ਸ਼ਰਾਬ ਦੇ ਸਪੈਸ਼ਲ ‘ਗਦਰ’ ਬਰਾਂਡ ਨੂੰ ਮੁੜ ਮਨਜ਼ੂਰੀ ਦੀ ਸਖ਼ਤ ਨਿੰਦਾ
Posted on:- 03-05-2015
ਇਨਕਲਾਬ ਨੌਜਵਾਨ-ਵਿਦਿਆਰਥੀ ਮੰਚ ਦੇ ਸੂਬਾਈ ਆਗੂ ਰਣਦੀਪ ਸੰਗਤਪੁਰਾ, ਗੁਰਦੀਪ ਬਾਸੀ, ਵਰਿੰਦਰ ਦੀਵਾਨਾ, ਮਨਦੀਪ ਨੇ ਪੰਜਾਬ ਸਰਕਾਰ ਦੁਆਰਾ ਪਟਿਆਲਾ ਡਿਸਟਰਲਿਰਜੀ ਕੰਪਨੀ ਦੀ ਸ਼ਰਾਬ ਦੇ ਸਪੈਸ਼ਲ ‘ਗਦਰ’ ਬਰਾਂਡ ਨੂੰ ਮੁੜ ਮਨਜੂਰੀ ਦੇਣ ਦੇ ਫੈਸਲੇ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਦੇ ਸ਼ਹੀਦ ਤੇ ਕੌਮੀ ਮੁਕਤੀ ਲਹਿਰਾਂ ਦੇਸ਼ ਦੇ ਲੋਕਾਂ ਦਾ ਅਮੁੱਲਾ ਸਰਮਾਇਆ ਹੁੰਦੀਆਂ ਹਨ। ਇੰਨ੍ਹਾਂ ਲਹਿਰਾਂ ਦੀ ਅਮੀਰ ਵਿਰਾਸਤ ਨੂੰ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਦੇਣ ਲਈ ਸਾਂਭਿਆ ਜਾਣਾ ਅਤੀ ਜ਼ਰੂਰੀ ਹੁੰਦਾ ਹੈ, ਪਰ ਹਾਕਮ ਜਮਾਤਾਂ ਇੰਨ੍ਹਾਂ ਨੂੰ ਸਾਂਭਣ ਦੀ ਬਜਾਏ ਇਨ੍ਹਾਂ ਦੀ ਬੇਅਦਬੀ ਕਰਨ ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ‘ਕਰ ਅਤੇ ਆਬਕਾਰੀ ਵਿਭਾਗ ਦੁਆਰਾ ਸ਼ਰਾਬ ਦੇ ਸਪੈਸ਼ਲ ਗਦਰ ਬਰਾਂਡ ਨੂੰ ਮਾਨਤਾ ਦੇ ਕਿ ਗਦਰ ਲਹਿਰ ਵਰਗੀਆਂ ਮਹਾਨ ਕੌਮੀ ਲਹਿਰਾਂ ਦੀ ਬੇਅਦਬੀ ਕੀਤੀ ਹੈ।
ਬਸਤੀਵਾਦ ਹਾਕਮਾਂ ਖਿਲਾਫ 1857 ਦਾ ਗਦਰ ਪਹਿਲਾ ਕੌਮੀ ਮੁਕਤੀ ਗਦਰ ਸੀ। ਜਿਸ ਤੋਂ ਪ੍ਰੇਰਨਾ ਲੈ ਕੇ 1913 ‘ਚ ਗਦਰੀ ਬਾਬਿਆਂ ਦੁਆਰਾ ‘ਗਦਰ’ ਅਖਬਾਰ ਕੱਢਿਆ ਗਿਆ ਸੀ ਅਤੇ ਗਦਰ ਪਾਰਟੀ ਦੀ ਸਥਾਪਨਾ ਕੀਤੀ ਸੀ। ‘ਗਦਰ’ ਸ਼ਬਦ ਦੇ ਅਰਥ ਤੇ ਇਸਦਾ ਸੰਕਲਪ ਸਮਾਜ ਵਿੱਚ ਲੋਕ ਹਿੱਤਾਂ ਲਈ ਲੋਟੂ ਜਮਾਤਾਂ ਖਿਲਾਫ ਬੁਨਿਆਦੀ ਤਬਦੀਲੀ ਲਿਆਉਣਾ ਹੈ ਤੇ ਇਹ ਸ਼ਬਦ ਅੱਜ ਸਤਿਕਾਰਤ ਇਤਿਹਾਸਕ ਮਹੱਹਤਾ ਰੱਖਦਾ ਹੈ। ਪਰ ਇਤਿਹਾਸਕ ਗਿਆਨ ਤੋਂ ਕੋਰੇ ਸ਼ਰਾਬ ਦੇ ਠੇਕੇਦਾਰ ਤੇ ਹਾਕਮ ਇਸਦੀ ਮਹੱਹਤਾ ਨੂੰ ਸਮਝਣ ਤੋਂ ਅਸਮਰਥ ਹਨ। ਉਹ ਸੱਤਾ ਦੇ ਨਸ਼ੇ ‘ਚ ਤੇ ਸ਼ਰਾਬ ਰਾਹੀਂ ਹੁੰਦੇ ਮੁਨਾਫੇ ਦੀ ਧੁਨ ‘ਚ ਲੋਕ ਵਿਰੋਧੀ ਫੈਸਲੇ ਲੈ ਕੇ ਬਦਨਾਮੀ ਖੱਟ ਰਹੇ ਹਨ। ‘ਗਦਰ’ ਨਾਂ ਦੇ ਬਰਾਂਡ ਨੂੰ ਲਿਆਉਣ ਤੇ ਸਰਕਾਰ ਦੁਆਰਾ ਇਸ ਨੂੰ ਮਨਜ਼ੂਰੀ ਦੇਣ ਦੇ ਫੈਸਲੇ ਦਾ ਸਭਨਾਂ ਇਨਕਲਾਬੀ-ਜਨਤਕ, ਜਮਹੂਰੀ, ਸੱਭਿਆਚਾਰਕ ਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਸੂਬੇ ਦੇ ਕਿਰਤੀ ਤੇ ਸੂਝਵਾਨ ਲੋਕਾਂ ਨੂੰ ਜਿੱਥੇ ਸ਼ਰਾਬ ਦੇ ਨਾਮ ਹੀਰ, ਰਸਭਰੀ, ਤਮੰਨਾ, ਰਾਣੋ ਆਦਿ ਰੱਖ ਕੇ ਔਰਤ ਜਮਾਤ ਨੂੰ ਨੁਮਾਇਸ਼ ਦੀ ਵਸਤੂ ਬਣਾਕੇ ਪੇਸ ਕਰਨ ਦੇ ਕਾਲੇ ਕਾਰਨਾਮਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ, ਉੱਥੇ ਨਸ਼ਿਆਂ ਖਿਲਾਫ ਵਿਆਪਕ ਮੁਹਿੰਮ ਵੀ ਤੇਜ਼ ਕਰਨੀ ਚਾਹੀਦੀ ਹੈ।-ਰਣਦੀਪ