ਪੰਜਾਬ ਸਰਕਾਰ ਦਾ 'ਖਾਲੀ' ਖ਼ਜ਼ਾਨਾ ਭਰਨ ਲਈ ਐੱਨ.ਐੱਚ.ਐੱਮ. ਮੁਲਾਜ਼ਮਾਂ ਨੇ ਮੰਗੀ ਭੀਖ
Posted on:- 16-04-2015
ਭੀਖ ਦੌਰਾਨ ਹੋਏ 527 ਰੁਪਏ ਇਕੱਠੇ
ਸੰਗਰੂਰ: ਰੇਗੂਲਰ ਪੇ-ਸਕੇਲ ਦੀ ਮੰਗ ਨੂੰ ਲੈ ਕੇ ਐੱਨ.ਐੱਚ.ਐੱਮ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਨੂੰ ਅੱਜ ਪੂਰਾ ਮਹੀਨਾ ਹੋ ਗਿਆ ਹੈ।ਮੁਲਾਜ਼ਮਾਂ ਨੂੰ ਸਰਕਾਰ ਨੇ ਭਾਵੇਂ ਕਿ 16 ਅਪਰੈਲ ਨੂੰ ਪੈਨਲ ਮੀਟਿੰਗ ਲਈ ਬੁਲਾਇਆ ਗਿਆ ਹੈ ਪਰ ਸਰਕਾਰ ਨੇ ਇਸ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਇਹ ਬਿਆਨ ਦਿੱਤਾ ਕਿ ਜੇਕਰ ਮੁਲਾਜ਼ਮਾਂ ਨੇ 20 ਅਪਰੈਲ ਤੱਕ ਹੜਤਾਲ ਨਾ ਤੋੜੀ ਤਾਂ ਉੇਨ੍ਹਾਂ ਦਾ ਠੇਕਾ ਰੀਨਿਊ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਜਾਣਗੀਆਂ।ਇਸ ਬਿਆਨ ਤੋਂ ਭੜਕੇ ਐੱਨ.ਐੱਚ.ਐੱਮ ਮੁਲਾਜ਼ਮਾਂ ਨੇ ਅੱਜ ਸ਼ਹਿਰ ਵਿੱਚ ਭੀਖ ਮੰਗ ਕੇ 527 ਰੁਪਏ ਇਕੱਤਰ ਕੀਤੇ ਤਾਂ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਭਰਿਆ ਜਾ ਸਕੇ।
ਸਰਕਾਰ ਦੀ ਦੋਗਲੀ ਨੀਤੀ ਦਾ ਵਿਰੋਧ ਕਰਦਿਆਂ ਅੱਜ ਜ਼ਿਲ੍ਹਾ ਭਰ ਤੋਂ ਆਏ ਐੱਨ.ਐੱਚ.ਐੱਮ ਮੁਲਾਜ਼ਮਾਂ ਨੇ ਹਸਪਤਾਲ, ਰੇੜੀਆਂ, ਦੁਕਾਨਾਂ ਅਤੇ ਬੱਸਾਂ ਆਦਿ ਵਿੱਚ ਸਰਕਾਰ ਦੇ ਖ਼ਾਲੀ ਖ਼ਜ਼ਾਨੇ ਨੂੰ ਭਰਨ ਲਈ ਐੱਨ.ਐੱਚ.ਐੱਮ. ਮੁਲਾਜ਼ਮਾਂ ਨੇ ਭੀਖ ਮੰਗੀ।ਉਨ੍ਹਾਂ ਕਿਹਾ ਕਿ ਸਰਕਾਰ ਲਈ ਆਪਣੇ ਵਿਧਇਕਾਂ ਦੀਆਂ ਤਨਖਾਹਾਂ ਲਈ ਖਜ਼ਾਨੇ ਭਰੇ ਹਨ, ਪਰ ਜਦੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਵਾਲੇ ਮੁਲਾਜ਼ਮ ਉਨ੍ਹਾਂ ਤੋਂ ਆਪਣੇ ਹੱਕ ਮੰਗਦੇ ਹਨ ਤਾਂ ਸਰਕਾਰ ਖ਼ਜ਼ਾਨਾ ਖਾਲੀ ਆਖ ਕੇ ਆਪਣੀਆਂ ਅੱਖਾਂ ਫੇਰ ਲੈਂਦੀ ਹੈ।ਇਸ ਮੌਕੇ ਜ਼ਿਲ੍ਹਾ ਯੂਨੀਅਨ ਪ੍ਰਧਾਨ ਜਸਕੀਰਤ ਸਿੰਘ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਯੂਨੀਅਨ ਦੀਆਂ ਮੰਗਾਂ ਮੰਨਣ ਦੇ ਨਾਮ ਹੇਠ ਕਮੇਟੀ ਗਠਤ ਕਰ ਰਹੀ ਹੈ ਅਤੇ ਪੈਨਿਲ ਮੀਟਿੰਗਾਂ ਲਈ ਬੁਲਾ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਮਾਪਤ ਕਰਨ ਦੀਆਂ ਧਮਕੀਆਂ ਦੇ ਰਹੀ ਹੈ।ਉਨ੍ਹਾਂ ਸਰਕਾਰ ਦੇ ਇਸ ਬਿਆਨ ਪ੍ਰਤੀ ਆਪਣੀ ਪ੍ਰਤੀਕਿਰਆ ਦਿੰਦਿਆਂ ਕਿਹਾ ਕਿ ਮੁਲਾਜ਼ਮ ਸਰਕਾਰ ਦੀ ਇਸ ਗਿੱਦੜ ਧਮਕੀ ਤੋਂ ਘਬਰਾ ਕੇ ਆਪਣੇ ਸੰਘਰਸ਼ ਨੂੰ ਨਹੀਂ ਤੋੜਨ ਵਾਲੇ ਸਗੋਂ ਇਹ ਸੰਘਰਸ਼ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਹੀ ਚੁੱਕਿਆ ਜਾਵੇਗਾ।