ਕਾਮਰੇਡ ਦਰਸ਼ਨ ਚਾਹਲ ਨੂੰ ਨਿੱਘੀ ਅਤੇ ਇਨਕਲਾਬੀ ਅੰਤਮ ਵਿਦਾਇਗੀ
Posted on:- 12-09-2012
ਕਾਮਰੇਡ ਦਰਸ਼ਨ ਚਾਹਲ ਪਿੰਡ ਗ਼ਾਲਿਬ ਕਲਾਂ (ਜ਼ਿਲ੍ਹਾ ਲੁਧਿਆਣਾ) ਦਾ ਅੰਤਮ ਸੰਸਕਾਰ ਅੱਜ ਇੱਥੇ ਵੈਲੀ ਵਿਊ ਫਿਊਨਰਲ ਹੋਮ ਵਿੱਚ ਪਰਿਵਾਰ,ਰਿਸ਼ਤੇਦਾਰਾਂ,ਦੋਸਤਾਂ ਮਿੱਤਰਾਂ ਤੋਂ ਇਲਾਵਾ ਸ਼ਾਇਰ, ਲੇਖਕ, ਬੁੱਧੀਜੀਵੀ ਅਤੇ ਅਮਰੀਕਾ ਕੈਨੇਡਾ ਦੇ ਦੂਰ ਦੁਰਾਡੇ ਸ਼ਹਿਰਾਂ ਤੋਂ ਆਏ ਸਬੰਧੀਆਂ ਦੀ ਹਾਜਰੀ ਵਿੱਚ ਕੀਤਾ ਗਿਆ।ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਿਰਤੀ ਕਿਸਾਨ ਯੁਨੀਅਨ ਪੰਜਾਬ ਦੇ ਆਗੂ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਵਿੱਚ ਈਸਟ ਇੰਡੀਅਨ ਡਿਫੈਂਸ ਕਮੇਟੀ ਦੇ ਆਗੂ ਹਰਭਜਨ ਚੀਮਾ ‘ਤੇ ਸਾਥੀ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਅਵਤਾਰ ਬਾਈ ‘ਤੇ ਹੋਰ ਤਰਕਸ਼ੀਲ ਸਾਥੀ, ਜਗਰੂਪ ਧਾਲੀਵਾਲ ਪ੍ਰਧਾਨ ਐਬਸਫੋਰਡ ਯੂਨਿਟ, ਸਾਧੂ ਸਿੰਘ ਗਿੱਲ, ਬਘੇਰਾ ਸਿੰਘ ਅੱਚਰਵਾਲ, ਹਰਜੀਤ ਦੌਧਰੀਆ, ਰਾਜਾ ਘਾਲੀ, ਮਹਿੰਦਰ ਕੁੱਕੀ ਅਮਰੀਕਾ, ਸੁਰਿੰਦਰ ਸਿੰਘ ਦੌਧਰ ਅਤੇ ਹੋਰ ਸਾਥੀਆਂ ਵੱਲੋਂ ਦਰਸ਼ਨ ਚਾਹਲ ਨੂੰ ਲਾਲ ਸਲਾਮ ਦੇ ਨਾਹਰਿਆਂ ਦੀ ਗੂੰਜ ਹੇਠ ਸੂਹੇ ਲਾਲ ਪਰਚਮ ਵਿੱਚ ਲਪੇਟਿਆ ਗਿਆ।ਇਸ ਸਮੇਂ ਲਿਬਰਲ ਆਗੂ ਸ਼ਿੰਦਰ ਪੁਰੇਵਾਲ, ਪੱਤਰਕਾਰ ਬਲਜੀਤ ਬੱਲੀ, ਜਰਨੈਲ ਸਿੰਘ ਆਰਟਿਸਟ ‘ਤੇ ਇੰਡੋ ਕਨੇਡੀਅਨ ਵਰਕਰ ਐਸੋ: ਦੇ ਆਗੂ ਕੁਲਵੰਤ ਢੇਸੀ, ਡਾ: ਸਾਧੂ ਸਿੰਘ, ਸੁਰਿੰਦਰ ਚਾਹਲ ਵੀ ਹਾਜ਼ਰ ਸਨ।
ਕਾਮਰੇਡ ਚਾਹਲ ਅਜੇ ਇੱਕ ਸਾਲ ਪਹਿਲਾਂ ਹੀ ਕੈਨੇਡਾ ਆਏ ਸਨ ਪਰ ਡਾਕਟਰਾਂ ਵੱਲੋਂ ਕੁੱਝ ਕੁ ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਕੈਂਸਰ ਦੀ ਨਾਮੁਰਾਦ ਬੀਮਾਰੀ ਦਾ ਪੀੜਤ ਐਲਾਨਿਆ ਗਿਆ ਸੀ।ਕਾਮਰੇਡ ਚਾਹਲ ਆਪਣੇ ਅੰਤਮ ਸਾਹਾਂ ਤੱਕ ਪੂਰੇ ਮਜ਼ਬੂਤ ਰਹੇ ਅਤੇ ਉਨ੍ਹਾਂ ਕਦੇ ਵੀ ਆਪਣੇ ਚਿਹਰੇ ਤੇ ਨਿਰਾਸ਼ਾ ਨਹੀਂ ਆਉਣ ਦਿੱਤੀ ਸਗੋਂ ਉਹ ਕੁੱਝ ਨਾ ਕੁੱਝ ਨਵਾਂ ਕਰਨ ਦੀ ਤਾਂਘ ਹਰ ਸਮੇਂ ਜਾਹਰ ਕਰਦੇ ਰਹੇ।ਕਾਮਰੇਡ ਚਾਹਲ ਹਰ ਵਕਤ ਕੁੱਝ ਨਾ ਕੁੱਝ ਪੜ੍ਹਦੇ ਰਹਿੰਦੇ ਉਨ੍ਹਾਂ ਦਾ ਇਹ ਸ਼ੌਂਕ ਮਰਦੇ ਦਮ ਤੱਕ ਕਾਇਮ ਰਿਹਾ।ਕਾਮਰੇਡ ਚਾਹਲ ਸੱਤਰਵਿਆਂ ਵਿੱਚ ਜਦੋਂ ਉਹ ਹਾਲੇ ਨੌਵੀਂ ਦਸਵੀਂ ਵਿੱਚ ਪੜ੍ਹਦੇ ਸਨ ਨਕਸਲਬਾੜੀ ਲਹਿਰ Žਬਸੰਤ ਦੀ ਗਰਜ਼„ ਦੇ ਪ੍ਰਭਾਵ ਵਿੱਚ ਆ ਗਏ ਸਨ। ਪਹਿਲਾਂ ਉਹ ਵਿਦਿਆਰਥੀ ਜਥੇਬੰਦੀ “ਪੰਜਾਬ ਸਟੂਡੈਂਟ ਯੂਨੀਅਨ„ ਦਾ ਹਿੱਸਾ ਬਣੇ ਅਤੇ ਮੋਗਾ ਗੋਲੀ ਕਾਂਡ ਦੇ ਘੋਲ਼ ਸਮੇਂ ਵਿਦਿਆਰਥੀਆਂ ਦੀ ਅਗਵਾਈ ਕੀਤੀ। 26 ਜਨਵਰੀ 1973 ਵਾਲੇ ਦਿਨ ਕਾਲੀ ਅਜ਼ਾਦੀ ਮਨਾਉਂਦਿਆਂ ਕਾਂਗਰਸੀਆਂ ਦੇ ਜਲਸੇ ਨੂੰ ਤਹਿਸ ਨਹਿਸ ਕੀਤਾ ਸਾਥੀ ਚਾਹਿਲ ਤੇ ਅਵਤਾਰ ਸਿੱਧੂ ਤੇ ਤਿਰੰਗਾ ਝੰਡਾ ਸਾੜਨ ਦਾ ਕੇਸ ਬਣਿਆ ਜੋ ਤਿੰਨ ਸਾਲ ਚੱਲਿਆ ਤੇ ਅਖੀਰ ਬਰੀ ਹੋ ਗਏ।ਕਾਲਜ ਜਾਣਾ ਬੰਦ ਪਰ ਨੌਜਵਾਨ ਭਾਰਤ ਸਭਾ ਦੀ ਉਸਾਰੀ ਅਤੇ ਵਾਹੀਕਾਰਾ ਯੂਨੀਅਨ ਦੀ ਅਗਵਾਈ ਕੀਤੀ ਅਤੇ ਕਈ ਘੋਲ਼ ਲੜੇ।
1974 ਵਿੱਚ ਡੀਜ਼ਲ ਦੀ ਬਲੈਕ ‘ਤੇ ਬਨਾਉਟੀ ਥੁੜ ਕਾਰਨ ਕਿਸਾਨ ਪੈਟਰੌਲ ਪੰਪਾਂ ਤੇ ਲਾਈਨਾ ਲਾ ਕੇ ਰੁਲਣ ਲੱਗੇ ‘ਤੇ ਉੱਥੇ ਹੀ ਸੌਣ ਲਈ ਮਜਬੂਰ ਹੋਣ ਲੱਗੇ ਤਾਂ ਕਿਸਾਨਾਂ ਦੀ ਇਸ ਖ਼ਜਲ ਖ਼ੁਆਰੀ ਦੇ ਖ਼ਿਲਾਫ਼ ਜਗਰਾਓਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਸਾਥੀ ਚਾਹਲ ਹੋਰਾਂ ਦੀ ਅਗਵਾਈ ਵਿੱਚ ਕੀਤਾ ਗਿਆ ਜਿਸ ਵਿੱਚ ਕਾਮਰੇਡ ਚਾਹਲ ਦੇ ਪਿੰਡ ਦਾ ਹੀ ਇੱਕ ਵਰਕਰ ਪਿਆਰਾ ਸਿੰਘ ਪੁਲੀਸ ਦੀ ਗੋਲੀ ਨਾਲ ਮਾਰਿਆ ਗਿਆ ਤੇ ਦੋ ਵਰਕਰ ਜ਼ਖ਼ਮੀ ਹੋ ਗਏ ਸਨ। 1975 ਦੇ ਫਾਸ਼ੀਵਾਦੀ ਦੌਰ ਸਮੇਂ ਜਦੋਂ ਹਕੂਮਤ ਵੱਲੋਂ ਐਮਰਜੈਂਸੀ ਲਾਈ ਗਈ ਤਾਂ ਉਸ ਸਮੇਂ ਸਾਰੀਆਂ ਹੀ ਵਿਰੋਧੀ ਪਾਰਟੀਆਂ ਦੇ ਆਗੂਆਂ ਸਮੇਤ ਕਾਮਰੇਡ ਚਾਹਲ ਨੂੰ ਵੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ।ਜੇਲ੍ਹ ਵਿੱਚ ਕਾਮਰੇਡ ਚਾਹਲ ਅਮਰ ਸਿੰਘ ਅਚਰਵਾਲ, ਨਾਟਕਕਾਰ ਗੁਰਸ਼ਰਨ ਸਿੰਘ ਸਮੇਤ ਵਿਰੋਧੀ ਪਾਰਟੀਆਂ ਦੇ ਮੁੱਖ ਆਗੂਆਂ ਨਾਲ ਲੁਧਿਆਣਾ ਅਤੇ ਫ਼ਿਰੋਜਪੁਰ ਦੀਆਂ ਜੇਲ੍ਹਾਂ ਵਿੱਚ ਰਹੇ।ਕਾਮਰੇਡ ਚਾਹਲ ਨਾਗੀਰੈਡੀ ਗਰੁੱਪ ਦੇ ਪਰਚੇ ਜ਼ਫ਼ਰਨਾਮਾ ਅਤੇ ਜੈਕਾਰਾ ਦੇ ਸੰਪਾਦਕ ਅਤੇ ਗਰੁੱਪ ਦੇ ਸੂਬਾ ਕਮੇਟੀ ਮੈਂਬਰ ਵੀ ਰਹੇ।ਕਾਮਰੇਡ ਚਾਹਲ ਕਵਿਤਾਵਾਂ ਵੀ ਲਿਖਦੇ ਸਨ ਉਨ੍ਹਾਂ ਦੀ ਇੱਕ ਕਵਿਤਾ ਦੀਆਂ ਇਹ ਲਾਈਨਾਂ ਧਿਆਨ ਦੇਣ ਯੋਗ ਹਨ ਜੋ ਇਨਕਲਾਬੀ ਕਵੀ ਪਾਸ਼ ਨੁੰ ਵੀ ਪ੍ਰਭਾਵਿਤ ਕਰਨੋਂ ਨਾ ਰਹਿ ਸਕੀਆਂ।
ਮਾਸਕੋ, ਸਾਡਾ ਲੈਨਿਨ ਸਾਨੂੰ ਮੋੜਦੇ... ਅਸੀਂ ਮੁੜ ਅਕਤੂਬਰ ਲੈ ਆਵਾਂਗੇ
ਕਾਮਰੇਡ ਦਰਸ਼ਨ ਚਾਹਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਨਿਰਭੈ ਸਿੰਘ ਢੁੱਡੀਕੇ, ਰੇਡੀਓ ਹੋਸਟ ਸੁਖਮਿੰਦਰ ਸਿੰਘ ਚੀਮਾ ਅਤੇ ਰੇਡੀਓ ਹੋਸਟ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਨੂੰ ਸਾਂਝਿਆਂ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ।ਉਨ੍ਹਾਂ ਦੇ ਵੱਡੇ ਭਰਾ ਸੋਹਣ ਸਿੰਘ ਚਾਹਲ ਨੇ ਬੜੇ ਹੀ ਜਜ਼ਬਾਤੀ ਹੁੰਦਿਆਂ ਦਰਸ਼ਨ ਚਾਹਲ ਦੇ ਜੇਲ੍ਹ ਚੋਂ ਰਿਹਾ ਹੋਣ ਸਮੇਂ ਦੀ ਘਟਨਾ ਦਾ ਜ਼ਿਕਰ ਕੀਤਾ ਅਤੇ ਇਸ ਗੱਲ ਲਈ ਮੁਆਫੀ ਮੰਗੀ ਕਿ ਸ਼ਾਇਦ ਅਸੀਂ ਪਰਿਵਾਰ ਵੱਲੋਂ ਤੇਰੀ ਇੱਛਾ ਨਾ ਜਾਣ ਸਕਣ ਕਾਰਨ ਤੇਰੇ ਵਿਚਾਰਾਂ ਦੇ ਉਲਟ ਧਾਰਮਿਕ ਰਸਮਾਂ ਕਰ ਰਹੇ ਹਾਂ ਪਰ ਤੇਰੇ ਸਾਥੀ ਤੇਰੇ ਮੁਤਾਬਕ ਹੀ ਰਸਮਾਂ ਕਰ ਰਹੇ ਹਨ ਅਤੇ ਉਨ੍ਹਾਂ ਪ੍ਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਸ਼ਰਧਾਂਜਲੀ ਸਮਾਗਮ
ਗੁਰਦੁਆਰਾ ਬਰੁੱਕਸ ਵੁੱਡ (ਰਾਮਗੜ੍ਹੀਆ) ਵਿਖੇ ਅੰਤਮ ਅਰਦਾਸ ਸਮੇਂ ਅਵਤਾਰ ਬਾਈ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕੈਮਲੂਪਸ ਤੋਂ ਪਰੋਫੈਸਰ ਸੁਰਿੰਦਰ ਧੰਜਲ ਦਾ ਸ਼ੋਕ ਸੁਨੇਹਾ ਪੜ੍ਹਕੇ ਸਣਾਇਆਂ ਅਤੇ ਆਈਆਂ ਸੰਗਤਾਂ ਦਾ ਧੰਨਵਾਦਿ ਕਰਦਿਆਂ ਦੱਸਿਆ ਕਿ ਕਾਮਰੇਡ ਦਰਸ਼ਨ ਚਾਹਲ ਦੇ ਇਨਕਲਾਬੀ ਸਾਥੀਆਂ ਵੱਲੋਂ ਮਿਤੀ 16 ਸਤੰਬਰ, 2012, ਦਿਨ ਐਤਵਾਰ ਨੂੰ ਦਰਸ਼ਨ ਚਾਹਲ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬੁਲਾਰੇ ਸਾਥੀ ਚਾਹਲ ਦੀ ਜ਼ਿੰਦਗੀ ਬਾਰੇ ਖੁਲ੍ਹਕੇ ਵਿਚਾਰਾਂ ਕਰਨਗੇ।ਆਪ ਸਭ ਨੂੰ ਪਹੁੰਚਣ ਲਈ ਅਪੀਲ ਕੀਤੀ ਜਾਂਦੀ ਹੈ।ਸ਼ਰਧਾਂਜਲੀ ਸਮਾਗਮ ਪਰੌਗਰੈੱਸਿਵ ਕਲਚਰਲ ਸੈਂਟਰ # 126 - 7536 - 130 ਸਟਰੀਟ ਸਰ੍ਹੀ ਵਿਖੇ ਠੀਕ 2 ਵਜੇ ਦੁਪਹਿਰ ਤੋਂ 6 ਵਜੇ ਸ਼ਾਮ ਤੱਕ ਹੋਵੇਗਾ।
ਵਧੇਰੇ ਜਾਣਕਾਰੀ ਲਈ ਫੋਨ ਕਰੋ ਅਵਤਾਰ ਬਾਈ: 604-728-7011
avtar sidhu
I tried been 3 times in vein ..no more ...