾਨੀਆਂ ਕੀਤੀਆਂ। ਕਰਤਾਰ ਸਿੰਘ ਸਰਾਭਾ ਸਭ ਤੋਂ ਨਿੱਕੀ ਉਮਰ ਦਾ ਗਦਰੀ ਯੋਧਾ ਸੀ ਜੋ ਛਾਉਣੀਆਂ ਵਿਚ ਗਦਰ ਕਰਕੇ ਦੇਸ਼ ਨੂੰ ਅਜ਼ਾਦ ਕਰਵਾਉਣ ਦੀ ਵਿਉਂਤਬੰਦੀ ਵਿਚ ਮੁੱਖ ਅਤੇ ਸਰਗਰਮ ਯੋਧੇ ਦੇ ਤੌਰ ਤੇ ਸਾਹਮਣੇ ਆਇਆ। ਉਹਨਾਂ ਨੂੰ ਨਵੰਬਰ 1915 ਵਿਚ ਲਹੌਰ ਵਿਚ ਸਿਰਫ਼19 ਸਾਲ ਦੀ ਉਮਰ ਵਿਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਉਹਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਵਿਸੇ਼ਸ਼ ਸਮਾਗਮ 5 ਜੁਲਾਈ ਦਿਨ ਐਤਵਾਰ ਨੂੰ ਕੈਲਗਰੀ ਦੀ ਐਕਸ ਸਰਵਿਸਮਿਨ ਸੁਸਾਇਟੀ ਵਿਚ ਦਿਨ ਦੇ 2 ਵਜੇ ਤੋਂ ਸਾਢੇ ਚਾਰ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਇਸ ਵਿਸ਼ੇ ਤੇ ਲੈਕਚਰ ਦੇਣ ਲਈ ਅਮੋਲਕ ਸਿੰਘ ਜੋ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ, ਟਰੱਸਟੀ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਹਨ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਕੈਨੇਡਾ ਦੇ ਹੋਰ ਸ਼ਹਿਰਾਂ ਜਿਸ ਵਿਚ ਐਡਮਿੰਟਨ, ਸਰ੍ਹੀ ਸ਼ਾਮਿਲ ਹੈ ਲੈਕਚਰ ਕਰਨਗੇ ਅਤੇ ਟਰੰਟੋਂ ਵਿਚ ਉਹਨਾਂ ਭਰਵੀਂ ਹਾਜ਼ਰੀ ਵਿਚ ਸਫਲ ਲੈਕਚਰ ਦਿੱਤਾ। ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾਸਟਰ ਭਜਨ ਸਿੰਘ ਅਤੇ ਪ੍ਰੈਸ ਸਕੱਤਰ ਬਲਜਿੰਦਰ ਸੰਘਾ ਅਨੁਸਾਰ ਅਮੋਲਕ ਸਿੰਘ ਅਗਾਂਹ ਵਧੂ ਸੋਚ ਦੇ ਅਜਿਹੇ ਬੁਲਾਰੇ ਹਨ ਜਿਹਨਾਂ ਦੇ ਲੈਕਚਰ ਹਮੇਸ਼ਾ ਜਾਣਾਕਾਰੀ ਭਰਪੂਰ ਅਤੇ ਸੱਚ ਦੀ ਗੱਲ ਕਰਦੇ ਹਨ। ਉਹਨਾਂ ਕੈਲਗਰੀ ਨਿਵਾਸੀ ਸਭ ਲੋਕਾਂ, ਸਭਾ-ਸੁਸਾਇਟੀਆਂ ਦੇ ਮੈਂਬਰਾਂ, ਮੀਡੀਆ ਹਸਤੀਆਂ ਅਤੇ ਨੌਜਵਾਨ ਵਰਗ ਨੂੰ ਇਸ ਦਿਨ ਵਿਸ਼ੇਸ ਤੌਰ ਤੇ ਪਹੁੰਚਣ ਦੀ ਬੇਨਤੀ ਕੀਤੀ। ਇਸ ਦਿਨ ਪ੍ਰਸਿੱਧ ਲੋਕ ਕਵੀ ਸੁਰਿੰਦਰ ਧੰਜਲ ਜੋ ਪਾਸ਼ ਯਾਦਗਾਰੀ ਇੰਟਰਨੈਸ਼ਨਲ ਟਰੱਸਟ ਦੇ ਕਨਵੀਨਰ ਅਤੇ ਕੈਮਲੂਪਸ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ।