ਦਿਆਲਪੁਰ ਪਿੰਡ 'ਚ ਮਹਿਲਾ ਪੱਤਰਕਾਰ ਨੂੰ ਬਣਾਇਆ ਬੰਧਕ
Posted on:- 22-06-2015
-ਬਲਜਿੰਦਰ ਕੋਟਭਾਰਾ
ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਨੇੜੇ ਇੱਕ ਪਿੰਡ ਵਿੱਚ ਯੂਥ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਇੱਕ ਮਹਿਲਾ ਪੱਤਰਕਾਰ ਨਾਲ ਗੁੰਡਾਗਰਦੀ, ਬੰਧਕ ਬਣਾਉਣ, ਆਈ ਕਾਰਡ ਜਬਰੀ ਖੋਹਣ, ਕੁੱਟਮਾਰ ਕਰਨ, ਕੈਮਰਾ ਖੋਹਣ ਦਾ ਯਤਨ ਕਰਨ ਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬੰਧਕ ਬਣਾਏ ਪੱਤਰਕਾਰਾਂ ਨੂੰ ਕਰਤਾਰਪੁਰ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮੁਕਤ ਕਰਵਾਇਆ।
ਪੀੜਤ ਪੱਤਰਕਾਰ ਅਮਨਦੀਪ ਹਾਂਸ ਨੇ ਦੱਸਿਆ ਕਿ ਵੱਖ ਵੱਖ ਮੀਡੀਆ ਦੀਆਂ ਖ਼ਬਰਾਂ ਰਾਹੀਂ ਪਤਾ ਲੱਗਣ ’ਤੇ ਦੁਆਬੇ ਦੇ ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਵਿੱਚੋਂ ਦਲਿਤਾਂ ਦੇ ਬਣਦੇ ਤੀਜੇ ਹਿੱਸੇ ਦੇ ਉੱਠੇ ਜ਼ਮੀਨ ਮਾਮਲੇ ਅਤੇ ਫ਼ਰਜੀ ਬੋਲੀਆਂ ਦੇ ਸਾਹਮਣੇ ਆਏ ਮਸਲੇ ਨੂੰ ‘ਰੰਗਲਾ ਪੰਜਾਬ’ ਰੇਡੀਓ ਟਰਾਂਟੋ ਕੈਨੇਡਾ ਵਾਸਤੇ ਕਵਰੇਜ ਕਰਨ ਲਈ ਪੰਜਾਬ ਤੋਂ ਉਹਨਾਂ ਦੇ ਸਹਿਯੋਗੀ ਪੱਤਰਕਾਰ ਬਲਜਿੰਦਰ ਕੋਟਭਾਰਾ ਸਮੇਤ ਪਿੰਡ ਦਿਆਲਪੁਰ ਵਿਖੇ ਯੂਥ ਅਕਾਲੀ ਦਲ ’ਚ ਨਵੇਂ ਭਰਤੀ ਹੋਏ ਵਰਕਰਾਂ ਨੇ ਫ਼ੋਟੋ ਖਿੱਚਣ ’ਤੇ ਆਪਣੇ ਸੱਤਾ ਦੇ ਨਸ਼ੇ ਵਿੱਚ ਹੋਣ ਦਾ ਅਹਿਸਾਸ ਕਰਵਾਉਦਿਆ ਧੱਕਾ ਮੁੱਕੀ ਕਰਨ ਸ਼ੁਰੂ ਕਰ ਦਿੱਤੀ।
ਡੇਢ ਘੰਟਾ ਦੇ ਕਰੀਬ ਬੰਧਕ ਬਣਾ ਕੇ ਧਮਕੀਆਂ ਦਿੰਦੇ ਰਹੇ ਤੇ ਕਹਿੰਦੇ ਰਹੇ ਕਿ ਸਾਡੀ ਆਗਿਆ ਤੋਂ ਬਿਨਾਂ ਸਾਡੇ ਪਿੰਡ ਦਾਖਲ ਹੋਣ ਤੁਸੀਂ ਹਿੰਮਤ ਕਿਵੇਂ ਕੀਤੀ ਤੇ ਰਿਪੋਰਟਿੰਗ ਕਰਨ ਦਾ ਕਿਵੇਂ ਸੋਚ ਲਿਆ। ਸਾਡੇ ਕੋਲੋ ਆਈ. ਕਾਰਡ ਵੀ ਖੋਹ ਲੈ ਗਏ, ਕੀਤੀ ਧੱਕਾਮੁੱਕੀ ਅਤੇ ਉਹਨਾਂ ਦੇ ਬਚਾਅ ਲਈ ਅੱਗੇ ਪੱਤਰਕਾਰ ਬਲਜਿੰਦਰ ਕੋਟਭਾਰਾ ਨੂੰ ਕੁਝ ਸੱਟਾਂ ਵੀ ਲੱਗੀਆਂ। ਪੀੜ੍ਹਤ ਪੱਤਰਕਾਰਾਂ ਨੇ ਕਿਸੇ ਤਰ੍ਹਾਂ ਆਪਣੇ ਸਾਥੀ ਪੱਤਰਕਾਰਾਂ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਉਣ ’ਤੇ ਮੌਕੇ ’ਤੇ ਵੱਡੀ ਤਦਾਦ ਵਿੱਚ ਪੁੱਜੀ ਪੁਲਿਸ ਪਾਰਟੀ ਨੇ ਬੰਧਕ ਬਣਾਏ ਪੱਤਰਕਾਰਾਂ ਨੂੰ ਰਿਹਾਅ ਕਰਵਾਇਆ।
ਇਸ ਸਾਰੀ ਗੁੰਡਾਗਰਦੀ ਸਬੰਧੀ ਪੀੜ੍ਹਤ ਪੱਤਰਕਾਰਾਂ ਨੇ ਕਰਤਾਰਪੁਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਲੱਗੀਆਂ ਸੱਟਾਂ ਸਬੰਧੀ ਪੁਲਿਸ ਤੋਂ ਜਦੋਂ ਸਿਵਲ ਹਸਪਤਾਲ ਮੈਡੀਕਲ ਕਰਵਾਉਣ ਲਈ ਡੋਕ ਨੰਬਰ ਮੰਗਿਆ ਗਿਆ ਤਾਂ ਪੁਲਿਸ ਨੇ ਯੂਥ ਅਕਾਲੀ ਦਲ ਦੇ ਦਬਾਅ ਹੇਠ ਉਹਨਾਂ ਨੂੰ ਰਾਜ਼ੀਨਾਮਾ ਕਰਨ ਲਈ ਦਬਾਉਣਾ ਚਾਹਿਆ ਤੇ ਡੋਕ ਨੰਬਰ ਦੇਣ ਤੋਂ ਸਾਫ਼ ਮਨਾਂ ਕਰਦਿਆ ਕਾਫੀ ਸਮਾਂ ਖੱਜਲ ਖੁਆਰ ਕਰਦੇ ਰਹੇ, ਅਖੀਰ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਲਿਖ ਕੇ ਦੇਣ ਉਪਰੰਤ ਡਿਊਟੀ ’ਤੇ ਹਾਜ਼ਰ ਡਾਕਟਰ ਨੇ ਮੈਡੀਕਲ ਕਰਨ ਉਪਰੰਤ ਮੈਡੀਕਲ ਲੀਗਲ ਰਿਪੋਰਟ ਸਬੰਧਤ ਪੁਲਿਸ ਥਾਣੇ ਨੂੰ ਭੇਜ ਦਿੱਤੀ।
ਪੀੜ੍ਹਤ ਪੱਤਰਕਾਰਾਂ ਨੇ ਕਿਹਾ ਕਿ ਪੰਜਾਬ ਵਿੱਚ ਹਰ ਵਰਗ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਅੱਜ ਯੂਥ ਅਕਾਲੀ ਆਗੂਆਂ ਤੇ ਵਰਕਰਾਂ ਨੇ ਉਹਨਾਂ ਨਾਲ ਗੁੰਡਾਗਰਦੀ ਕਰਕੇ ਪ੍ਰੈੱਸ ਦੀ ਅਜ਼ਾਦੀ ’ਤੇ ਹਮਲਾ ਕੀਤਾ ਹੈ ਅਤੇ ਲਲਕਾਰ ਕੇ ਕਿਹਾ ਕਿ ਕੋਈ ਵੀ ਪ੍ਰੈਸ ਉਹਨਾਂ ਦੀ ਆਗਿਆ ਤੋਂ ਬਿਨਾਂ ਪਿੰਡਾਂ ਵਿੱਚ ਵੜ੍ਹਨ ਤੇ ਰਿਪੋਰਟਿੰਗ ਕਰਨ ਦੀ ਹਿੰਮਤ ਨਾ ਕਰੇ।
Bodh Singh Ghuman
ਸ਼ਰਮਨਾਕ ਤੇ ਨਿੰਦਣਯੋਗ ਕਾਰਾ।ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ !