Thu, 21 November 2024
Your Visitor Number :-   7253594
SuhisaverSuhisaver Suhisaver

ਸ਼ਹੀਦ ਸਰਾਭਾ ਦੀ ਯਾਦਗਰ ’ਤੇ ਮੱਥਾ ਟੇਕਣ ਤੇ ਗੋਲਕ ਦਾ ਮਾਮਲਾ

Posted on:- 12-05-2015

suhisaver

- ਗੁਰਦੀਪ ਬਾਸੀ

ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਵੱਲੋਂ ਕਰਤਾਰ ਸਿੰਘ ਸਰਾਭਾ ਦੀ ਯਾਦਗਰ ਉੱਤੇ ਗੋਲਕ ਰੱਖਣ ਦੀ ਸਖਤ ਨਿੰਦਾ ਕੀਤੀ ਗਈ। ਮੰਚ ਦੇ ਆਗੂ ਗੁਰਦੀਪ ਬਾਸੀ, ਰਣਦੀਪ ਲਹਿਰਾ, ਵਰਿੰਦਰ ਦੀਵਾਨਾ, ਹਰਸ਼ ਲੁਧਿਆਣਾ, ਵਰੁਣ ਖੰਨਾ, ਗੁਰਜਿੰਦਰ ਵਿਦਿਆਰਥੀ, ਸੋਨੀ ਨੰਦਵਾਲ ਨੇ ਕਿਹਾ ਕਿ ਦੇਸ਼ ਦੇ ਕਿਰਤੀ ਲੋਕਾਂ ਨੂੰ ਕਰਤਾਰ ਸਿੰਘ ਸਰਾਭਾ ਵਰਗੇ ਸੂਰਬੀਰ ਗ਼ਦਰੀ ਨੌਜਵਾਨਾਂ ਉੱਤੇ ਹਮੇਸ਼ਾਂ ਹੀ ਮਾਣ ਰਿਹਾ ਹੈ। ਇਹ ਇਸ ਲਈ ਨਹੀਂ ਕਿ ਉਹ ਨਿੱਕੀ ਉਮਰੇ ਫਾਂਸੀ ਦੇ ਤਖਤੇ ਉੱਤੇ ਚੜ੍ਹਿਆ, ਨਾ ਹੀ ਕੇਵਲ ਇਸ ਲਈ ਕਿ ਉਹ ਹਿੰਦੁਸਤਾਨ ਦਾ ਜੰਮਪਲ ਸੀ, ਸਗੋਂ ਇਸ ਲਈ ਕਿ ਉਹਨੇ ਬਰਾਬਰਤਾ ਤੇ ਆਜ਼ਾਦੀ ਦੇ ਸੰਕਲਪ ਵਾਲੀ ਲੋਕਪੱਖੀ ਵਿਚਾਰਧਾਰਾ ’ਤੇ ਪਹਿਰਾ ਦਿੱਤਾ। ਜਿਹੜੀ ਵਿਚਾਰਧਾਰਾ ਬਾਅਦ ਵਿੱਚ ਭਗਤ ਸਿੰਘ ਵਰਗੇ ਦੇਸ਼ ਦੇ ਅਨੇਕਾਂ ਇਨਕਲਾਬੀ ਨੌਜਵਾਨਾਂ ਨੇ ਅਪਣਾਈ।

ਉਨ੍ਹਾਂ ਕਿਹਾ ਕਿ ਅੱਜ ਮੌਕਾਪ੍ਰਸਤ ਤਾਕਤਾਂ ਡਰਾਮੇ ਕਰ ਰਹੀਆਂ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ (ਜ਼ਿਲ੍ਹਾ ਲੁਧਿਆਣਾ) ਵਿਖੇ ਸਰਾਭਾ ਦਾ ਬੁੱਤ ਜੋ ਕਿ ਚੌਂਕ ਵਿੱਚ ਖੜ੍ਹਾ ਹੈ ਉਸ ਬੁੱਤ ਦੇ ਗਲ ਹਾਰ ਪਾ ਕੇ ਮੌਕਾਪ੍ਰਸਤ ਲੁਟੇਰੀਆਂ ਸਰਕਾਰਾਂ ਬੁੱਤ ਪੂਜਾ ਆਸਰੇ ਵੋਟਾਂ ਬਟੋਰਨ ਦਾ ਧੰਦਾ ਕਰਦੀਆਂ ਰਹਿੰਦੀਆਂ ਹਨ। ਪਿਛਲੇ ਸਮੇਂ ਤੋਂ ਇਹ ਮੁੱਦਾ ਬਣ ਗਿਆ ਹੈ ਕਿ ਉਸ ਅਮਰ ਸ਼ਹੀਦ ਦੇ ਬੁੱਤ ਅੱਗੇ ਇਕ ਗੋਲਕ ਰੱਖ ਦਿੱਤਾ ਗਿਆ ਹੈ। ਸਿਰਫ ਗੋਲਕ ਹੀ ਨਹੀਂ ਰੱਖਿਆ ਬਲਕਿ ਇਕ ਧਾਰਮਿਕ ਸਥਾਨ ਵਾਂਗ ਲੋਕਾਂ ਨੂੰ ਉੱਥੇ ਮੱਥਾ ਟੇਕਣ ਲਾ ਦਿੱਤਾ ਗਿਆ ਹੈ। ਉਸ ਸੂਰਬੀਰ ਨੌਜਵਾਨ ਗ਼ਦਰੀ ਯੋਧੇ ਦੇ ਵਿਚਾਰਾਂ ਤੇ ਕੁਰਬਾਨੀ ਦੇ ਉਦੇਸ਼ ਨੂੰ, ਆਦਰਸ਼ ਨੂੰ ਸਮਝਣ ਤੇ ਗ੍ਰਹਿਣ ਕਰਨ ਦੀ ਥਾਂ ਉਸਦੀ ਯਾਦਗਾਰ ਨੂੰ ਧਾਰਮਿਕ ਰੰਗਤ ਦੇ ਕੇ ਪੂਜਣਯੋਗ ਸਥਾਨ ਬਣਾਇਆ ਜਾ ਰਿਹਾ ਹੈ। ਇਸ ਗੰਭੀਰ ਮਸਲੇ ਨੂੰ ਸਮਝਣ, ਘੋਖਣ ਲਈ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੀ ਇਲਾਕਾ ਕਮੇਟੀ ਨੇ ਯਤਨ ਕੀਤਾ।

ਇਲਾਕਾ ਕਮੇਟੀ ਦੇ ਧਿਆਨ ’ਚ ਆਇਆ ਕਿ ਭੋਲੇ-ਭਾਲੇ ਕਿਰਤੀ ਲੋਕ ਜੋ ਆਪਣੇ ਮਹਿਬੂਬ ਸ਼ਹੀਦ ਪ੍ਰਤੀ ਸਦਭਾਵਨਾ ਰੱਖਦੇ ਹਨ ਉਹ ਉਸ ਜਗ੍ਹਾ ਤੇ ਮੱਥਾ ਟੇਕਣ ਲੱਗ ਗਏ ਹਨ। ਜਿਸ ਜਗ੍ਹਾ ਤੋਂ ਲੋਕਾਂ ਨੇ ਇਨਕਲਾਬੀ ਵਿਚਾਰਾਂ ਤੇ ਕੁਰਬਾਨੀ ਦੇ ਬੇਮਿਸਾਲ ਜਜ਼ਬੇ ਦੀ ਗੁੜਤੀ ਲੈਣੀ ਸੀ, ਹੁਣ ਉੱਥੋਂ ਲੋਕ ਮੰਨਤਾਂ ਮੰਗ ਰਹੇ ਹਨ।

ਦੂਸਰਾ ਇਹ ਸਵਾਲ ਵੀ ਵਿਚਾਰਨ ਵਾਲਾ ਹੈ ਕਿ ਕਰਤਾਰ ਸਿੰਘ ਸਰਾਭਾ ਦੇ ਬੁੱਤ ਅੱਗੇ ਲੱਗਿਆ ਗੋਲਕ ਆਰਥਕ ਤੌਰ ਤੇ ਕਿੰਨਾ ਕੁ ਵੱਡਾ ਸਾਧਨ ਹੈ?
ਜਾਣਕਾਰੀ ਅਨੁਸਾਰ ਪਤਾ ਲੱਗਾ ਇਸ ਗੋਲਕ ਤੋਂ ਪ੍ਰਾਪਤ ਹੁੰਦਾ ਪੈਸਾ ਸਰਾਭਾ ਦੇ ਬੁੱਤ ਅਤੇ ਪਿੰਡ ਅੰਦਰ ਬਣੇ ਕਰਤਾਰ ਸਿੰਘ ਸਰਾਭਾ ਦੇ ਘਰ ਦੀ ਦੇਖਭਾਲ ਲਈ ਵਰਤਿਆ ਜਾਂਦਾ ਹੈ। ਫਿਰ ਇਕ ਫਿਕਰ ਇਹ ਪੈਦਾ ਹੁੰਦਾ ਹੈ ਕਿ ਕੀ ਹੁਣ ਸਾਡੇ ਸ਼ਹੀਦਾਂ ਦੇ ਬੁੱਤਾਂ ਅਤੇ ਘਰ ਦੀ ਸੰਭਾਲ ਲਈ ਉਨ੍ਹਾਂ ਅੱਗੇ ਗੋਲਕਾਂ ਲਗਾਉਣੀਆਂ ਪੈਣਗੀਆਂ? ਦੂਸਰਾ ਗੋਲਕ ਦੇ ਨਾਲ-ਨਾਲ ਮੱਥਾ ਟੇਕਣ ਵਾਲੀ ਬਿਰਤੀ ਜਿਸਨੂੰ ਰੋਕਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਇਹ ਮਸਲਾ ਪਿਛਾਖੜੀ ਤਾਕਤਾਂ ਦੁਆਰਾ ਸ਼ਹੀਦ ਸਰਾਭਾ ਨੂੰ ਧਾਰਮਿਕ ਰੰਗਤ ਦੇਣ ਲਈ ਸਹਾਈ ਹੋ ਰਿਹਾ ਹੈ। ਇਹ ਫਿਰਕੂ ਨਫ਼ੳਮਪ;ਰਤ ਦਾ ਸਾਧਨ ਵੀ ਬਣ ਸਕਦਾ ਹੈ। ਇਹ ਸਭ ਸ਼ਹੀਦਾਂ ਨੂੰ ਧਰਮ ਦੇ ਆਧਾਰ ਤੇ ਵੰਡਣ ਦਾ ਆਧਾਰ ਵੀ ਪੈਦਾ ਕਰਦਾ ਹੈ।

ਜੇ ਦੇਖਿਆ ਜਾਵੇ ਤਾਂ ਇਹ ਆਰਥਕ ਪੱਖੋਂ ਆਮਦਨ ਦਾ ਕੋਈ ਬਹੁਤ ਵੱਡਾ ਸਾਧਨ ਨਹੀਂ ਹੈ। ਸ਼ਹੀਦਾਂ ਦੀ ਵਿਰਾਸਤ ਤੇ ਵਿਚਾਰਧਾਰਾ ਨੂੰ ਜਿੰਦਾ ਰੱਖਣ ਅਤੇ ਉਸ ਵਿਚਾਰਧਾਰਾ ਉੱਤੇ ਅਮਲ ਕਰਨ ਵਿੱਚ ਉਨ੍ਹਾਂ ਦੇ ਅਸਲੀ ਵਾਰਸ ਲਗਾਤਾਰ ਯਤਨਸ਼ੀਲ ਹਨ। ਉਹ ਮੌਕਾਪ੍ਰਸਤ ਵੋਟ-ਵਟੋਰੂ ਪਾਰਟੀਆਂ ਵਾਂਗ ਸ਼ਹੀਦਾਂ ਦੀ ਬੁੱਤ ਪੂਜਾ ਕਰਨ ਦਾ ਦੰਭ ਨਹੀਂ ਕਰਦੇ ਬਲਕਿ ਉਨ੍ਹਾਂ ਦੇ ਦਿੱਤੇ ਰਾਹ ਉੱਤੇ ਚੱਲਦੇ ਹਨ।

ਸਰਾਭਾ ਦੀ ਯਾਦਗਰ ਨੂੰ ਧਾਰਮਿਕ ਰੰਗਤ ਦੇਣ ਦਾ ਵਿਰੋਧ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਯਾਦਗਰ ਦੀ ਸਾਂਭ-ਸੰਭਾਲ ਲਈ ਹੋਰ ਬਥੇਰੇ ਯਤਨ ਕੀਤੇ ਜਾ ਸਕਦੇ ਹਨ। ਪਰ ਇਹ ਗੋਲਕ ਤੇ ਮੱਥਾ ਟੇਕਣ ਵਾਲੀ ਪਿਰਤ ਉਨ੍ਹਾਂ ਦੀ ਸ਼ਹੀਦ ਸਰਾਭਾ ਤੇ ਉਨ੍ਹਾਂ ਦੀ ਵਿਚਾਰਧਾਰਾ ਦਾ ਅਪਮਾਨ ਕਰਨ ਤੇ ਉਸਦੀ ਮਹੱਤਤਾ ਨੂੰ ਘਟਾਉਣ ਤੇ ਸੁੰਗੇੜਨ ਵਾਲੀ ਹਰਕਤ ਹੈ। ਲੋਕਪੱਖੀ ਸ਼ਕਤੀਆਂ ਨੂੰ ਇਸ ਮਸਲੇ ਤੇ ਸੋਚਣਾ-ਵਿਚਾਰਨਾ ਤੇ ਸ਼ਹੀਦਾਂ ਦੀ ਵਿਰਾਸਤ ਨੂੰ ਸਾਂਭਣ ਲਈ ਜਿੰਮੇਵਾਰੀ ਓਟਣ ਦੇ ਯਤਨ ਕਰਨੇ ਚਾਹੀਦੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ