‘ਭਾਰਤ ਅਤੇ ਜਮਹੂਰੀ ਹੱਕ’ ਵਿਸ਼ੇ ’ਤੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਕਰਵਾਇਆ ਸੈਮੀਨਾਰ
Posted on:- 04-05-2015
-ਬਲਜਿੰਦਰ ਸੰਘਾ
ਕੈਲਗਰੀ ਵਿਖੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਇੰਕਾ ਸੀਨੀਅਰ ਸੁਸਾਇਟੀ ਵਿਚ ‘ਭਾਰਤ ਅਤੇ ਜਮਹੂਰੀ ਹੱਕ’ ਵਿਸ਼ੇ ਤੇ ਵਿਸ਼ੇਸ਼ ਵਿਚਾਰ-ਚਰਚਾ ਦਾ ਅਯੋਜਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਬੂਟਾ ਸਿੰਘ ਨਵਾਂ ਸ਼ਹਿਰ, ਸੋਹਨ ਮਾਨ, ਬਿੱਕਰ ਸਿੰਘ ਸੰਧੂ ਅਤੇ ਪ੍ਰਸ਼ੋਤਮ ਦੁਸਾਂਝ ਨੇ ਕੀਤੀ। ਇਸ ਵਿਚ ਭਾਰਤ ਤੋਂ ਕੈਨੇਡਾ ਫੇਰੀ ਤੇ ਆਏ ਜਮਹੂਰੀ ਅਧਿਕਾਰ ਸਭਾ (ਪੰਜਾਬ) ਦੇ ਪ੍ਰੈਸ ਸਕੱਤਰ, ਦੋ-ਮਾਸਿਕ ਪੰਜਾਬੀ ਮੈਗਜ਼ੀਨ ‘ਸੁਲਗਦੇ ਪਿੰਡ’ ਦੇ ਸੰਪਾਦਕ, ਲੇਖਕ ਤੇ ਚਿੰਤਕ ਬੂਟਾ ਸਿੰਘ ਨਵਾਂ ਸ਼ਹਿਰ ਨੇ ਉਪਰੋਤਕ ਵਿਸ਼ੇ ਬਾਰੇ ਮੁੱਖ ਬੁਲਾਰੇ ਵਜੋ਼ ਸ਼ਮੂਲੀਅਤ ਕੀਤੀ। ਸਟੇਜ ਸਕੱਤਰ ਮਾਸਟਰ ਭਜਨ ਸਿੰਘ ਦੇ ਸੱਦੇ ਤੇ ਭਾਰਤ ਦੇ ਅਜੋਕੇ ਗੰਭੀਰ ਚਿੰਤਾਜਨਕ ਹਾਲਤਾਂ ਦਾ ਵਿਸ਼ਲੇਸ਼ਣ ਪੇਸ਼ ਕਰਦਿਆਂ ਸ੍ਰੀ ਬੂਟਾ ਸਿੰਘ ਨੇ ਕਿਹਾ ਕਿ ਇਸ ਸੰਕਟ ਦੀਆਂ ਜੜ੍ਹਾਂ 1947 ਦੀ ਸੱਤਾ-ਬਦਲੀ ਜ਼ਰੀਏ ਹੋਂਦ ਵਿਚ ਆਏ ਰਾਜ ਢਾਂਚੇ ਵਿਚ ਮੌਜੂਦ ਹਨ। ਜਿਸ ਨਾਲ ਜਮਹੂਰੀਅਤ, ਸਮਾਜਵਾਦ, ਧਰਮ-ਨਿਰਪੱਖ ਗਣਰਾਜ ਦੇ ਨਾਂ ਹੇਠ ਇੱਕ ਤਾਨਾਸ਼ਾਹ ਹਿੰਦੂ ਫਿਰਕਾਪ੍ਰਸਤ ਕੁਲੀਤੰਤਰ ਜਾਬਰ ਰਾਜਸੀ ਪ੍ਰਬੰਧ ਮੁਲਕ ਦੇ ਲੋਕਾਂ ਉੱਪਰ ਥੋਪਿਆ ਜਾ ਰਿਹਾ ਹੈ।
ਰਸਮੀ ਅਜ਼ਾਦੀ ਦੇ ਪਰਦੇ ਹੇਠ ਨਾਂ ਸਿਰਫ਼ ਸਾਮਰਾਜਵਾਦ ਤੇ ਬਦੇਸ਼ੀ ਸਰਮਾਏ ਦਾ ਗ਼ਲਬਾ ਬਰਕਰਾਰ ਹੈ ਸਗੋਂ ਰਾਜਤੰਤਰ ਦੀ ਮੂਲ ਤਸੀਰ ਵੀ ਅੰਗਰੇਜ਼ੀ ਰਾਜ ਵਾਂਗ ਆਮ ਲੋਕਾਂ ਨੂੰ ਦਬਾਕੇ ਦੇਸੀ ਅਤੇ ਬਦੇਸ਼ੀ ਸਰਮਾਏਦਾਰਾਂ ਤੇ ਪਿਛਲਖੜੀ ਜਗੀਰਦਾਰਾਂ ਦੇ ਹਿੱਤ ਪੂਰੇ ਕਰਨ ਦੀ ਹੈ। ਉਹਨਾਂ ਕਿਹਾ ਕਿ 1947 ਤੋਂ ਹੀ ‘ਅਜ਼ਾਦ’ ਭਾਰਤ ਦੇ ਹੁਕਮਰਾਨਾਂ ਨੇ ਆਪਣੇ ਹੀ ਲੋਕਾਂ ਵਿਰੁੱਧ ਇੱਕ ਜੰਗ ਛੇੜ ਰੱਖੀ ਹੈ,ਜਿਸ ਦੀ ਸਾਖਿਆਤ ਮਿਸਾਲ ਮਜ਼ਦੂਰਾਂ, ਕਿਸਾਨਾਂ, ਸਵੈ-ਨਿਰਣੇ ਲਈ ਸੰਘਰਸ਼ਸ਼ੀਲ ਕੌਮੀਅਤਾਂ, ਧਾਰਮਿਕ ਘੱਟ ਗਿਣਤੀਆਂ, ਆਦਿਵਾਸੀਆਂ ਸਮੇਤ ਹਰ ਦੱਬੇ-ਕੁਚਲੇ ਵਰਗ ਖਿਲਾਫ਼ ਫ਼ੌਜ ਅਤੇ ਨੀਮ-ਫ਼ੌਜੀ ਤਾਕਤਾਂ ਦੀ ਵਾਰ-ਵਾਰ ਬੇਰੋਕ ਵਰਤੋਂ ਹੈ। ਗੈ਼ਰ-ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ, ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਐਕਟ (ਅਫਸਪਾ) ਵਰਗੇ ਅੰਗਰੇਜ਼ੀ ਰਾਜ ਤੋਂ ਵੀ ਵਧੇਰੇ ਜ਼ਾਲਮ ਕਾਨੂੰਨ ਬਣਾਕੇ ਲੱਖਾਂ ਲੋਕਾਂ ਨੂੰ ਜੇਲ੍ਹਾਂ ‘ਚ ਸਾੜਿਆ ਜਾ ਰਿਹਾ ਹੈ।
ਮੋਦੀ ਦੇ ਸੱਤਾਧਾਰੀ ਹੋਣ ਉੱਪਰ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਰਪੋਰੇਟ ਸਰਮਾਏਦਾਰੀ ਅਤੇ ਹਿੰਦੂਤਵੀ ਤਾਕਤਾਂ ਦੇ ਨਾਪਾਕ ਗੱਠਜੋੜ ਰਾਹੀਂ ਭਗਵੇਂ ਬਰਗੇਡ ਦਾ ਸੱਤਾ ਉੱਪਰ ਕਾਬਜ਼ ਹੋਣਾ ਕਾਰਪੋਰੇਟ ਵਿਕਾਸ ਮਾਡਲ ਰਾਹੀਂ ਮੁਲਕ ਦੇ ਕੁਦਰਤੀ ਵਸੀਲਿਆਂ ਅਤੇ ਮਿਹਨਤ ਸ਼ਕਤੀ ਦੀ ਕਾਰਪੋਰੇਟ ਸਰਮਾਏਦਾਰੀ ਵੱਲੋਂ ਲੁੱਟਮਾਰ ਦਾ ਸਿਲਸਿਲਾ ਹੋਰ ਤੇਜ ਹੋ ਗਿਆ ਹੈ, ਉਹਨਾਂ ਜ਼ੋਰ ਦਿੱਤਾ ਕਿ ਕਮਿਊਨਿਸਟਾਂ, ਦਲਿਤਾਂ, ਧਾਰਮਿਕ ਘੱਟਗਿਣਤੀਆਂ, ਕੌਮੀਅਤਾਂ ਸਮੇਤ ਸਮੂਹ ਹਾਸ਼ੀਆਗ੍ਰਸਤ ਦੱਬੇ-ਕੁਚਲੇ ਵਰਗਾਂ ਦੀਆਂ ਕੁਲ ਜਮਹੂਰੀ ਹਿਤੈਸ਼ੀ ਤਾਕਤਾਂ ਨੂੰ ਖੁੱਲ੍ਹੀ ਮੰਡੀ ਦੇ ਵਿਕਾਸ ਮਾਡਲ ਅਤੇ ਹਿੰਦੂਤਵੀ ਤਾਕਤਾਂ ਸਮੇਤ ਮੁੱਖਧਾਰਾ ਸਿਆਸਤ ਦੇ ਨਾਪਾਕ ਗੱਠਜੋੜ ਦੇ ਹਮਲੇ ਵਿਰੁੱਧ ਇੱਕਜੁੱਟ ਹੋਕੇ ਸਾਂਝੀ ਜੱਦੋ-ਜਹਿਦ ਕਰਨ ਦੀ ਜ਼ਰੂਰਤ ਨੂੰ ਪਛਾਨਣਾ ਚਾਹੀਦਾ ਹੈ ਅਤੇ ਅਗਾਂਹਵਧੂ ਸਿਆਸੀ ਬਦਲ ਬੁਲੰਦ ਕਰਨਾ ਚਾਹੀਦਾ ਹੈ। ਇਸ ਇਕੱਤਰਤਾ ਵਿਚ ਤਿੰਨ ਮਤੇ ਪਹਿਲਾ-ਕੈਨੇਡਾ ਸਰਕਾਰ ਦੇ ਫਾਸ਼ੀਵਾਦ ਬਿੱਲ ਸੀ-51 ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ, ਦੂਸਰਾ-ਪੰਜਾਬ ਵਿਚ ਔਰਬਿਟ ਬੱਸ ਦੇ ਚਾਲਕਾਂ ਵੱਲੋਂ ਚਲਦੀ ਬੱਸ ਵਿਚੋਂ ਧੱਕਾ ਦੇ ਕੇ ਕਤਲ ਕੀਤੀ ਲੜਕੀ ਦੇ ਮਾਮਲੇ ਬਾਰੇ, ਤੀਸਰਾ-‘ਗ਼ਦਰ’ ਨਾਮ ਹੇਠ ਸ਼ਰਾਬ ਦਾ ਬਰਾਂਡ ਜਾਰੀ ਕਰਨ ਦੀ ਘਿਨਾਉਣੀ ਕਾਰਵਾਈ ਬਾਰੇ ਪਾਸ ਕੀਤੇ ਗਏ। ਜਿਸਨੂੰ ਹਾਜ਼ਰੀਨ ਨੇ ਹੱਥ ਖੜੇ ਕਰਕੇ ਸਹਿਯੋਗ ਦਿੱਤਾ। ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਨਾਟਕ ਮੰਡਲੀ ਟੀਮ ਦੀ ਆਗੂ ਕਮਲਪ੍ਰੀਤ ਕੌਰ ਪੰਧੇਰ ਅਤੇ ਨਾਟਕ ਟੀਮ ਮੈਂਬਰਾ ਵੱਲੋਂ ਬੂਟਾ ਸਿੰਘ ਨਵਾਂ ਸ਼ਹਿਰ ਦੀ 19ਵੀਂ ਮਸ਼ਹੂਰ ਅਨੁਵਾਦਤ ਕਿਤਾਬ ‘ਸੁਪਨ ਸੰਸਾਰ ਲਈ ਹੱਜ’ ਰੀਲੀਜ਼ ਕੀਤੀ ਗਈ। ਅਖ਼ੀਰ ਵਿਚ ਸਵਾਲ-ਜਵਾਬ ਹੋਏ ਅਤੇ ਭਾਰੀ ਗਿਣਤੀ ਵਿਚ ਆਏ ਸਵਾਲਾਂ ਦੇ ਬੂਟਾ ਸਿੰਘ ਵੱਲੋਂ ਬੜੀ ਗੰਭੀਰਤਾ ਨਾਲ ਜਵਾਬ ਦਿੱਤੇ ਗਏ।