ਸਾਡੇ ਘਰ ਮਾਤਮ ਛਾਇਆ ਤੁਸੀਂ ਵੰਡੋ ਲੱਡੂ !
Posted on:- 18-04-2015
-ਨਰਾਇਣ ਦੱਤ
ਬਰਨਾਲਾ: ਪਾਵਰਕਾਮ ਦੇ ਪ੍ਰਬੰਧਕਾਂ ਨੇ 16 ਅਪ੍ਰੈਲ ਨੂੰ ਸਮੁੱਚੇ ਪੰਜਾਬ ਅੰਦਰ ਬਿਜਲੀ ਕਾਮਿਆਂ ਨੂੰ ਚਾਰ-ਚਾਰ ਲੱਡੂ ਵੰਡੇ ਹਨ। ਪਾਵਰਕੌਮ ਦੇ ਇਸ ਫੈਸਲੇ ਉੱਤੇ ਇਸ ਅਦਾਰੇ ਅੰਦਰ ਕੰਮ ਕਰਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਤਿੱਖੀ ਪ੍ਰਕਰਿਆ ਪ੍ਰਗਟ ਕੀਤੀ ਹੈ। ਇੱਕ ਪਾਸੇ ਅੰਦਰ ਕੰਮ ਕਰਦੀਆਂ ਦੋ ਸੰਘਰਸ਼ਸ਼ੀਲ ਜਥੇਬੰਦੀਆਂ ਟੈਕਨੀਕਲ ਸਰਵਿਸਜ ਯੂਨੀਅਨ(ਰਜਿ) ਅਤੇ ਪੀ.ਐੱਸ.ਈ.ਬੀ. ਇੰਪਲਾਈਜ ਫੈਡਰੇਸ਼ਨ(ਏਟਕ) ਨੇ ਇਸ ਦਿਨ ਨੂੰ ‘ਕਾਲਾ ਦਿਵਸ’ ਵਜੋਂ ਮਨਾਉਂਦਿਆਂ ਦਫਤਰਾਂ/ਬਿਜਲੀ ਘਰਾਂ ਅੱਗੇ ਕਾਲੇ ਝੰਡੇ ਲਹਿਰਾ ਕੇ ਵਿਸ਼ਾਲ ਰੋਸ ਰੈਲੀਆਂ ਕੀਤੀਆਂ ਹਨ ਦੋਵਾਂ ਜਥੇਬੰਦੀਆਂ ਦੇ ਆਗੂਆਂ ਨੂੰ ਪਾਵਰਕਾਮ ਦੇ ਪ੍ਰਬੰਧਕਾਂ ਦੀ ਇਸ ਮੁਲਾਜ਼ਮ ਵਿਰੋਧੀ ਸਾਜ਼ਿਸ਼ ਦਾ ਅਗਾਊਂ ਜਾਣਕਾਰੀ ਮਿਲਣ ਕਰਕੇ ਹੇਠਾਂ ਤੱਕ ਵਰਕਰਾਂ ਨੂੰ ਸੁਚੇਤ ਰਹਿਣ ਦੀ ਜਾਣਕਾਰੀ ਹੋਣ ਕਰਕੇ ਵੱਡੀ ਗਿਣਤੀ ਵਿੱਚ ਬਿਜਲੀ ਕਾਮਿਆਂ ਨੇ ਇਸ ਦਾ ਬਾਈਕਾਟ ਕੀਤਾ ।
ਜਦੋਂ ਲੋਕਾਂ ਦੀ ਬੇਸ਼ਕੀਮਤੀ ਜਾਇਦਾਦ ਉੱਤੇ ਉੱਸਰੇ ਅਤੇ ਹਜਾਰਾਂ ਬਿਜਲੀ ਕਾਮਿਆਂ ਦੀ ਸ਼ਹਾਦਤ ਦੀ ਬਦੌਲਤ ਭਰ ਜੋਬਨ ਅਵਸਥਾ ਵਿੱਚ ਪਹੁੰਚੇ ਜਨਤਕ ਖੇਤਰ ਦੇ ਇਸ ਅਦਾਰੇ ਨੂੰ ਜਦੋਂ 16 ਅਪ੍ਰੈਲ 2010 ਨੂੰ ਤੋੜ ਕੇ ਪਾਵਰਕਾਮ ਅਤੇ ਟਰਾਂਸਕੋ ਵਿੱਚ ਵੰਡ ਦਿੱਤਾ ਗਿਆ ਸੀ ਤਾਂ ਦੋਵਾਂ ਜਥੇਬੰਦੀਆਂ ਦੇ ਵਰਕਰਾਂ ਨੇ ਪੂਰੀ ਦਿ੍ਰੜਤਾ ਨਾਲ ਦੋ ਰੋਜਾ ਹੜਤਾਲ ਕਰਕੇ ਪੰਜਾਬ ਦੀ ਲੋਕਾਈ ਨੂੰ ਭੰਗ ਕਰਨ ਦੇ ਚੰਦਰੇ ਮਨਸੂਬਿਆਂ ਪ੍ਰਤੀ ਸੁਚੇਤ ਕੀਤਾ ਸੀ ਕਿ ਪੰਜਬ ਦਾ ਜਿਹੜਾ ਮੁੱਖ ਮੰਤਰੀ ਸ਼੍ਰੀ ਹਰਿਮੰਦਰ ਸਾਹਿਬ ਵੱਲ ਹੱਥ ਕਰਕੇ ਐਲਾਨ ਕਰ ਰਿਹਾ ਸੀ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਨਹੀਂ ਨਿਗਮੀਕਰਨ ਕੀਤਾ ਜਾਵੇਗਾ। ਅਜਿਹਾ ਹੋਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਵੱਡੀ ਪੱਧਰ ਉੱਤੇ ਗਰਾਂਟਾਂ ਦੇ ਰੂਪ’ਚ ਪੈਸਾ ਮਿਲੇਗਾ। ਜਿਸ ਨਾਲ ਬਿਜਲੀ ਖੇਤਰ ਅੰਦਰ ਬਿਹਤਰ ਬਿਜਲੀ ਸੇਵਾਵਾਂ ਦੇਣ ਲਈ ਵਿਆਪਕ ਸੁਧਾਰ ਕੀਤਾ ਜਾਵੇਗਾ, ਨਵੇਂ ਸਟਾਫ ਦੀ ਭਰਤੀ ਕੀਤੀ ਜਾਵੇਗੀ,ਬਿਜਲੀ ਦੀਆ ਦਰਾਂ ਨਹੀਂ ਵਧਾਈਆਂ ਜਾਣਗੀਆਂ। ਆਗੂਆਂ ਨੇ ਤੱਥਾਂ ਸਹਿਤ ਪਾਵਰਕਾਮ ਦੇ ਅੰਕੜਿਆਂ ਅਨੁਸਾਰ ਜੇਕਰ ਦਿਹਾਤੀ ਮੰਡਲ ਬਰਨਾਲਾ ਦੀ ਹੀ ਉਦਾਹਰਣ ਲੈ ਲਈ ਜਾਵੇਗੀ ਤਾਂ ਇਸ ਦਫਤਰ ਅਧੀਨ ਮਨਜੂਰ ਸ਼ੁਦਾ ਸਟਾਫ ਦੀਆਂ ਅਧਿਕਾਰੀਆਂ/ਕਰਮਚਾਰੀਆਂ ਦੀਆਂ 347 ਅਸਾਮੀਆਂ ਉੱਪਰ ਸਿਰਫ 163 ਮੁਲਾਜ਼ਮ/ਅਧਿਕਾਰੀ ਹੀ ਕੰਮ ਕਰ ਰਹੇ ਹਨ। ਟੈਕਨੀਕਲ ਕਾਮਿਆਂ ਦੀਆਂ ਇਸ ਵੱਡੀ ਪੱਧਰ ਉੱਪਰ ਖਾਲੀ ਅਸਾਮੀਆਂ ਹੋਣ ਕਰਕੇ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਣ ਵਾਲੇ ਹਾਦਸਿਆਂ ਦੀ ਦਰ ਲਗਾਤਾਰ ਵਧ ਰਹੀ ਹੈ।ਭਰਤੀ ਬਿਲਕੁਲ ਬੰਦ ਹੋਣ ਕਾਰਨ ਸਾਰਾ ਕੰਮ ਆਊਟਸੋਰਸਿੰਗ ਰਾਹੀਂ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਠੇਕੇਦਾਰੀ ਪ੍ਰਬੰਧ ਪੰਜਾਬ ਦੇ ਬੇਰੁਜ਼ਗਾਰ ਧੀਆਂ ਪੁੱਤਾਂ ਦੀ ਕਿਰਤ ਸ਼ਕਤੀ ਤਿੱਖੀ ਲੁੱਟ ਕਰ ਰਿਹਾ ਹੈ, ਉੱਥੇ ਹੀ ਹਾਦਸਾ ਵਾਪਰਨ ਦੀ ਸੂਰਤ ਵਿੱਚ ਮਿ੍ਰਤਕ ਦੇ ਪ੍ਰੀਵਾਰਾਂ ਦੇ ਵਾਰਸਾਂ ਨੂੰ ਰੋਜੀ ਰੋਟੀ ਤੋਂ ਵੀ ਮੁਥਾਜ ਹੋਣਾ ਪੈ ਰਿਹਾ ਹੈ।
ਅਜਿਹੀ ਹਾਲਤ ਵਿੱਚ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਪਾਵਰਕਾਮ ਦੇ ਪ੍ਰਬੰਧਕ ਕਿਸ ਗੱਲ ਦੀ ਖੁਸ਼ੀ ਉੱਤੇ ਲੱਡੂ ਵੰਡ ਰਹੇ ਹਨ ਇਹ ਬਹੁਤ ਗੰਭੀਰ ਸਾਜ਼ਿਸ਼ ਦਾ ਹਿੱਸਾ ਹੀ ਨਹੀਂ ਸਗੋਂ ਬਿਜਲੀ ਕਾਮਿਆਂ ਦੇ ‘ਜ਼ਖਮਾਂ ਉੱਤੇ ਲੂਣ ਭੁੱਕਣ’ ਵਾਲੀ ਕਹਾਵਤ ਵਾਂਗ ਹੈ ਕਿ ਇੱਕ ਪਾਸੇ ਤਾਂ ਬਿਜਲੀ ਬੋਰਡ ਹੁਣ ਪਾਵਰਕਾਮ ਦੇ ਕਾਮੇ ਖਤਰਨਾਕ ਹਾਲਤਾਂ ਵਿੱਚ ਜਾਨ ਜੋਖਮ ਵਿੱਚ ਪਾਕੇ ਕੰਮ ਕਰਨ ਲਈ ਮਜਬੂਰ ਹਨ। ਆਪਣੀਆਂ ਚੰਗੇਰੀਆਂ ਹਾਲਤਾਂ ਲਈ ਹੱਕੀ ਅਤੇ ਜਾਇਜ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ ਅਤੇ ਪਾਵਰਕਾਮ ਦੇ ਪ੍ਰਬੰਧਕ ਸੰਘਰਸ਼ ਕਰਨ ਵਾਲੀਆਂ ਆਗੂ ਟੀਮਾਂ ਨੂੰ ਵਿਕਟੇਮਾਈਜ ਕਰਕੇ ਟਰਮੀਨੇਟ ਤੱਕ ਕਰ ਰਹੀ ਹੈ,ਪਾਵਰਕਾਮ ਦੇ ਪ੍ਰਬੰਧਕਾਂ ਦੀਆਂ ਇਨ੍ਹਾਂ ਨੀਤੀਆ ਤੋਂ ਤੰਗ ਆਏ ਉੱਚ ਅਹੁਦਿਆਂ ਉੱਪਰ ਤਾਇਨਾਤ ਅਧਿਕਾਰੀਆਂ ਤੱਕ ਨੂੰ ਖੁਦਕਸ਼ੀਆਂ ਵਰਗੇ ਕਦਮ ਉਠਾੳਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਹ ਸਾਰਾ ਕੁਝ ਸੂਬਾਈ ਅਤੇ ਕੇਂਦਰੀ ਹਾਕਮਾਂ ਵੱਲੋਂ ਲਾਗੂ ਕੀਤੀ ਜਾ ਰਹੀ ਉਦਾਰੀਕਰਨ ਸੰਸਾਰੀਕਰਨ ਨਿੱਜੀਕਰਨ ਦੀ ਲੋਕ/ਮੁਲਾਜ਼ਮ ਵਿਰੋਧੀ ਨੀਤੀ ਦਾ ਸਿੱਟਾ ਹੈ, ਜਿਸ ਵਿਰੁੱਧ ਬਿਜਲੀ ਕਾਮਿਆਂ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦੀ ਮਿਹਨਤੀ ਲੋਕਾਈ ਦਾ ਵਿਸ਼ਾਲ ਏਕਾ ਉਸਾਰਦਿਆਂ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਅਤੇ ਤਿੱਖਾ ਕਰਨ ਦੀ ਜ਼ਰੂਰਤ ਹੈ।