ਪਾਰਲੀਮੈਂਟ ਵੱਲ ਮਾਰਚ ਦੀਆਂ ਤਿਆਰੀਆਂ
Posted on:- 13-03-2015
ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ 16 ਮਾਰਚ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕੀਤੇ ਜਾ ਰਹੇ ਮੁਜਾਹਰੇ ਲਈ 15 ਮਾਰਚ ਨੂੰ ਪੰਜਾਬ ਭਰ ’ਚੋਂ ਵੱਡੇ ਕਾਫਲੇ ਲੈ ਕੇ ਦਿੱਲੀ ਵੱਲ ਰਵਾਨਾ ਹੋਣ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤਿੰਨੋਂ ਬਲਾਕਾਂ ਸ਼ਹਿਣਾ,ਬਰਨਾਲਾ ਅਤੇ ਮਹਿਲਕਲਾਂ ਦੇ ਦੋ ਦਰਜਣ ਤੋਂ ਵੱਧ ਪਿੰਡਾਂ ‘ਚ ਸਫਲ ਮੀਟਿੰਗਾਂ/ਰੈਲੀਆਂ ਕਰਵਾਉਣ ਤੋਂ ਪਰਤਦਿਆਂ ਬੀ.ਕੇ.ਯੂ.ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਜਿਲ੍ਹਾ ਪ੍ਰਧਾਨ ਦਰਸ਼ਨ ਉੱਗੋਕੇ ਭੋਲਾ ਸਿੰਘ ਛੰਨਾਂ ਜਗਰਾਜ ਹਰਦਾਸਪੁਰਾ ਪਰਮਿੰਦਰ ਹੰਢਿਆਇਆ ਨੇ ਦੱਸਿਆ ਕਿ ਭਾਜਪਾ ਦੀ ਅਗਵਾਈ ਵਾਲੀ ਮੋਦੀ ਹਕੂਮਤ ਵੱਲੋਂ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਹਿੱਤ ਕੀਤੇ ਜਾ ਰਹੇ ਕਿਸਾਨ-ਮਜ਼ਦੂਰ ਵਿਰੋਧੀ ਫੈਸਲਿਆਂ ਖਿਲਾਫ ਤਿੱਖਾ ਰੋਹ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਦੇਸ਼ੀ-ਵਿਦੇਸ਼ੀ ਕਾਰਪੋਰੇਸ਼ਨਾਂ ਤੇ ਵੱਡੇ ਉਦਯੋਗਪਤੀਆਂ ਦਾ ਪੱਖ ਪੂਰਦੀ ਹੋਈ ਕਿਸਾਨਾਂ ਨੂੰ ਜ਼ਮੀਨਾਂ ਤੋਂ ਉਜਾੜਣ ਦੇ ਰਾਹ ਪਈ ਹੋਈ ਹੈ। ਉਸਨੇ ਕਿਸਾਨ ਵਿਰੋਧੀ ਭੋਂ-ਪ੍ਰਾਪਤੀ ਆਰਡੀਨੈਂਸ ਜਾਰੀ ਕਰਕੇ ਅਤੇ ਐਫਸੀਆਈ ਨੂੰ ਤੋੜਕੇ ਦੇਸ਼ ਦੇ ਕਿਰਤੀ ਕਿਸਾਨਾਂ ਨੂੰ ਨਿੱਜੀ ਵਪਾਰੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਰਹਿਮੋ-ਕਰਮ ਤੇ ਛੱਡ ਦਿੱਤਾ ਹੈ। ਉਨ੍ਹਾਂ ਕਿਸਾਨਾਂ ਨੂੰ ਭੂਮੀ ਗ੍ਰਹਿਣ ਆਰਡੀਨੈਂਸ ਵਿਰੁੱਧ, ਐਫਸੀਆਈ ਨੂੰ ਤੋੜਣ ਖਿਲਾਫ, ਕਰਜੇ ਤੋਂ ਪੀੜਤ ਕਿਸਾਨਾਂ ਦੇ ਸਰਕਾਰੀ/ਸਹਿਕਾਰੀ ਬੈਂਕਾਂ ਸਮੇਤ ਸੂਦਖੋਰ ਆੜਤੀਆਂ/ਸ਼ਾਹੂਕਾਰਾਂ ਦੇ ਸਾਰੇ ਕਰਜੇ ਮਨਸੂਖ ਕਰਨ, ਖੇਤੀ ਲਾਗਤ ਵਸਤੂਆਂ ਤੇ ਸਬਸਿਡੀਆਂ ਦੇਣ, ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਲੇ ਕਾਨੂੰਨ ਖਿਲਾਫ 16 ਮਾਰਚ ਨੂੰ ਦਿੱਲੀ ਪੁੱਜਣ ਦੀ ਅਪੀਲ ਕੀਤੀ।
ਬਰਨਾਲਾ ਜ਼ਿਲ੍ਹੇ ਦਾ ਕਾਫਲਾ 15 ਮਾਰਚ ਨੂੰ ਧੂਰੀ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ-ਦਾਦਰ ਗੱਡੀ ਰਾਹੀ ਦਿੱਲੀ ਲਈ ਰਵਾਨਾ ਹੋਵੇਗਾ। ਉਨ੍ਹਾਂ ਕੇਂਦਰੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਜਥੇਬੰਦਕ ਤਾਕਤ ਦੇ ਆਸਰ ਮੂੰਹ ਤੋੜ ਜਵਾਬ ਦੇਣ ਲਈ ਸੰਘਰਸ਼ ਦੇ ਮੈਦਾਨ ‘ਚ ਨਿੱਤਰਦਿਆਂ ਕਿਸਾਨਾਂ- ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਇਸ ਕਾਫਲੇ ਵਿੱਚ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ। ਇਸ ਸਮੇਂ ਭਾਗ ਸਿੰਘ ਕੁਰੜ ਜੰਗ ਸਿੰਘ ਮਾਂਗੇਵਾਲ ਕੁਲਵੰਤ ਸਿੰਘ ਭਦੌੜ ਬਾਬੂ ਸਿੰਘ ਖੁੱਡੀਕਲਾਂ ਰਾਮ ਸਿੰਘ ਸ਼ਹਿਣਾ ਹਰਚਰਨ ਸੁਖਪੁਰ ਦਰਸ਼ਨ ਚੀਮਾ ਬਲਵੰਤ ਚੀਮਾ ਲਖਵੀਰ ਦੁੱਲਮਸਰ ਭੋਲਾ ਸੁਖਪੁਰ ਬੂਟਾ ਸਿੰਘ ਬਰਾੜ ਅਮਰਜੀਤ ਚੀਮਾ ਜਗਤਾਰ ਚੀਮਾ ਚਮਕੌਰ ਸਹਿਜੜਾ ਮਿੱਠੂ ਸਿੰਘ ਤਾਜੋਕੇ ਏਕਮ ਸਿੰਘ ਛੀਨੀਵਾਲਕਲਾਂ ਭਿੰਦਰ ਸਿੰਘ ਮੂੰਮ ਬਲਦੇਵ ਸਿੰਘ ਸੱਦੋਵਾਲ ਸੁਖਵਿੰਦਰ ਸਿੰਘ ਨਿਰਮਲ ਸਿੰਘ ਧਨੇਰ ਕੇਵਲ ਸਿੰਘ ਬਿੱਕਰ ਸਿੰਘ ਨਿਰਮਲ ਸਿੰਘ ਰਾਜ ਸਿੰਘ ਹਮੀਦੀ ਕਰਮ ਸਿੰਘ ਭਦੌੜ ਗੁਰਨੈਬ ਧੌਲਾ ਬਲਵੀਰ ਸਿੰਘ ਮਨਾਲ ਅਜਾਇਬ ਫੱਲੇਵਾਲ ਲਾਲ ਸਿੰਘ ਮਨਜੀਤ ਸਿੰਘ ਠੀਕਰੀਵਾਲ ਰਾਜਾ ਸਿੰਘ ਰਾਏਸਰ ਜਗਰੂਪ ਗਹਿਲ ਨੌਜਵਾਨ ਆਗੂ ਮਨਦੀਪ ਸੱਦੋਵਾਲ ਗੁਰਦੇਵ ਮਾਂਗੇਵਾਲ ਨਰਾਇਣ ਦੱਤ ਪਿਸ਼ੌਰਾ ਸਿੰਘ ਤਰਸੇਮ ਸਿੰਘ ਜਸਵੰਤ ਸਿੰਘ ਛਾਪਾ ਬਲਵੀਰ ਸਿੰਘ ਸਹਿਜੜਾ ਆਦਿ ਕਿਸਾਨ-ਮਜਦੂਰ ਆਗੂਆਂ ਨੇ ਵੀ ਸੰਬੋਧਨ ਕੀਤਾ।।ਆਗੂਆਂ ਕਿਹਾ ਕਿ ਮੀਟਿੰਗਾਂ/ਰੈਲੀਆਂ ਦਾ ਇਹ ਦੌਰ 14 ਮਾਰਚ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ।