ਆਮ ਬਜਟ 2015-16 : ਗ਼ਰੀਬਾਂ ਨੂੰ ਧੱਕੇ ਕਾਰਪੋਰੇਟਾਂ ਨੂੰ ਖੱਫੇ
Posted on:- 02-03-2015
ਬਰਨਾਲਾ: ਅੱਜ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂਆਂ ਨਰਾਇਣ ਦੱਤ, ਕੰਵਲਜੀਤ ਖੰਨਾ, ਮੁਖਤਿਆਰ ਪੂਹਲਾ, ਸੁਖਦੇਵ ਭੂੰਦੜੀ ਤੇ ਜਗਜੀਤ ਲਹਿਰਾ ਮੁੱਹਬਤ ਨੇ ਇਕ ਸਾਂਝੇ ਬਿਆਨ ਰਾਹੀਂ ਕੇਂਦਰ ਦੇ ਲੋਕ ਵਿਰੋਧੀ ਆਮ ਬਜ਼ਟ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਬਜ਼ਟ ਵਿੱਚ ਕੇਂਦਰ ਹਕੂਮਤ ਨੇ ਵੈਲਥ ਟੈਕਸ ਮਾਫ ਕਰਕੇ, ਐਕਸਾਇਜ਼ ਤੇ ਸਰਵਿਸ ਟੈਕਸ ਵਿੱਚ ਵਾਧਾ ਕਰਕੇ ਅਤੇ ਕਾਰਪੋਰੇਟ ਟੈਕਸ ਵਿਚ 5% ਦੀ ਛੋਟ ਦੇ ਕੇ ਕਾਰਪੋਰੇਟ ਘਰਾਣਿਆਂ ਨੂੰ ਮੋਟੇ ਖੱਫੇ ਅਤੇ ਦੇਸ਼ ਦੇ ਗਰੀਬ ਲੋਕਾਂ ਨੂੰ ਧੱਕੇ ਦੇਣ ਦਾ ਕੰਮ ਕੀਤਾ ਹੈ। ਮੋਦੀ ਹਕੂਮਤ ਜੋ ਸੱਤਾ ’ਚ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਜਾਮਣੀ ਕਰਨ ਦੇ ਵਾਅਦਿਆਂ ਨਾਲ ਆਈ ਹੈ ਉਹ ਹੁਣ ਇਸ ਨੂੰ ਤੇਜੀ ਨਾਲ ਪੂਰਾ ਕਰ ਰਹੀ ਹੈ। ਉਸਨੇ ਡੀਜ਼ਲ, ਪੈਟਰੋਲ, ਰੋਜ਼ਾਨਾਂ ਘਰੇਲੂ ਵਰਤੋਂ ਦੀਆਂ ਵਸਤਾਂ ਤੋਂ ਲੈ ਕੇ ਦਵਾਈਆਂ ਤੱਕ ਨੂੰ ਮਹਿੰਗਾ ਕਰਕੇ ਆਮ ਲੋਕਾਂ ਉਪਰ ਹੋਰ ਜ਼ਿਆਦਾ ਬੋਝ ਲੱਦ ਦਿੱਤਾ ਗਿਆ ਹੈ।
ਕੇਂਦਰੀ ਵਜ਼ਾਰਤ ਆਰਥਿਕ ਸੁਧਾਰਾਂ ਦੇ ਨਾਂ ਹੇਠ ਲੋਕਾਂ ਦਾ ਕਚੂੰਮਰ ਕੱਢ ਰਹੀ ਹੈ ਤੇ ਕਾਰਪੋਰੇਟਰਾਂ ਨੂੰ ਦੇਸ਼ ਦੇ ਜਲ, ਜੰਗਲ, ਜ਼ਮੀਨ, ਕੁਦਰਤੀ ਖਣਿਜ਼ ਸੋਮੇ ਤੇ ਸਸਤੀ ਕਿਰਤ ਸ਼ਕਤੀ ਅੰਨੇਵਾਹ ਲੁੱਟਣ ਦੀਆਂ ਖੁਲ੍ਹਾਂ ਦੇ ਰਹੀ ਹੈ। ਆਗੂਆਂ ਨੇ ਕਿਹਾ ਕਿ ਇਸ ਬਜ਼ਟ ਵਿੱਚ ਦੇਸ਼ ਦੇ ਮਿਹਨਤਕਸ਼ ਮਜ਼ਦੂਰਾਂ, ਕਿਸਾਨਾਂ, ਬੇਰੁਜਗਾਰ ਨੌਜਵਾਨਾਂ ਅਤੇ ਔਰਤਾਂ ਦੀ ਸੁਰੱਖਿਆ ਤੇ ਹਿੱਤਾਂ ਦੀ ਰਾਖੀ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਨਾ ਹੀ ਇਸ ਵਿੱਚ ਸਿਹਤ ਤੇ ਸਿੱਖਿਆ ਵੱਲ ਉਚੇਚਾ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸੱਤਾ ’ਚ ਰਹੀ ਕਾਂਗਰਸ ਤੇ ਹੁਣ ਭਾਜਪਾ ਹਕੂਮਤ ਦੀਆਂ ਨੀਤੀਆਂ ਦੇਸੀ-ਬਦੇਸ਼ੀ ਸਰਮਾਏਦਾਰਾਂ ਪੱਖੀ ਹਨ।
ਇਨ੍ਹਾਂ ਦਾ ਵਿਕਾਸ ਮਾਡਲ ਕਾਰਪੋਰੇਟ ਪੱਖੀ ਵਿਕਾਸ ਮਾਡਲ ਹੈ। ਇਹ ਅਖੌਤੀ ਪਾਰਲੀਮਾਨੀ ਹਕੂਮਤਾਂ ਆਰਥਿਕ ਸੁਧਾਰਾਂ ਦੇ ਨਾਂ ਹੇਠ ਗਰੀਬ ਲੋਕਾਂ ਦੀ ਲੁੱਟ ਕਰਨ ਲਈ ਲੋਕ ਮਾਰੂ ਨਵ-ਉਦਾਰਵਾਦੀ ਹਮਲੇ ਨੂੰ ਅੱਗੇ ਵਧਾ ਰਹੀਆਂ ਹਨ। ਹਰ ਵਾਰ ਇਨ੍ਹਾਂ ਸਾਮਰਾਜਪੱਖੀ ਨੀਤੀਆਂ ਨੂੰ ਜਬਰੀ ਲੋਕਾਂ ਉਪਰ ਥੋਪਣ ਵਾਲੇ ਘੋੜੇ ਨੂੰ ਸ਼ਿੰਗਾਰ ਕੇ ਸੱਤਾ ਤੇ ਬਿਰਾਜਮਾਨ ਕਰਵਾਇਆਂ ਜਾਂਦਾ ਹੈ ਤੇ ਉਹ ਫਿਰ ਪੰਜ ਸਾਲ ਲੋਕਾਂ ਦੀ ਲੁੱਟ ਕਰਕੇ ਸਾਮਰਾਜੀਆਂ ਦੇ ਸੇਵਾ ਕਰਦਾ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਕਿਰਤੀ ਲੋਕਾਂ ਨੂੰ ਇਨ੍ਹਾਂ ਹਾਕਮ ਜਮਾਤਾਂ ਤੋਂ ਭਲੇ ਦੀ ਝਾਕ ਮੁਕਾ ਕੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਪਹਿਰਾ ਦਿੰਦਿਆਂ ਖਰੀ ਲੋਕਪੱਖੀ ਜਮਹੂਰੀਅਤ ਵਾਲਾ ਰਾਜ ਪ੍ਰਬੰਧ ਉਸਾਰਨ ਵੱਲ ਲੱਗਣਾ ਚਾਹੀਦਾ ਹੈ।