ਵਿਦਿਆਰਥੀਆਂ ਤੇ ਬੇਰੁਜ਼ਗਾਰਾਂ ਉੱਤੇ ਢਾਹੇ ਗਏ ਪੁਲਸੀ ਜਬਰ ਦੀ ਸਖਤ ਨਿੰਦਾ
Posted on:- 28-03-2015
ਇਨਕਲਾਬੀ ਕੇਂਦਰ ਪੰਜਾਬ ਤੇ ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਵੱਲੋਂ ਪੰਜਾਬ ਸਟੂਡੈਂਟ ਯੂਨੀਅਨ ਦੇ ਹੱਕ ਮੰਗਦੇ ਵਿਦਿਆਰਥੀਆਂ ਅਤੇ ਐਨਐਚਐਮ ਮੁਲਾਜ਼ਮਾਂ ਉੱਤੇ ਪੰਜਾਬ ਪੁਲਿਸ ਵੱਲੋਂ ਨਵਾਂਸ਼ਹਿਰ ਤੇ ਲੰਬੀ ਵਿਖੇ ਢਾਹੇ ਗਏ ਵਹਿਸ਼ੀ ਜਬਰ ਦੀ ਸਖਤ ਨਿਖੇਧੀ ਕੀਤੀ ਗਈ। ਦੋਵੇਂ ਜੱਥੇਬੰਦੀਆਂ ਦੇ ਆਗੂ ਕੰਵਲਜੀਤ ਖੰਨਾ ਤੇ ਮਨਦੀਪ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੋਣਾਂ ਵੇਲੇ ਹਾਕਮ ਵਿਦਿਆਰਥੀਆਂ ਨੂੰ ਚੰਗਾ ਰੁਜ਼ਗਾਰ ਦੇਣ, ਫੀਸਾਂ ਘਟਾਉਣ ਤੇ ਲੈਪਟੌਪ ਦੇਣ ਵਰਗੇ ਵਾਅਦੇ ਕਰਦੇ ਹਨ ਅਤੇ ਬੇਰੁਜ਼ਗਾਰਾਂ ਨੂੰ ਰੁਜਗਾਰ ਦੇਣ ਦੇ ਦਮਗਜੇ ਮਾਰਦੇ ਹਨ। ਪਰ ਸੱਤਾ ਦੀ ਕੁਰਸੀ ਤੇ ਬਿਰਾਜਮਾਨ ਹੋਣ ਬਾਅਦ ਉਹੀ ਹਾਕਮ ਵਾਅਦਾ ਖਿਲਾਫੀ ਕਰਦੇ ਹੋਏ ਹੱਕ ਮੰਗਦੇ ਵਿਦਿਆਰਥੀਆਂ, ਬੇਰੁਜਗਾਰਾਂ ਤੇ ਕਿਰਤੀ ਲੋਕਾਂ ਉੱਤੇ ਪੁਲਸੀ ਤੇ ਫੌਜੀ ਧਾੜਾ ਚਾੜਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਮਿਹਨਤਕਸ਼ ਲੋਕਾਂ ਦੇ ਜਿਆਦਾਤਰ ਬੱਚੇ ਤਾਂ ਪਹਿਲਾਂ ਹੀ ਉਚੇਰੀ ਸਿੱਖਿਆ ਦੇ ਖੇਤਰ ਵਿੱਚੋਂ ਬਾਹਰ ਹਨ ਉੱਤੋਂ ਵਿਦਿਆਰਥੀਆਂ ਦੀਆਂ ਫੀਸਾਂ ’ਚ ਵਾਧਾ ਕਰਕੇ ਹਾਕਮ ਉਨ੍ਹਾਂ ਤੋਂ ਸਿੱਖਿਆ ਦਾ ਬੁਨਿਆਦੀ ਹੱਕ ਵੀ ਖੋਹਣ ਲੱਗੇ ਹੋਏ ਹਨ। ਤੰਗੀਆਂ-ਤੁਰਸੀਆਂ ਝੱਲ ਕੇ ਜਦੋਂ ਕਿਰਤੀ ਲੋਕਾਂ ਦੇ ਧੀਆਂ-ਪੁੱਤ ਰੁਜ਼ਗਾਰ ਜੋਗੇ ਹੁੰਦੇ ਹਨ ਤਾਂ ਦੇਸ਼ ਦੇ ਹਾਕਮਾਂ ਕੋਲ ਵਿਹਲੇ ਹੱਥਾਂ ਨੂੰ ਦੇਣ ਲਈ ਰੁਜ਼ਗਾਰ ਨਹੀਂ।
ਬੇਰੁਜ਼ਗਾਰੀ ਤੇ ਮਹਿੰਗਾਈ ਤੋਂ ਅੱਕੇ ਲੋਕ ਜਦੋਂ ਜੱਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਂਦੇ ਹਨ ਤਾਂ ਹਾਕਮਾਂ ਦੇ ਤਖਤ ਡੋਲਣ ਲੱਗਦੇ ਹਨ ਤੇ ਉਹ ਜਵਾਨੀ ਨੂੰ ਜੱਥੇਬੰਦ ਹੋ ਕੇ ਸੰਘਰਸ਼ ਕਰਨ ਦਾ ਸਬਕ ਸਿਖਾਉਣ ਲਈ ਉਨ੍ਹਾਂ ਉੱਤੇ ਵਹਿਸ਼ੀ ਜਬਰ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਦੇ ਹਾਕਮ ਸਾਮਰਾਜੀ ਤੇ ਸਰਮਾਏਦਾਰਾ ਪੱਖੀ ਨੀਤੀਆਂ ਤੇ ਚੱਲਦੇ ਹਨ। ਉਹ ਨਵ-ਉਦਾਰਵਾਦੀ ਏਜੰਡੇ ਤਹਿਤ ਹਰ ਸ਼ਹਿ ਦਾ ਨਿੱਜੀਕਰਨ ਕਰਨ ਦੇ ਰਾਹ ਪਏ ਹੋਏ ਹਨ। ਉਨ੍ਹਾਂ ਦਾ ਵਿਕਾਸ ਦਾ ਏਜੰਡਾ ਲੋਕਾਂ ਦੇ ਵਿਕਾਸ ਦਾ ਨਹੀਂ ਬਲਕਿ ਦੇਸੀ-ਬਦੇਸ਼ੀ ਲੁਟੇਰਿਆਂ ਦੇ ਵਿਕਾਸ ਦਾ ਹੈ। ਇਸ ਲਈ ਉਹ ਵਿਰੋਧ ਦੀ ਹਰ ਅਵਾਜ਼ ਨੂੰ ਹਰ ਤਰੀਕੇ ਨਾਲ ਬੰਦ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਹਾਕਮਾਂ ਦਾ ਇਹ ਜਬਰ ਲੋਕਾਂ ਦੇ ਬੋਲਣ, ਲਿਖਣ ਤੇ ਰੋਸ ਪ੍ਰਗਟ ਕਰਨ ਦੇ ਜਨਮ ਸਿੱਧ ਅਧਿਕਾਰ ਉੱਤੇ ਹਮਲਾ ਹੈ। ਇਸਨੂੰ ਕੋਈ ਵੀ ਇਨਸਾਫਪਸੰਦ ਵਿਅਕਤੀ ਤੇ ਸ਼ਕਤੀ ਬਰਦਾਸਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਦਿਆਰਥੀਆਂ, ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਬੇਰੁਜ਼ਗਾਰਾਂ ਨੂੰ ਵਿਸ਼ਾਲ, ਸਾਂਝੇ ਤੇ ਇਕਜੁਟ ਸੰਘਰਸ਼ਾਂ ਦਾ ਪੜੁੱਲ ਬੰਨਣਾ ਚਾਹੀਦਾ ਹੈ।