ਨੈਤਿਕਤਾ ਦੇ ਸੰਚਾਰ ਲਈ ਨਰੋਆ ਬਾਲ ਸਾਹਿਤ ਜ਼ਰੂਰੀ : ਮਾਨ
Posted on:- 15-05-2015
ਮਾਹਿਲਪੁਰ: ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦਾ ਮੁੱਖ ਕਾਰਨ ਬੱਚਿਆਂ ਨੂੰ ਗੁਣਾਤਮਿਕ ਸਿੱਖਿਆ ਤੋਂ ਵਾਂਝੇ ਰੱਖਣਾ ਹੈ।ਅੱਜ ਦੀ ਸਿੱਖਿਆ ਪ੍ਰਣਾਲੀ ਬੱਚਿਆਂ ਨੂੰ ਡਾਕਟਰ ਇੰਜੀਨੀਅਰ ਅਤੇ ਅਫਸਰ ਤਾਂ ਬਣਾ ਰਹੀ ਹੈ, ਪਰ ਉਨ੍ਹਾਂ ਵਿੱਚ ਇਨਸਾਨੀਅਤ ਨਹੀਂ ਭਰ ਰਹੀ।ਇਸ ਲਈ ਮਾਪਿਆਂ ਤੇ ਅਧਿਆਪਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਵਿੱਚ ਨੈਤਿਕਤਾ ਦੇ ਸੰਚਾਰ ਲਈ ਉਨ੍ਹਾਂ ਨੂੰ ਨਰੋਆ ਬਾਲ ਸਾਹਿਤ ਮੁਹੱਈਆ ਕਰਨ।ਇਹ ਵਿਚਾਰ ਅਜ ਇੱਥੇ ਸੁਰ ਸੰਗਮ ਵਿਦਿਅਕ ਟਰੱਸਟ ਮਾਹਿਲਪੁਰ ਵਲੋਂ ‘ਬੱਚਿਆਂ ਵਿੱਚ ਨੈਤਿਕਤਾ ਦਾ ਸੰਚਾਰ’ ਵਿਸ਼ੇ ਤੇ ਅਯੋਜਿਤ ਸੈਮੀਨਾਰ ਵਿਚ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਆਪਣੇ ਸੰਬੋਧਨ ਵਿੱਚ ਆਖੇ।ਇੱਹ ਸੈਮੀਨਾਰ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੀ ਸਰਪ੍ਰਸਤੀ ਹੇਠ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਅਯੋਜਿਤ ਕੀਤਾ ਗਿਆ।ਇਸ ਮੌਕੇ ਰਸਾਲੇ ਦੀ ਪ੍ਰਬੰਧਕੀ ਸੰਪਾਦਕਾ ਮਨਜੀਤ ਕੌਰ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਦਾ ਸਮਾਂ ਤਕਨੀਕੀ ਹੋਣ ਕਰਕੇ ਭਾਈਚਾਰਕ ਸਾਂਝ ਅਤੇ ਵਿਰਾਸਤੀ ਗੱਲਾਂ ਤੋਂ ਕੋਰਾ ਹੋਈ ਜਾ ਰਿਹਾ ਹੈ।
ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਵਿਦਿਅਕ ਮਾਹਿਰ ਸ. ਬੱਗਾ ਸਿੰਘ ਆਰਟਿਸਟ ਅਤੇ ਸਰਵਣ ਰਾਮ ਭਾਟੀਆ ਨੇ ਸਮਾਜਿਕ ਨਿਘਾਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨੌਂਜਵਾਨ ਪੀੜੀ ਨੂੰ ਆਦਰਸ਼ ਨਾਗਰਿਕ ਬਣਾਉਣ ਲਈ ਬਚਪਨ ਵਿਚ ਨੈਤਿਕਤਾ ਦਾ ਪਾਠ ਸਕੂਲ਼ਾਂ ਵਿਚ ਸਿਖਾਉਣਾ ਚਾਹੀਦਾ ਹੈ।ਭਾਰਤ ਦੇ ਹਰ ਸ਼ਹਿਰੀ ਨੂੰ ਵਾਤਾਵਰਣ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਸੁਚੇਤ ਹੋਣਾ ਚਾਹੀਦਾ ਹੈ।ਰਾਓ ਕੈਂਡੋਵਾਲ ਨੇ ਕਿਹਾ ਕਿ ਅਜ ਦੀ ਗੀਤਕਾਰੀ ਅਤੇ ਗਾਇਕੀ ਨੇ ਨੰਗੇਜ਼, ਨਸ਼ੇ ਅਤੇ ਹਥਿਆਰਾਂ ਦੇ ਪ੍ਰਚਾਰ ਨਾਲ ਪੰਜਾਬੀਅਤ ਦਾ ਅਕਸ ਧੂੰਦਲਾ ਕਰ ਦਿੱਤਾ ਹੈ।ਇਸ ਮੌਕੇ ਪ੍ਰਧਾਨਗੀ ਮੰਡਲ ਵਲੋਂ ਰਾਓ ਕੈਂਡੋਵਾਲ ਨੂੰ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ।ਪੰਮੀ ਖੁਸ਼ਹਾਲਪੁਰੀ, ਪਵਨ ਕੁਮਾਰ ਰੱਤੂ, ਪੰਮਾ ਪੇਂਟਰ ਆਦਿ ਕਵੀਆਂ ਨੇ ਆਪਣੀ ਅਮੀਰ ਵਿਰਾਸਤ ਨੂੰ ਬਚਾਉਣ ਲਈ ਕਵਿਤਾਵਾਂ ਤੇ ਗੀਤ ਪੇਸ਼ ਕਰਕੇ ਚੰਗਾ ਰੰਗ ਬੰਨਿਆ।ਨਿੱਕੀਆਂ ਕਰੂੰਬਲਾਂ ਪਾਠਕ ਮੰਚ ਵਲੋਂ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਸ਼ਾਨਦਾਰ ਸੱਭਿਆਚਾਰਕ ਝਲਕੀਆਂ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਵਿਜੇ ਰਾਣਾ ਏ ਸੀ ਟੀ, ਗੁਰਦੇਵ ਸਿੰਘ, ਕੁਲਦੀਪ ਕੌਰ ਬੈਂਸ, ਤਨਵੀਰ ਮਾਨ, ਰਵਨੀਤ ਕੌਰ, ਰਜਨੀ ਦੇਵੀ, ਅਸ਼ੋਕ ਕੁਮਾਰ ਸਮੇਤ ਅਧਿਆਪਕ ਮਾਪੇ ,ਬੱਚੇ ਅਤੇ ਸਾਹਿਤਕਾਰ ਹਾਜ਼ਰ ਸਨ।