ਕਿਊਬਾ ਤੋਂ ਪਹੁੰਚੇ ਡਾਕਟਰ ਜੋਸ਼ੇ ਜੀਸਸ ਵੱਲੋਂ ਕੈਲਗਰੀ ਵਿਚ ਈਬੋਲਾ ਬਿਮਾਰੀ ਬਾਰੇ ਪ੍ਰਭਾਵਸ਼ਾਲੀ ਲੈਕਚਰ
Posted on:- 26-05-2015
-ਬਲਜਿੰਦਰ ਸੰਘਾ
ਕੈਨੇਡੀਅਨ-ਕਿਊਬਨ ਫਰੈਂਡਸ਼ਿੱਪ ਐਸੋਸੀਏਸ਼ਨ ਕੈਲਗਰੀ ਵੱਲੋਂ ਯੂਨੀਟੇਰੀਅਨ ਚਰਚ ਨੌਰਥ ਵੈਸਟ ਕੈਲਗਰੀ ਵਿਚ ਇਕ ਵਿਸ਼ੇਸ਼ ਲੈਕਚਰ ‘ਈਬੋਲਾ ਨੂੰ ਕੰਟਰੋਲ ਕਰਨ ਵਿਚ ਕਿਊਬਾ ਦਾ ਰੋਲ’ ਵਿਸ਼ੇ ਤੇ ਕਰਵਾਇਆ ਗਿਆ। ਜਿਸ ਵਿਚ ਕਿਊਬਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਡਾਕਟਰ ਜੋਸ਼ੇ ਜੀਜਸ ਮੁੱਖ ਬੁਲਾਰੇ ਸਨ। ਡਾਕਟਰ ਸਾਹਿਬ ਨੇ ਪੋ੍ਰਜੈਕਟਰ ਰਾਹੀਂ ਅੰਕੜਿਆਂ ਨੂੰ ਦਰਸਾਉਂਦੇ ਹੋਏ ਕਿਊਬਾ ਹੈਲਥ ਸਿਸਟਮ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਕਿਊਬਾ ਵਿਚ 100% ਲੋਕਾਂ ਨੂੰ ਫਰੀ ਸਿਹਤ ਸੇਵਾਵਾਂ ਮਿਲ ਰਹੀਆਂ ਹਨ। ਜੋ ਡਾਕਟਰੀ ਦੀ ਪੜ੍ਹਾਈ ਕਰਨ ਕਿਊਬਾ ਤੋਂ ਬਾਹਰੋਂ ਆਉਂਦੇ ਹਨ, ਉਹਨਾਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਇਸ ਤੋਂ ਇਲਾਵਾ ਕਿਊਬਾ ਸਾਲ 1963 ਤੋਂ ਲੈਕੇ 2015 ਤੱਕ ਸੰਸਾਰ ਦੇ 108 ਦੇਸ਼ਾਂ ਵਿਚ 1,40000 ਡਾਕਟਰ ਵੱਖ-ਵੱਖ ਸਿਹਤ ਸੇਵਾਵਾਂ ਦੇਣ ਲਈ ਭੇਜ ਚੁੱਕਾ ਹੈ।
ਖਤਰਨਾਕ ਬਿਮਾਰੀ ਈਬੋਲਾ ਨੂੰ ਕੰਟਰੋਲ ਕਰਨ ਲਈ 450 ਡਾਕਟਰ, ਨਰਸਾਂ ਅਤੇ 1500 ਵਲੰਟੀਅਰ ਪੱਛਮੀ ਅਫਰੀਕਾ ਵਿਚ ਭੇਜੇ ਜਾ ਚੁੱਕੇ ਹਨ। ਨੇਪਾਲ ਭੂਚਾਲ ਪੀੜ੍ਹਤ ਲੋਕਾਂ ਦੀ ਮਦਦ ਲਈ ਵੀ ਡਾਕਟਰਾਂ ਦਾ ਡੈਲੀਗੇਸ਼ਨ ਭੇਜਿਆ ਜਾ ਰਿਹਾ ਹੈ। ਕਿਊਬਾ ਵਿਚ 60% ਡਾਕਟਰ ਅਤੇ 70% ਹੈਲਥ ਵਰਕਰ ਔਰਤਾਂ ਹਨ। ਸਾਲ 2015 ਵਿਚ 2500 ਡਾਕਟਰ 67 ਦੇਸ਼ਾਂ ਵਿਚ ਸੇਵਾਵਾਂ ਦੇਣ ਲਈ ਭੇਜੇ ਗਏ। ਫੈਮਲੀ ਡਾਕਟਰਾਂ ਦੀ ਗਿਣਤੀ ਸ਼ਪੈਸਲ ਡਾਕਟਰਾਂ ਦੀ ਗਿਣਤੀ ਨਾਲੋਂ ਕਾਫ਼ੀ ਜਿ਼ਆਦਾ ਹੈ। ਕਮਾਲ ਦੀ ਗੱਲ ਹੈ ਕਿ ਹਰ ਡਾਕਟਰ ਨੂੰ ਬਿਮਾਰੀ ਦੇ ਵਾਇਰਸ ਫੈਲਣ ਤੋਂ ਪਹਿਲਾ ਆਪਣੇ ਇਲਾਕੇ ਦੀ ਜਾਣਕਾਰੀ ਜ਼ਰੂਰੀ ਹੈ ਤਾਂ ਕਿ ਬਿਮਾਰੀ ਲੱਗਣ ਦੇ ਅਸਲ ਕਾਰਨਾਂ ਬਾਰੇ ਜਾਣਿਆ ਜਾ ਸਕੇ। 95% ਲੋਕਾਂ ਨੂੰ ਬੋਤਲ ਦਾ ਸਾਫ਼ ਪਾਣੀ ਪੀਣ ਲਈ ਉੱਪਲਬਧ ਹੈ। ਬਾਕੀ 5% ਵੱਲੋਂ ਵੀ ਪਾਣੀ ਉਬਾਲ ਕੇ ਪੀਤਾ ਜਾਂਦਾ ਹੈ। ਮਲੇਰੀਏ ਨਾਲ ਕਿਊਬਾ ਵਿਚ ਇਕ ਵੀ ਮੌਤ ਨਹੀਂ ਹੁੰਦੀ ਹਾਲਾ ਕਿ ਜੰਗਲ ਦਾ ਏਰੀਆਂ ਵੀ ਅਤੇ ਮੱਛਰ ਵੀ ਹੈ। ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਅਮਰੀਕਾ, ਕੈਨੇਡਾ ਵਰਗੇ ਹੋਰ ਕਿੰਨੇ ਵਿਕਸਤ ਦੇਸ਼ ਹਨ, ਜੋ ਆਪਣੇ ਲੋਕਾਂ ਨੂੰ ਹੀ ਸਿਹਤ ਸੇਵਵਾਂ ਨਹੀਂ ਦੇ ਸਕੇ। ਉਹਨਾਂ ਦੇ ਮੁਕਾਬਲੇ ਕਿਊਬਾ ਇਕ ਗਰੀਬ ਅਤੇ ਨਿੱਕਾ ਜਿਹਾ ਦੇਸ਼ ਬਾਹਰਲੇ ਦੇਸ਼ਾਂ ਵਿਚ ਵੀ ਸਿਹਤ ਸੇਵਾਵਾਂ ਦੇ ਰਿਹਾ ਹੈ।
ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਬਾਹਰਲੇ ਮੁਲਕਾਂ ਵਿਚ ਲੋਕਾਂ ਨੂੰ ਬਚਾਉਣ ਜਾਂਦੇ ਹਾਂ। ਪਰੰਤੂ ਅਮਰੀਕਾ ਵਰਗੇ ਅਮੀਰ ਦੇਸ਼ ਲੋਕਾਂ ਨੂੰ ਮਾਰਨ ਅਤੇ ਲੁੱਟਣ ਜਾਂਦੇ ਹਨ। ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਵੱਲੋਂ ਇਸ ਪ੍ਰੋਗਾਰਮ ਵਿਚ ਕਾਫ਼ੀ ਸ਼ਮੂਲੀਅਤ ਕੀਤੀ ਗਈ ਅਤੇ ਇਸ ਬਾਰੇ ਉਪਰੋਤਕ ਜਾਣਕਾਰੀ ਸੰਸਥਾਂ ਦੇ ਸਕੱਤਰ ਮਾਸਟਰ ਭਜਨ ਸਿੰਘ ਦੁਆਰਾ ਦਿੱਤੀ ਗਈ।