ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ
Posted on:- 18-03-2015
- ਹਰਪ੍ਰੀਤ ਸੇਖਾ
ਸ਼ਨਿਚਰਵਾਰ 14 ਮਾਰਚ 2015 ਨੂੰ ਸਰੀ ਸਿਟੀ ਹਾਲ ਦੇ ਸੈਂਟਰਲ ਸਟੇਜ ਥੀਏਟਰ ਵਿਚ ਪੰਜਾਬ ਤੋਂ ਆਏ ਉੱਘੇ ਰੰਗ-ਮੰਚ ਦੇ ਕਲਾਕਾਰ ਸੈਮੂਅਲ ਜੌਹਨ ਦੇ ਦੋ ਨਾਟਕਾਂ - ਜੂਠ ਅਤੇ ਕਿਰਤੀ - ਨੂੰ ਦਰਸ਼ਕਾਂ ਵੱਲੋਂ ਨਿੱਘਾ ਹੁੰਗਾਰਾ ਮਿਲਿਆ। ਨਾਟਕਾਂ ਦੀ ਇਹ ਵਿਲੱਖਣ ਪੇਸ਼ਕਾਰੀ ਡਾਕਟਰ ਹਰੀ ਸ਼ਰਮਾ ਫਾਊਂਡੇਸ਼ਨ ਵੱਲੋਂ ਪੰਜਾਬ ਦੇ ਲੋਕ-ਪੱਖੀ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ਵਿਚ ਕਰਵਾਏ ਜਾਂਦੇ ਸਮਾਗਮ ਦਾ ਹਿੱਸਾ ਸੀ। ਇਸ ਵਰ੍ਹੇ ਦਾ ਇਹ ਸਮਾਗਮ ਯੂ ਬੀ ਸੀ ਦੇ ਏਸ਼ੀਅਨ ਸਟੱਡੀਜ਼ ਵਿਭਾਗ ਦੇ ਸਹਿਯੋਗ ਨਾਲ ਕੀਤਾ ਗਿਆ। ਸੈਮੂਅਲ ਜੌਹਨ ਵਲੋਂ ਕੀਤਾ ਗਿਆ ਪਹਿਲਾ ਨਾਟਕ ਪ੍ਰਸਿੱਧ ਹਿੰਦੀ ਦਲਿਤ ਲੇਖਕ ਓਮ ਪ੍ਰਕਾਸ਼ ਬਾਲਮੀਕੀ ਦੀ ਜੀਵਨੀ ‘ਜੂਠ’ ’ਤੇ ਅਧਾਰਤ ਸੀ। ਇਸ ਨਾਟਕ ਵਿਚ ਸੈਮੂਅਲ ਜੌਹਨ ਨੇ ਆਪਣੀ ਕਲਾ ਅਤੇ ਆਵਾਜ਼ ਦੀ ਸ਼ਕਤੀ ਨਾਲ ਓਮ ਪ੍ਰਕਾਸ਼ ਬਾਲਮੀਕੀ ਦੀ ਜਾਤ-ਪਾਤ ਕਾਰਨ ਨਰਕ ਬਣੀ ਜ਼ਿੰਦਗੀ ਨੂੰ ਦਰਸ਼ਕਾਂ ਦੇ ਸਾਹਮਣੇ ਜੀਵਤ ਕਰ ਦਿੱਤਾ।
ਉਸ ਦੀ ਕਲਾ ਦੇ ਕਾਇਲ ਹੋਏ ਦਰਸ਼ਕ ਨਾਟਕ ਖਤਮ ਹੋਣ ਬਾਅਦ ਉਸ ਦੀ ਪ੍ਰਸੰਸਾ ਵਿਚ ਦੇਰ ਤੱਕ ਖੜ੍ਹੇ ਤਾੜੀਆਂ ਮਾਰਦੇ ਰਹੇ। ਦੂਜਾ ਨਾਟਕ ‘ਕਿਰਤੀ’ ਭੂਮੀ-ਹੀਨ ਹੋਏ ਕਿਸਾਨ ਦੇ ਖੇਤ ਕਾਮਾ ਬਣਨ ਦੀ ਗਾਥਾ ਨੂੰ ਬਿਆਨ ਕਰਦਾ ਹੈ। ਇਸ ਨਾਟਕ ਵਿਚ ਸੈਮੂਅਲ ਜੌਹਨ ਦੇ ਨਾਲ ਸਥਾਨਕ ਕਲਾਕਾਰ ਰੁਪਿੰਦਰ ਸ਼ਰਮਾ, ਮੀਰਾਂ ਗਿੱਲ ਤੇ ਇਕ ਹੋਰ ਕਲਾਕਾਰ ਸ਼ਾਮਲ ਸਨ। ਅਜੋਕੇ ਪੰਜਾਬ ਵਿਚ ਗਰੀਬ ਕਿਸਾਨਾਂ ਦੀ ਹਾਲਤ ਅਤੇ ਜਾਤਪਾਤ ਦੀ ਘਿਨੌਣੀ ਤਸਵੀਰ ਉਘਾੜਦਾ ਇਹ ਨਾਟਕ ਵੀ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ।
ਨਾਟਕਾਂ ਦੌਰਾਨ ਹਰੀ ਸ਼ਰਮਾ ਫਾਊਂਡੇਸ਼ਨ ਵਲੋਂ ਡਾਕਟਰ ਚਿਨ ਬੈਨਰਜੀ ਨੇ ਡਾਕਟਰ ਹਰੀ ਸ਼ਰਮਾ ਵਲੋਂ ਵੈਨਕੂਵਰ ਰਹਿੰਦਿਆਂ ਲੰਮਾ ਸਮਾਂ ਭਾਈਚਾਰੇ ਵਿਚ ਪਾਏ ਯੋਗਦਾਨ ਅਤੇ ਫਾਊਂਡੇਸ਼ਨ ਦੇ ਕੰਮਾਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਡਾਕਟਰ ਹਰੀ ਸ਼ਰਮਾ ਦੀਆਂ ਕੋਸ਼ਿਸ਼ਾਂ ਨਾਲ ਹੀ ਪਹਿਲੀ ਵਾਰੀ 1983 ਵਿਚ ਗੁਰਸ਼ਰਨ ਸਿੰਘ ਹੋਰੀਂ ਇਪਾਨਾ ਦੇ ਸੱਦੇ ’ਤੇ ਆਪਣੀ ਟੀਮ ਨਾਲ ਏਥੇ ਆਏ ਸਨ। ਯੂ ਬੀ ਸੀ ਵਿਚ ਪੰਜਾਬੀ ਪੜ੍ਹਾ ਰਹੇ ਸੁਖਵੰਤ ਹੁੰਦਲ ਹੋਰਾਂ ਸੈਮੂਅਲ ਜੌਹਨ ਵਲੋਂ ਪੰਜਾਬ ਵਿਚ ਦਲਿਤ ਭਾਈਚਾਰੇ ਦੇ ਮਸਲਿਆਂ ਨੂੰ ਉਭਾਰਨ ਲਈ ਕੀਤੇ ਜਾ ਰਹੇ ਨਵੀਂ ਪਹੁੰਚ ਵਾਲੇ ਰੰਗ-ਮੰਚ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਸੈਮੂਅਲ ਜੌਹਨ ਦਲਿਤ ਵੇਹੜਿਆਂ ਵਿਚ ਜਾ ਕੇ ਖੁਦ ਲੋਕਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਜੀਵਨ ਬਾਰੇ ਰੰਗ ਮੰਚ ਕਰ ਰਹੇ ਹਨ ਜੋ ਆਪਣੇ ਆਪ ਵਿਚ ਇਕ ਵਿਲੱਖਣ ਕੰਮ ਹੈ। ਇਸ ਪਹੁੰਚ ਨਾਲ ਜਿੱਥੇ ਉਹ ਲੋਕਾਂ ਨੂੰ ਉਨ੍ਹਾਂ ਦੇ ਦਰਪੇਸ਼ ਮਸਲਿਆਂ ਤੋਂ ਚੇਤਨ ਕਰ ਰਹੇ ਹਨ ਉੱਥੇ ਨਾਲ ਹੀ ਲੋਕਾਂ ਨੂੰ ਰੰਗ-ਮੰਚ ਵਰਗੀ ਕਲਾ ਨਾਲ ਵੀ ਜੋੜ ਰਹੇ ਹਨ ਜੋ ਹੁਣ ਤੱਕ ਉੱਚੀਆਂ ਜਮਾਤਾਂ ਦੇ ਕਬਜੇ ਵਿਚ ਹੀ ਰਹੀ ਹੈ। ਨਾਟਕਾਂ ਤੋਂ ਬਾਅਦ ਸੈਮੂਅਲ ਜੌਹਨ ਨੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਇਸ ਪ੍ਰੋਗਰਾਮ ਨੂੰ ਪੰਜਾਬੀ ਲੇਖਕ ਸਾਧੂ ਬਿਨਿੰਗ ਨੇ ਸੂਝ ਨਾਲ ਚਲਾਇਆ ਅਤੇ ਸ਼ੁਰੂ ਵਿਚ ਉਨ੍ਹਾਂ ਭਾਅ ਜੀ ਗੁਰਸ਼ਰਨ ਸਿੰਘ ਦੇ ਕੰਮਾਂ ਬਾਰੇ ਅਤੇ ਡਾਕਟਰ ਹਰੀ ਸ਼ਾਰਮਾ ਫਾਊਂਡੇਸ਼ਨ ਵਲੋਂ ਉਨ੍ਹਾਂ ਦੀ ਯਾਦ ਵਿਚ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਇਸ ਸਮਾਗਮ ਦੀ ਕਾਮਯਾਬੀ ਵਿਚ ਸਹਿਯੋਗ ਦੇਣ ਲਈ ਸਥਾਨਕ ਪੰਜਾਬੀ ਮੀਡੀਏ ਦਾ ਧੰਨਵਾਦ ਕੀਤਾ। ਕਵਾਂਟਲਨਿ ਪੌਲੀਟਕਿਨਕਿ ਯੂਨੀਵਰਸਟੀ ਵਿਚ ਪੰਜਾਬੀ ਅਧਿਆਪਕਾ ਪਰਵਿੰਦਰ ਧਾਰੀਵਾਲ ਦਾ ਵਿਸ਼ੇਸ਼ ਤੌਰ ’ਤੇ ਅਤੇ ਗੁਰਸ਼ਰਨ ਯਾਦਗਾਰੀ ਕਮੇਟੀ ਦੇ ਮੈਂਬਰਾਂ ਹਰਿੰਦਰ ਮਾਹਿਲ, ਰਾਜ ਚੌਹਾਨ, ਚਿਨ ਬੈਨਰਜੀ, ਸੁਖਵੰਤ ਹੁੰਦਲ, ਮੱਖਣ ਟੁੱਟ, ਪਾਲ ਬਿਨਿੰਗ ਤੇ ਸਰਵਣ ਬੋਲ ਦਾ ਧੰਨਵਾਦ ਕੀਤਾ।