ਐੱਨ.ਐੱਚ.ਐੱਮ. ਮੁਲਾਜ਼ਮਾਂ ਨੇ ਕੱਢੀ `ਜਾਗੋ`; ਖੜਕਾਏ ਖਾਲੀ ਭਾਂਡੇ
ਸੰਗਰੂਰ: ਐੱਨ.ਐੱਚ.ਐੱਮ ਮੁਲਾਜ਼ਮਾਂ ਨੂੰ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ 16 ਅਪਰੈਲ ਦੀ ਪੈਨਿਲ ਮੀਟਿੰਗ ਦੀ ਤਰੀਕ ਜਿਉਂ-ਜਿਉਂ ਨੇੜੇ ਆ ਰਹੀ ਹੈ, ਤਿਉਂ-ਤਿਉਂ ਇਹ ਮੁਲਾਜ਼ਮ ਵਿਲੱਖਣ ਢੰਗਾਂ ਨਾਲ ਸਰਕਾਰ ਤੱਕ ਆਪਣੀਆਂ ਮੰਗਾਂ ਦੀ ਅਵਾਜ਼ ਨੂੰ ਹੋਰ ਬੁਲੰਦ ਕਰਨ ਵਿੱਚ ਜੁਟੇ ਹੋਏ ਹਨ।ਇਸ ਸਬੰਧ ਵਿੱਚ ਜ਼ਿਲ੍ਹੇ ਭਰ ਦੇ ਐੱਨ.ਐੱਚ.ਐੱਮ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਵਿਖੇ ਇਕੱਠੇ ਹੋ ਕੇ ਲਾਲ ਬੱਤੀ ਚੌਂਕ ਤੱਕ ਅਜਿਹੀ ਜਾਗੋ ਕੱਢੀ, ਜਿਸ ਵਿੱਚ `ਕੋਠੇ `ਤੇ ਤਾਰੇ, ਤੈਨੂੰ ਰੋਣ ਐੱਨ.ਐੱਚ.ਐੱਮ. ਮੁਲਾਜ਼ਮ ਸਰਕਾਰੇ`, `ਕੋਠੇ ਉੱਤੇ ਕਾਂ, ਤੈਨੂੰ ਰੋਵੇ ਨੰਨ੍ਹੀ ਛਾਂ`, ਵਰਗੀਆਂ ਬੋਲੀਆਂ ਗਾ ਕੇ ਅਤੇ ਖਾਲੀ ਭਾਂਡੇ ਖੜਕਾ ਕੇ ਸਰਕਾਰ ਦੇ ਸਿਸਟਮ ਖਿਲਾਫ ਰੱਜ ਕੇ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਕੀਰਤ ਸਿੰਘ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਐੱਨ.ਐੱਚ.ਐੱਮ. ਮੁਲਾਜ਼ਮ ਪਿਛਲੇ 24 ਦਿਨਾਂ ਤੋਂ ਕਲਮ ਛੋੜ ਹਛਤਾਲ `ਤੇ ਚੱਲ ਰਹੇ ਹਨ, ਪਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਤਰਜੀਹ ਦੇਣ ਦੀ ਜਗ੍ਹਾ ਅਜਿਹੀ ਕਮੇਟੀ ਦਾ ਗਠਨ ਕਰ ਦਿੱਤਾ, ਜਿਸਦਾ ਮਨੋਰਥ ਸਿਰਫ ਤੇ ਸਿਰਫ ਉਨ੍ਹਾਂ ਨੂੰ ਲਟਕਾ ਕੇ ਉਨ੍ਹਾਂ ਦੇ ਸੰਘਰਸ਼ ਨੂੰ ਮਾਰਨਾ ਹੈ।