ਕੈਲਗਰੀ ਵਿੱਚ ਸੈਮੂਅਲ ਜੌਨ ਦੇ 12 ਅਪ੍ਰੈਲ ਨੂੰ ਹੋਣ ਵਾਲੇ ਨਾਟਕਾਂ ਦੀਆਂ ਤਿਆਰੀਆਂ ਮੁਕੰਮਲ
Posted on:- 12-04-2015
-ਬਲਜਿੰਦਰ ਸੰਘਾ
ਜਿੱਥੇ ਸਮੇਂ ਦੇ ਨਾਲ ਸਮਾਜ ਵਿਚ ਖ਼ਪਤ ਸੱਭਿਆਚਾਰ ਭਾਰੂ ਹੋ ਰਿਹਾ ਹੈ ਅਤੇ ਨਵੀਂ ਪੀੜ੍ਹੀ ਨੂੰ ਸਿਰਫ਼ ਖਾਣ-ਪੀਣ ਤੇ ਪਹਿਣਨ ਵਿਚ ਮਸਤ ਰਹਿਣ ਵਾਲੇ ਸੱਭਿਆਚਾਰ ਵੱਲ ਜਾਣੇ-ਅਣਜਾਣੇ ਧੱਕਕੇ ਉਹਨਾਂ ਦੇ ਲਾਮਬੰਦ ਹੋਣ, ਪ੍ਰੋਗਰੈਸਿਵ ਹੋਣ, ਮਨੁੱਖੀ ਹੱਕਾਂ ਲਈ ਖੜ੍ਹਨ ਵਰਗੇ ਕੰਮਾਂ ਤੇ ਪ੍ਰਸ਼ਨ ਚਿੰਨ ਲੱਗ ਰਿਹਾ ਹੈ ਉੱਥੇ ਹੀ ਪ੍ਰੋਗਰੈਸਿਵ ਕਲਚਰਲ ਐਸੋਸੀਏਸਨ ਪਿਛਲੇ 25 ਸਾਲਾਂ ਤੋਂ ਕਈ ਪੰਧਾਂ ਵਿਚੋਂ ਗੁਜ਼ਰਦੀ ਹਰੇਕ ਮਹੀਨੇ ਕਈ ਰਾਜਨੀਤਕ, ਸਮਾਜਿਕ, ਆਰਥਿਕ ਵਿਸਿ਼ਆਂ ਤੇ ਬਹਿਸ ਕਰਦੀ ਤੇ ਸਮਾਜ ਨੂੰ ਜਾਗਣ ਦਾ ਹੋਕਾ ਦਿੰਦੀ ਰਹੀ ਹੈ। ਹੁਣ ਆਪਣਾ 25 ਸਾਲਾਂ ਸਿਲਵਰ ਜੁਬਲੀ ਸਮਾਗਮ ਵੀ ਅਜਿਹੇ ਉਸਾਰੂ, ਸੰਜੀਦਾ, ਇਨਸਾਨੀ ਕਦਰਾਂ-ਕੀਮਤਾਂ ਅਤੇ ਜਾਤ-ਪਾਤ ਦੇ ਵਿਰੁੱਧ ਹੋਕਾ ਦੇਣ ਦੇ ਹਿਸਾਬ ਨਾਲ ਮਨਾਉਣ ਦੀ ਤਿਆਰੀ ਵਿਚ ਹੈ। ਜੋ 12 ਅਪ੍ਰੈਲ ਦਿਨ ਐਤਵਾਰ ਨੂੰ ਕੈਲਗਰੀ ਦੇ ਸੇਂਟ ਕਾਲਜ ਦੇ ਔਰਫੀਅਸ ਥੀਏਟਰ ਵਿਚ ਦਿਨ ਦੇ 3 ਵਜੇ ਤੋਂ 6 ਵਜੇ ਤੱਕ ਹੋਵੇਗਾ।ਜਿਸ ਉਪਰਾਲੇ ਤਹਿਤ ਲੋਕਪੱਖੀ ਰੰਗ ਮੰਚ ਦੇ ਕਲਾਕਾਰ ਅਤੇ ਨਾਟਕਕਾਰ ਸੈਮੂਅਲ ਜੌਨ ਦੇ ਦੋ ਨਾਟਕ ‘ਜੂਠ’ ਅਤੇ ‘ਕਿਰਤੀ’ ਪੇਸ਼ ਕੀਤੇ ਜਾਣਗੇ। ਸੈਮੂਅਲ ਜੌਨ ਪਿਛਲੇ ਕਈ ਦਿਨਾਂ ਤੋਂ ਕੈਲਗਰੀ ਦੇ ਲੋਕਲ ਕਲਾਕਾਰਾਂ ਗੁਰਿੰਦਰਪਾਲ ਬਰਾੜ, ਜਸ਼ਨ ਗਿੱਲ, ਨਵਕਿਰਨ ਢੁੱਡੀਕੇ ਆਦਿ ਨਾਲ ਪ੍ਰਭਾਵਸ਼ਾਲੀ ਪਾਤਰ ਉਸਾਰੀ ਲਈ ਰੁੱਝੇ ਹੋਏ ਹਨ।
ਇਸ ਸਮਾਗਮ ਵਿਚ ਖੇਡਿਆ ਜਾਣ ਵਾਲਾ ਨਾਟਕ ‘ਜੂਠ’ ਜੋ ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਦੇ ਅਧਾਰਿਤ ਹੈ ਜਿੱਥੇ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਜਾਤੀ ਅਧਾਰਿਤ ਪਈ ਵੰਡ ਬਾਰੇ ਅਗਾਹ ਕਰਦਾ ਹੈ ਉੱਥੇ ਇਹ ਸੁਨੇਹਾ ਵੀ ਦਿੰਦਾ ਹੈ ਕਿ ਕਿਵੇਂ ਕਿਸੇ ਮਨੁੱਖ ਨੂੰ ਬੋਲੇ ਜਾਣ ਵਾਲੇ ਜਾਤੀ ਸੂਚਕ ਸ਼ਬਦ ਕਈ ਵਾਰ ਉਸ ਮਨੁੱਖ ਦੀ ਜਿ਼ੰਦਗੀ ਨਾਲ ਖਿ਼ਲਵਾੜ ਕਰਦੇ ਹਨ ਅਤੇ ਇਹ ਵਤੀਰਾ ਅੱਜ ਦੇ ਸੱਭਿਅਕ ਕਹੇ ਜਾਣ ਵਾਲੇ ਸਮਾਜ ਵਿਚ ਵੀ ਜਾਰੀ ਹੈ। ਦੂਸਰਾ ਨਾਟਕ ‘ਕਿਰਤੀ’ ਮੱਧਵਰਗੀ ਅਤੇ ਟੁੱਟ ਰਹੀਂ ਕਿਸਾਨੀ ਦੀ ਹਾਲਤ ਬਿਆਨ ਕਰਦਾ ਹੈ। ਪੰਜਾਬ ਦੇ ਪਿੰਡਾਂ ਦੇ ਪਾਤਰਾਂ ਦੇ ਇਹ ਨਾਟਕ ਕਿਤੇ ਨਾ ਕਿਤੇ ਪੂਰੀ ਦੁਨੀਆਂ ਦੇ ਅਜਿਹੇ ਲੋਕਾਂ ਦੀ ਗੱਲ ਹਨ ਅਤੇ ਦੋਵੇਂ ਨਾਟਕ ਸਾਨੂੰ ਸਮਾਜਵਾਦੀ, ਮਨੁੱਖਵਾਦੀ ਬਨਣ ਦੀ ਪ੍ਰੇਰਣਾ ਦਿੰਦੇ ਹਨ। ਸੰਸਥਾ ਦੇ ਸਕੱਤਰ ਮਾ.ਭਜਨ ਸਿੰਘ ਨੇ ਦੱਸਿਆ ਕਿ ਕਾਰਜਕਾਰੀ ਕਮੇਟੀ ਦੇ ਸਹਿਯੋਗ ਨਾਲ ਸਮਾਗਮ ਦੀਆਂ ਸਭ ਤਿਆਰੀਆ ਮੁਕੰਮਲ ਹਨ ਅਤੇ 25 ਸਾਲਾਂ ਦੇ ਇਸ ਲੰਮੇ ਸਮੇਂ ਵਿਚ ਲਗਾਤਾਰ ਹਰ ਤਰ੍ਹਾਂ ਦੇ ਹਲਾਤਾਂ ਵਿਚੋਂ ਲੰਘਕੇ ਸੰਸਥਾ ਨੂੰ ਇਸ ਮੁਕਾਮ ਤੇ ਪਹੁੰਚਾਣ ਵਾਲੇ ਸੰਸਥਾ ਦੇ ਪ੍ਰਧਾਨ ਸੋਹਨ ਮਾਨ ਨੂੰ ਇਸ ਸਮਾਗਮ ਵਿਚ ਸਨਮਾਨ ਚਿੰਨ੍ਹ ਵੀ ਦਿੱਤਾ ਜਾਵੇਗਾ। ਉਹਨਾਂ ਕੈਲਗਰੀ ਦੇ ਸਭ ਪਰਿਵਾਰਾਂ ਨੂੰ ਅਤੇ ਪੰਜਾਬੀ ਮੀਡੀਏ ਨੂੰ ਇਸ ਸਿਲਵਰ ਜੁਬਲੀ ਸਮਾਗਮ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਸਮਾਗਮ ਦੀਆਂ ਟਿਕਟਾਂ ਲਈ ਕਾਰਜਕਾਰੀ ਕਮੇਟੀ ਦੇ ਕਿਸੇ ਵੀ ਮੈਂਬਰ ਨਾਲ ਸਪੰਰਕ ਕੀਤਾ ਜਾ ਸਕਦਾ ਹੈ।