ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਦਿੱਤਾ ਹੋਕਾ
Posted on:- 25-03-2015
ਬਰਨਾਲਾ: ਇਨਕਲਾਬੀ ਕੇਂਦਰ ਪੰਜਾਬ ਤੇ ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਵਿਚਾਰਧਾਰਾ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਜੰਡਾਂ ਵਾਲਾ ਰੋਡ ਬਰਨਾਲਾ ਮਜ਼ਦੂਰ ਬਸਤੀ ਵਿੱਚ ਨੁੱਕੜ ਨਾਟਕ “ ਖਬਰਦਾਰ ਸਰਕਾਰ ਆ ਰਹੀ ਹੈ” ਲੋਕ ਰੰਗ ਮੰਚ ਬਰਨਾਲਾ ਦੀ ਨਾਟਕ ਟੀਮ ਵੱਲੋਂ ਯਾਦਵਿੰਦਰ ਠੀਕਰੀਵਾਲ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਇਸ ਸਮੇਂ ਇਨਕਲਾਬੀ ਕੇਂਦਰ ਤੇ ਮੰਚ ਦੇ ਆਗੂ ਨਰਾਇਣ ਦੱਤ ਤੇ ਮਨਦੀਪ ਨੇ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 23 ਮਾਰਚ ਦੇ ਦਿਨ ਮੌਕਾਪ੍ਰਸਤ ਵੋਟ ਪਾਰਟੀਆਂ ਤੇ ਉਨ੍ਹਾਂ ਦੇ ਨੁਮਾਇੰਦੇ 23 ਮਾਰਚ ਦੇ ਸ਼ਹੀਦਾਂ ਦੇ ਬੁੱਤਾਂ ਦੇ ਗਲਾਂ ’ਚ ਹਾਰ ਪਾ ਕੇ ਲੋਕਪੱਖੀ ਹੋਣ ਦੇ ਦਾਅਵੇ ਕਰਦੇ ਹਨ। ਪਰ ਹਕੀਕਤ ’ਚ ਭਗਤ ਸਿੰਘ ਦੀ ਵਿਚਾਰਧਾਰਾ ਉੱਤੇ ਤਿੱਖਾ ਹਮਲਾ ਕਰਦੇ ਹਨ। ਉਹ ਇਕ ਪਾਸੇ ਕਿਰਤੀ ਲੋਕਾਂ ਦੇ ਵਿਕਾਸ ਦੇ ਦਾਅਵੇ ਕਰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੀ ਲੁੱਟ ਕਰਨ ਵਾਲੇ ਕਾਨੂੰਨ ਤੇ ਨੀਤੀਆਂ ਬਣਾਉਂਦੇ ਹਨ।
ਉਨ੍ਹਾਂ ਕਿਹਾ ਕਿ ਹਾਕਮ ਉਨ੍ਹਾਂ ਦੇ ਬੁੱਤਾਂ ਦੀ ਪੂਜਾ ਕਰਦੇ ਹਨ ਤੇ ਸ਼ਹੀਦਾਂ ਦੇ ਅਸਲੀ ਵਾਰਸ ਸ਼ਹੀਦਾਂ ਦੀ ਵਿਚਾਰਧਾਰਾ ’ਤੇ ਅਮਲ ਕਰਨ ਤੇ ਉਸਨੂੰ ਅੱਗੇ ਲਿਜਾਣ ਦਾ ਯਤਨ ਕਰਦੇ ਹਨ। ਉਨ੍ਹਾਂ ਕਿਹਾ ਕਿ 23 ਮਾਰਚ ਦੇ ਸ਼ਹੀਦਾਂ ਨੇ ਦੇਸੀ-ਬਦੇਸ਼ੀ ਲੁਟੇਰਿਆਂ ਵੱਲੋਂ ਕੀਤੀ ਜਾਂਦੀ ਲੁੱਟ ਤੇ ਜਬਰ ਦੇ ਰਾਜ ਪ੍ਰਬੰਧ ਨੂੰ ਖਤਮ ਕਰਨ ਦਾ ਹੋਕਾ ਦਿੱਤਾ ਸੀ। ਉਨ੍ਹਾਂ ਦੀ ਵਿਚਾਰਧਾਰਾ ਅੱਜ ਵੀ ਸਾਰਥਿਕ ਹੈ। ਅੱਜ ਵੀ ਦੇਸੀ-ਬਦੇਸ਼ੀ ਕਾਰਪੋਰੇਸ਼ਨਾਂ ਦੇਸ਼ ਦੇ ਬੇਸਕੀਮਤੀ ਖਣਿਜ ਸ੍ਰੋਤਾਂ ਤੇ ਕਿਰਤ ਸ਼ਕਤੀ ਦੀ ਲੁੱਟ ਕਰ ਰਹੀਆਂ ਹਨ। ਹਾਕਮ ਦੇਸ਼ ’ਚ ਫਿਰਕੂ ਮਹੌਲ ਪੈਦਾ ਕਰਕੇ ਲੋਕਾਂ ਨੂੰ ਦਹਿਸ਼ਤਯਦਾ ਕਰਨ ਲੱਗੇ ਹੋਏ ਹਨ। ਅਗਾਂਹਵਧੂ ਵਿਚਾਰਾਂ ਤੇ ਵਿਅਕਤੀਆਂ ਉਪਰ ਹਮਲੇ ਕੀਤੇ ਜਾ ਰਹੇ ਹਨ। ਇਸ ਲਈ ਅੱਜ ਲੋੜ ਹੈ ਕਿ ਅੱਜ ਜੁਬਾਨੀ-ਕਲਾਮੀ ਹੀ ਨਹੀਂ ਅਮਲੀ ਤੌਰ ਤੇ ਸ਼ਹੀਦਾਂ ਦੀ ਵਿਚਾਰਧਾਰਾ ਤੇ ਪਹਿਰਾ ਦਿੱਤਾ ਜਾਵੇ। ਇਸ ਸਮੇਂ ਸ਼ਹੀਦਾਂ ਦੀ ਵਿਚਾਰਧਾਰਾ ਦਾ ਹੋਕਾ ਦਿੰਦਾ ਲੀਫਲੈਟ ਵੀ ਵੰਡਿਆ ਗਿਆ। ਇਸ ਸਮੇਂ ਬਲਵੰਤ ਉੱਪਲੀ ਸੋਨੀ ਨੰਦਵਾਲ ਰਿੰਕੂ ਗੁਰਜੰਟ ਹਮੀਦੀ ਆਦਿ ਆਗਆ ਨੇ ਵੀ ਵਿਚਾਰ ਪੇਸ਼ ਕੀਤੇ।