ਯੂਨੀਵਰਸਿਟੀ ਆਫ ਕੈਲਗਰੀ ਵਿਚ ਦਿਲ ਦੀਆਂ ਬਿਮਾਰੀਆਂ ਅਤੇ ਖੋਜ ਲਈ ਚੇਅਰ ਸਥਾਪਿਤ
Posted on:- 26-02-2015
ਡਾ.ਅਨਮੋਲ ਕਪੂਰ ਅਤੇ ਦਿਲ ਵਾਕ ਫਾਊਡੇਸ਼ਨ ਦੇ ਯਤਨ ਸਫਲ ਹੋਏ
-ਬਲਜਿੰਦਰ ਸੰਘਾ
ਪੰਜਾਬੀ ਕਮਿਊਨਟੀ ਲਈ ਉਦੋਂ ਮਾਣ ਵਾਲੀ ਗੱਲ ਹੋਈ ਜਦੋਂ ਦਿਲਾਂ ਦੀਆਂ ਬਿਮਾਰੀਆਂ ਦੇ ਡਾਕਟਰ ਅਤੇ ਸਮਾਜਸੇਵੀ ਡਾਕਟਰ ਅਨਮੋਲ ਕਪੂਰ ਅਤੇ ਦਿਲ ਵਾਕ ਫਾਊਂਡੇਸ਼ਨ ਕੈਲਗਰੀ ਦੇ ਯਤਨਾਂ ਨਾਲ ਏਸ਼ੀਅਨ ਭਾਈਚਾਰੇ ਨੂੰ ਪੱਛਮੀ ਦੇਸ਼ਾਂ ਵਿਚ ਦਿਲ ਦੀਆਂ ਬਿਮਾਰੀਆਂ ਵੱਧ ਹੋਣ ਦੇ ਕਾਰਨਾਂ ਬਾਰੇ ਖੋਜ ਕਰਨ ਅਤੇ ਸਿੱਖਿਅਤ ਕਰਨ ਲਈ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਪਰ ਇੱਕ ਹਾਰਟ ਰਿਸਰਚ ਚੇਅਰ ਸਥਾਪਿਤ ਕਰਨ ਨੂੰ ਮਨਜੂਰੀ ਮਿਲ ਗਈ। ਡਾਕਟਰ ਅਨਮੋਲ ਕਪੂਰ ਨੇ ਇਸ ਸਬੰਧ ਵਿਚ ਰੱਖੇ ਪ੍ਰੋਗਰਾਮ ਦੌਰਾਨ ਦੱਸਿਆ ਕਿ ਪੰਜਾਬੀ ਕਮਿਊਨਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਨੇਕਾਂ ਹੋਰ ਲੋਕਾਂ ਵੱਲੋਂ ਯੂਨੀਵਰਸਿਟੀਆਂ ਵਿਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਖੋਜ ਸਬੰਧੀ ਚੇਅਰ ਸਥਾਪਿਤ ਕਰਨ ਲਈ ਬਹੁਤ ਯਤਨ ਕੀਤੇ ਜਾਂਦੇ ਹਨ ਪਰ ਸਫਲਤਾ ਹਰ ਇੱਕ ਨੂੰ ਨਹੀਂ ਮਿਲਦੀ।
ਇਸ ਰਿਸਰਚ ਚੇਅਰ ਦਾ ਨਾਮ ਵੀ ਸਰਬੱਤ ਦਾ ਭਲਾ ਚਾਹੰੁਣ ਵਾਲੇ ਸਿੱਖਾ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਪਰ ਰੱਖਣ ਦਾ ਮਤਲਬ ਵੀ ਇਹੀ ਹੈ ਕਿ ਇਹ ਹਾਰਟ ਰਿਸਰਚ ਚੇਅਰ ਦਾ ਮੁੱਖ ਉਦੇਸ਼ ਦਿਲਾਂ ਦੇ ਰੋਗਾਂ ਦੀ ਖੋਜ ਅਤੇ ਕਾਰਨਾਂ ਰਾਹੀਂ ਮਨੁੱਖਤਾ ਦਾ ਭਲਾ ਹੈ ਤੇ ਖ਼ਾਸ ਕਰਕੇ ਸਾਊਥ-ਏਸ਼ੀਅਨ ਕਮਿਊਨਟੀ ਵਿਚ ਜੋ ਇਥੇ ਹੋਰਨਾਂ ਦੇ ਮੁਕਾਬਲੇ 3 ਤੋਂ 5 ਗੁਣਾਂ ਵੱਧ ਦਿਲ ਦੇ ਰੋਗਾਂ ਦਾ ਸਿ਼ਕਾਰ ਹੁੰਦੇ ਹਨ। ਜਿ਼ਕਰਯੋਗ ਹੈ ਕਿ ਡਾਕਟਰ ਅਨਮੋਲ ਕਪੂਰ ਅਤੇ ਰਮਨ ਕਪੂਰ ਆਪਣੀ ਸਹਿਯੋਗੀ ਟੀਮ ਨਾਲ ਇਕ ਦਿਲ ਵਾਕ ਫਾਊਡੇਸ਼ਨ ਨਾਮ ਦੀ ਬਿਨਾਂ ਲਾਭ ਸੰਸਥਾ ਚਲਾ ਰਹੇ ਹਨ ਜੋ ਕੈਲਗਰੀ ਸ਼ਹਿਰ ਤੋਂ ਸ਼ੁਰੂ ਹੋਕੇ ਹੁਣ ਕੈਨੇਡਾ ਦੇ ਹੋਰ ਸ਼ਹਿਰਾਂ ਵਿਚ ਵੀ ਇਕੱਲੇ ਪੰਜਾਬੀਆਂ ਹੀ ਨਹੀਂ ਬਲਕਿ ਸਾਰੇ ਭਾਈਚਾਰਿਆਂ ਨੂੰ ਇਹਨਾਂ ਦੇਸ਼ਾਂ ਵਿਚ ਦਿਲ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਦੀ ਹੋਈ ਇਹ ਵੀ ਜਾਣਕਾਰੀ ਦਿੰਦੀ ਹੈ ਕਿ ਭੂਗੋਲਿਕ ਅਤੇ ਖਾਣ-ਪੀਣ ਦੀਆਂ ਵੱਖ-ਵੱਖ ਪ੍ਰਸਥਿਤੀਆਂ ਵਿਚੋਂ ਆਏ ਏਸ਼ੀਅਨ ਕਿਸ ਤਰਾਂ ਆਪਣੇ ਆਪ ਨੂੰ ਸਿਹਤਮੰਦ ਰੱਖਦੇ ਹੋਏ ਦਿਲ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਨ।
ਉਹਨਾਂ ਅਨੁਸਾਰ ਇਹ ਚੇਅਰ ਸਥਾਪਿਤ ਹੋਣ ਨਾਲ ਸਾਨੂੰ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਹੁਣ ਏਸ਼ੀਅਨ ਭਾਈਚਾਰੇ ਨੂੰ ਦਿਲਾਂ ਦੇ ਰੋਗਾਂ ਪ੍ਰਤੀ ਜਾਗਰੁਕ ਕਰਨ ਦੇ ਨਾਲ-ਨਾਲ ਖੋਜ ਕਰਨ ਦਾ ਰਾਹ ਵੀ ਪੱਧਰਾ ਹੋ ਜਾਵੇਗਾ ਕਿ ਵਿਗਿਆਨਿਕ ਅਤੇ ਬਾਰੀਕੀ ਦੇ ਤੌਰ ਤੇ ਉਹ ਕਿਹੜੇ ਕਾਰਨ ਹਨ ਜਿਸ ਨਾਲ ਏਸ਼ੀਅਨ ਲੋਕਾਂ ਵਿਚ ਦਿਲ ਦੇ ਰੋਗਾਂ ਦੇ ਕੇਸ ਵੱਧ ਹਨ ਤੇ ਉਹ ਆਪਣੇ ਰਹਿਣ-ਸਹਿਣ ਅਤੇ ਖੁਰਾਕ ਵਿਚ ਇਹਨਾਂ ਦੇਸ਼ਾਂ ਦੀਆਂ ਭੁਗੋਲਿਕ ਅਤੇ ਹੋਰ ਸਥਿਤੀਆਂ ਅਨੁਸਾਰ ਕਿਸ ਤਰ੍ਹਾਂ ਦੀ ਤਬਦੀਲੀ ਕਰਨ।
ਇਸ ਪੰਜ ਸਾਲਾਂ ਚੇਅਰ ਲਈ ਹੁਣ ਅਗਲਾ ਕਦਮ ਇਸ ਲਈ ਕਮਿਊਨਟੀ ਦੁਆਰਾ ਫੰਡ ਜਟਾਉਣਾ ਹੋਵੇਗਾ, ਕਿਉਂਕਿ ਇਸਦਾ ਕੁੱਲ ਇਕ ਮਿਲੀਅਨ ਡਾਲਰ ਦਾ ਅੱਧਾ ਖਰਚ ਯੂਨੀਵਰਸਿਟੀ ਵੱਲੋਂ ਕੀਤਾ ਜਾਣਾ ਹੈ ਅਤੇ ਬਾਕੀ ਫੰਡ ਦਾ ਪ੍ਰਬੰਧ ਦਾਨੀ ਲੋਕਾਂ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਜਟਾਉਣਾ ਹੋਵੇਗਾ। ਜਿਸ ਲਈ ਡਾਕਟਰ ਅਨਮੋਲ ਕਪੂਰ ਨੇ ਕਿਹਾ ਕਿ ਇਸ ਲਈ ਇਕੱਠਾ ਹੋਇਆ ਫੰਡ ਸਿੱਧਾ ਇਸ ਉਦੇਸ਼ ਦੇ ਖਾਤੇ ਵਿਚ ਜਾਵੇਗਾ ਅਤੇ ਟੈਕਸ ਛੋਟ ਲਈ ਯੋਗ ਹੋਵੇਗਾ। ਇਸ ਸਮੇਂ ਯੂਨੀਵਰਸਿਟੀ ਆਫ ਕੈਲਗਰੀ ਅਤੇ ਦਿਲ ਦੇ ਰੋਗਾਂ ਨਾਲ ਸਬੰਧਤ ਹਸਤੀਆਂ ਨੇ ਸੰਬੋਧਨ ਕੀਤਾ। ਡਾਕਟਰ ਅਨਮੋਲ ਕਪੂਰ ਨੂੰ ਉਹਨਾਂ ਦੇ ਸਮਾਜਸੇਵੀ ਕੰਮਾਂ ਲਈ ਹੁਣ ਤੱਕ ਦੇਸ਼-ਵਿਦੇਸ਼ ਵਿਚ ਕਈ ਸਨਮਾਨ ਮਿਲ ਚੁੱਕੇ ਹਨ।