ਸ਼ਹੀਦਾਂ ਦੀ ਯਾਦ ਵਿੱਚ ਕੀਤਾ ਇਨਕਲਾਬੀ ਸੱਭਿਆਚਾਰ ਪ੍ਰੋਗਰਾਮ
Posted on:- 22-03-2015
-ਰਮਨਪ੍ਰੀਤ ਸਿੰਘ
ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਪੀਪਲਜ਼ ਆਰਟਿਸਟ ਫਾਰਮ ਵੱਲੋਂ ਪੰਜਾਬ ਯੂਨੀਵਰਟਿਸੀ ਚੰਡੀਗੜ੍ਹ ਵਿਚ ਕੀਤਾ ਗਿਆ। ਇਨਕਲਾਬੀ ਯੋਧਿਆਂ ਦੀ ਸੋਚ ਨੂੰ ਸਮਰਪਿਤ ਇਸ ਪ੍ਰੋਗਰਾਮ ਵਿਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਪ੍ਰੋ: ਪਾਲੀ ਭੁਪਿੰਦਰ ਦਾ ਲਿਖਿਆ ਨਾਟਕ ‘ਪਿਆਸਾ ਕਾਂ’ ਅਤੇ ਪੀਪਲਜ਼ ਆਰਟਿਸਟ ਫਾਰਮ ਦੇ ਕਲਾਕਾਰਾਂ ਵੱਲੋਂ ਬਣਾਏ ਸਕੈਚ ਅਤੇ ਲਾਲ ਸਿੰਘ ਦਿਲ ਦਾ ਬੁੱਤ ਰਹੇ।ਇਸ ਤੋਂ ਇਲਾਵਾ ਸਾਹਿਤ ਅਕਾਦਮੀ ਕਵੀ ਜਸਵਿੰਦਰ ਸਿੰਘ ਅਤੇ ਦਵਿੰਦਰ ਵੱਲੋਂ ਆਪਣੀਆਂ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆ।
‘ਪਿਆਸਾ ਕਾਂ’ ਨਾਟਕ ਮੌਜੂਦਾ ਸਿੱਖਿਆ ਢਾਂਚੇ ਦੀਆਂ ਕਮੀਆਂ ਅਤੇ ਖੋਖਲੇ ਦਾਵਿਆਂ ਦੀ ਪੋਲ ਖੋਲਦਾ ਹੈ । ਇਸ ਸੋਲੋ ਪਲੇ ਯਾਨੀ ਇੱਕ ਪਾਤਰੀ ਨਾਟਕ ਵਿਚ ਸਿੱਖਿਆ ਵਿਵਸਥਾਂ ਤੋਂ ਤੰਗ ਆਏ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਤਰਾਸਦੀ ਨੂੰ ਚੰਗੀ ਤਰ੍ਹਾਂ ਪੇਸ਼ ਕੀਤਾ ਗਿਆ ਹੈ। ਨਾਟਕ ਵਿਚ ਸਵਾਲ ਕੀਤਾ ਗਿਆ ਹੈ ਕਿ ਸਾਨੂੰ ਹਮੇਸ਼ਾ ਸਕੂਲ ਵਿਚ ਇਹੋ ਸਿਖਾਇਆ ਜਾਂਦਾ ਹੈ ਕਿ ਕਾਂ ਦੇ ਰੋੜੇ ਪਾਉਣ ਨਾਲ ਪਾਣੀ ਉਪਰ ਆ ਗਿਆ ਅਤੇ ਕਾਂ ਨੇ ਪਾਣੀ ਪੀ ਕੇ ਪਿਆਸ ਬੁਝਾ ਲਈ ਪਰ ਸਾਨੂੰ ਕਦੇ ਵੀ ਇਹ ਨਹੀਂ ਸਿਖਾਇਆ ਜਾਂਦਾ ਕਿ ਘੜੇ ਵਿਚ ਪਾਣੀ ਘੱਟ ਕਿਉਂ ਸੀ ਅਤੇ ਕੀ ਰੋੜੇ ਪਾਣੀ ਨਾਲ ਬਚਿਆ ਹੋਇਆ ਥੋੜਾ ਜਿਹਾ ਪਾਣੀ ਰੋੜਿਆਂ ਨੇ ਸੋਕ ਨਹੀਂ ਲਿਆ ਹੋਵੇਗਾ।
ਇਸ ਤੋਂ ਇਲਾਵਾ ਇੱਕ ਫਰਾਂਸਿਸੀ ਕਹਾਣੀ ‘ਤੇ ਅਧਾਰਿਤ ਨਾਟਕ “ਸਵੇਰ ਦਾ ਰੰਗ ਭੂਰਾ’ ਵੀ ਖੇਡਿਆ ਗਿਆ, ਜਦੋਂ ਕਿ ਫਾਸ਼ੀਵਾਦ ਦੇ ਦੌਰ ਵਿਚ ਬਣਾਏ ਜਾਂਦੇ ਕਾਨੂੰਨਾਂ ‘ਤੇ ਕਟਾਕਸ਼ ਕਰਦਾ ਹੈ।
ਇਸ ਮੌਕੇ ਬੋਲਦਿਆਂ ਪੀਪਲਜ਼ ਆਰਟਿਸਟ ਫਾਰਮ ਦੇ ਨੇਤਾ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਮਾਗਮ ਦਾ ਮਕਸਦ ਸਾਡੇ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਯਾਦ ਕਰਨਾ ਅਤੇ ਉਹਨਾਂ ਦੇ ਸੁਪਨਿਆਂ ਦੇ ਸਮਾਜ ਨੂੰ ਸਿਰਜਣ ਵੱਲ ਇੱਕ ਕਦਮ ਹੋਰ ਪੁੱਟਣਾ ਹੈ।ਉਹਨਾਂ ਕਿਹਾ ਕਿ ਅੱਜ ਜਦੋਂ ਪਿਛਾਹ ਖਿੱਚੂ ਕੱਟੜ ਪੰਥੀਆਂ ਸ਼ਕਤੀਆਂ ਦੇਸ਼ ਨੂੰ ਵਿਕਾਸ ਅਤੇ ਧਰਮ ਦੇ ਨਾਂ ‘ਤੇ ਕੁਰਾਹੇ ਪਾ ਰਹੀਆਂ ਨੇ ਤਾਂ ਇਹ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਤੋਂ ਸੇਧ ਲਈਏ ਅਤੇ ਚੰਗੇ ਸਮਾਜ ਦੀ ਸਿਰਜਣਾ ਕਰੀਏ।