ਪਲੀ ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ ਬੋਲੀ ਦਿਨ
Posted on:- 23-02-2015
-ਹਰਪ੍ਰੀਤ ਸੇਖਾ
ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਬਾਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ ਨੌਰਥ ਡੈਲਟਾ ਰੀਕ੍ਰੀਏਸ਼ਨ ਸੈਂਟਰ ਵਿਚ ਸ਼ਨਿਚਰਵਾਰ 21 ਫਰਵਰੀ ਵਾਲੇ ਦਿਨ ਮਨਾਇਆ ਗਿਆ। ਇਸ ਸਮਾਰੋਹ ਵਿਚ ਬੀ ਸੀ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਇਲਾਵਾ ਚੋਖੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ। ਕਵਾਂਟਲਿਨ ਪੌਲੇਟਿਕਨਿਕ ਯੂਨੀਵਰਸਿਟੀ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਇਸੇ ਹੀ ਯੂਨੀਵਰਸਿਟੀ ਵਿਚ ਪੰਜਾਬੀ ਅਧਿਆਪਕ ਪਰਵਿੰਦਰ ਧਾਰੀਵਾਲ ਦੇ ਸਹਿਯੋਗ ਨਾਲ ਇਸ ਸਮਾਗਮ ਦਾ ਸੰਚਾਲਨ ਕੀਤਾ।
ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਇਸ ਦਿਨ ਬਾਰੇ ਦੱਸਦਿਆਂ ਕਿਹਾ ਕਿ 21 ਫਰਵਰੀ 1952 ਵਾਲੇ ਦਿਨ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਮਾਂ-ਬੋਲੀ ਬੰਗਾਲੀ ਨੂੰ ਕਾਇਮ ਰੱਖਣ ਲਈ ਜਾਨਾਂ ਵਾਰੀਆਂ ਸਨ। ਆਪਣੇ ਸ਼ਹੀਦਾਂ ਦੇ ਸਨਮਾਨ ਵਿਚ ਬੰਗਲਾਦੇਸ਼ ਦੇ ਲੋਕਾਂ ਦੀ ਮੰਗ ’ਤੇ ਇਹ ਦਿਨ ਯੁਨੇਸਕੋ ਨੇ 1999 ਵਿਚ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਵਲੋਂ ਐਲਾਨਿਆਂ। ਉਨ੍ਹਾਂ ਨੇ ਬੀ ਸੀ ਦੇ ਸਕੂਲਾਂ ਕਾਲਜਾਂ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਦੀ ਮੌਜੂਦਾ ਸਥਿਤੀ ਅਤੇ ਨਵੇਂ ਅਦਾਰਿਆਂ ਵਿਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਉਣ ਲਈ ਪਲੀ ਵਲੋਂ ਕੀਤੀਆਂ ਕੋਸ਼ਿਸ਼ਾਂ ਅਤੇ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ। ਐਨ ਡੀ ਪੀ ਐਮ ਐਲ ਏ ਹੈਰੀ ਬੈਂਸ ਨੇ ਪਲੀ ਨੂੰ ਪੰਜਾਬੀ ਬੋਲੀ ਪ੍ਰਤੀ ਪ੍ਰਤੀਬੱਧਤਾ ਦੀ ਵਧਾਈ ਦਿੱਤੀ। ਉਨ੍ਹਾਂ ਪਲੀ ਵਲੋਂ ਵੈਨਕੂਵਰ ਏਅਰਪੋਰਟ ਅਧਿਕਾਰੀਆਂ ਨਾਲ ਪੰਜਾਬੀ ਦੇ ਸਾਈਨ ਵਧਾਉਣ ਬਾਰੇ ਕੀਤੀਆਂ ਬੈਠਕਾਂ ਦਾ ਜ਼ਿਕਰ ਕੀਤਾ ਜਿਹਦੇ ਵਿਚ ਉਹ ਖੁਦ ਵੀ ਸ਼ਾਮਲ ਸਨ।
ਸਰੀ ਸਕੂਲ ਟਰੱਸਟੀ ਗੈਰੀ ਥਿੰਦ ਨੇ ਵਾਅਦਾ ਕੀਤਾ ਕਿ ਉਹ ਸਰੀ ਦੇ ਹੋਰ ਸਕੂਲਾਂ ਵਿਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਲਈ ਪਲੀ ਦਾ ਸਾਥ ਦੇਣਗੇ। ਓਮਨੀ ਟੀ ਵੀ ਦੇ ਸਾਰਿਆਂ ਦੇ ਪਸੰਦੀਦਾ ਪੱਤਰਕਾਰ ਦਿਲਬਰ ਕੰਗ ਨੇ ਕਿਹਾ ਕਿ ਪੰਜਾਬੀ ਬੋਲੀ ਸਾਨੂੰ ਰੁਜ਼ਗਾਰ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਚੈਨਲ ਉੱਪਰ ਪੰਜਾਬੀ ਖਬਰਾਂ ਦੇ ਪ੍ਰੋਗਰਾਮ ਵਾਸਤੇ ਨੌਂ ਦਸ ਜਣਿਆਂ ਨੂੰ ਨੌਕਰੀ ਮਿਲੀ ਹੋਈ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਪੰਜਾਬੀ ਨੂੰ ਕਨੇਡਾ ਵਿਚ ਜੀਵਤ ਰੱਖਣ ਲਈ ਪੀਹੜੀ ਦਰ ਪੀਹੜੀ ਹੋਰ ਚੁਣੌਤੀਆਂ ਪੇਸ਼ ਆਉਣਗੀਆਂ ਜਿਸ ਲਈ ਪਲੀ ਦੀਆਂ ਕੋਸ਼ਿਸ਼ਾਂ ਦਾ ਵਿਸ਼ੇਸ਼ ਮਹੱਤਵ ਹੈ। ਬਰਨਬੀ ਸਕੂਲ ਟਰੱਸਟੀ ਹਰਮਨ ਸਿੰਘ ਪੰਧੇਰ ਜੋ ਸਰੀ ਦੇ ਬੀਵਰ ਕਰੀਕ ਸਕੂਲ ’ਚ ਪੰਜਾਬੀ ਅਧਿਆਪਕ ਹਨ ਨੇ ਕਿਹਾ ਕਿ ਉਨ੍ਹਾਂ ਨੇ ਕਨੇਡਾ ਵਿਚ ਜੰਮ ਪਲ਼ ਕੇ ਪੰਜਾਬੀ ਪੜ੍ਹੀ ਹੋਣ ਕਰਕੇ ਹੀ ਉਨ੍ਹਾਂ ਨੂੰ ਸਕੂਲ ਬੋਰਡ ਵਿਚ ਨੌਕਰੀ ਮਿਲੀ। ਉਨ੍ਹਾਂ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਸਕੂਲ ਟਰੱਸਟੀਆਂ ’ਤੇ ਜੋਰ ਪਾਉਣ ਤਾਂ ਕਿ ਵੱਧ ਤੋਂ ਵੱਧ ਸਕੂਲਾਂ ਵਿਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਹੋ ਸਕਣ। ਸਾਧੂ ਬਿਨਿੰਗ ਨੇ ਬੀ ਸੀ ਦੀ ਭਾਸ਼ਾ ਨੀਤੀ ਨੂੰ ਲਾਗੂ ਕਰਵਾਉਣ ਵਿਚ ਆਉਂਦੀਆਂ ਮੁਸ਼ਕਿਲਾਂ ਬਾਰੇ ਦੱਸਿਆ।
ਉਨ੍ਹਾਂ ਕਿਹਾ ਕੇ 1994 ਵਿਚ ਬਣਾਈ ਗਈ ਭਾਸ਼ਾ ਨੀਤੀ ਵਿਚ ਲੋੜੀਂਦੀਆਂ ਤਬਦੀਲੀਆਂ ਲਈ ਪਲੀ ਵਲੋਂ ਪਿਛਲੇ ਪੰਦਰਾਂ ਵੀਹਾਂ ਸਾਲਾਂ ਦੌਰਾਨ ਲਗਾਤਾਰ ਕੋਸ਼ਿਸ਼ ਕੀਤੀ ਗਈ ਹੈ ਪਰ ਅਜੇ ਤੱਕ ਕਾਮਯਾਬੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਨਾਕਾਮਯਾਬੀ ਦਾ ਇਕ ਕਾਰਨ ਆਮ ਪੰਜਾਬੀਆਂ ਵਲੋਂ ਆਪਣੀ ਮਾਂ-ਬੋਲੀ ਵੱਲ ਅਣਗਹਿਲੀ ਹੈ ਜਿਸ ਦਾ ਸਰਕਾਰੀ ਅਦਾਰਿਆਂ ਨੂੰ ਵੀ ਪਤਾ ਹੈ। ਐਲ ਏ ਮੈਥੀਸਨ ਸੈਕੰਡਰੀ ਸਕੂਲ ’ਚ ਪੰਜਾਬੀ ਅਧਿਆਪਕ ਗੁਰਪ੍ਰੀਤ ਬੈਂਸ ਤੇ ਪਿੰਸਿਸ ਮਾਰਗਰੇਟ ਸੈਕੰਡਰੀ ਸਕੂਲ ਦੀ ਅਧਿਆਪਕ ਅਮਨਦੀਪ ਛੀਨਾ ਨੇ ਪੈਨਲ ਵਿਚਾਰ ਵਿਟਾਂਦਰੇ ਦੌਰਾਨ ਪੰਜਾਬੀ ਪੜ੍ਹਾਉਣ ਦੀਆਂ ਚੁਣੌਤੀਆਂ ਬਾਰੇ ਵਿਸਥਾਰ ਵਿਚ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਅਤੇ ਪੰਜਾਬੀ ਪੜ੍ਹਾਉਣ ਵਿਚ ਦਿਖਾਏ ਉਤਸ਼ਾਹ ਕਾਰਨ ਕਈ ਸਕੂਲਾਂ ਵਿਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਸਰੋਤਿਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਓਕਨ ਆਗਨ ਇਲਾਕੇ ਦੇ ਵਰਨਨ ਸ਼ਹਿਰ ਵਿਚ ਵਲੰਟੀਅਰ ਤੌਰ ’ਤੇ ਕੁਝ ਸਾਲ ਪੰਜਾਬੀ ਪੜ੍ਹਾਉਣ ਤੋਂ ਬਾਅਦ ਸਰੀ ਆ ਵਸੀ ਰਾਜ ਗਿੱਲ ਨੇ ਸੁਝਾਅ ਦਿੱਤਾ ਕਿ ਪਲੀ ਨੂੰ ਬੀ ਸੀ ਦੇ ਛੋਟੇ ਸ਼ਹਿਰਾਂ ਦੇ ਸਕੂਲਾਂ ਵਿਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਪੰਜਾਬੀ ਪੜ੍ਹਾਉਣ ਲਈ ਵਰਤੋਯੋਗ ਵਸੀਲਿਆਂ ਦੀ ਘਾਟ ਬਾਰੇ ਵੀ ਦੱਸਿਆ। ਇਸ ਦੇ ਜਵਾਬ ਵਿਚ ਯੂ ਬੀ ਸੀ ਵਿਚ ਪੰਜਾਬੀ ਪੜ੍ਹਾਉਂਦੇ ਸੁਖਵੰਤ ਹੁੰਦਲ ਨੇ ਸੁਝਾਅ ਦਿੱਤਾ ਕਿ ਸਕੂਲਾਂ-ਕਾਲਜਾਂ ਵਿਚ ਪੰਜਾਬੀ ਪੜ੍ਹਾ ਰਹੇ ਸਾਰੇ ਅਧਿਆਪਕਾਂ ਨੂੰ ਇਕ-ਦੂਜੇ ਨਾਲ ਕਿਸੇ ਇਕ ਪਲੇਟਫਾਰਮ ਰਾਹੀਂ ਰਾਬਤਾ ਰੱਖਣਾ ਚਾਹੀਦਾ ਹੈ ਜਿਥੇ ਉਹ ਆਪਣੇ ਵਸੀਲਿਆਂ ਨੂੰ ਸਾਂਝਾ ਕਰ ਸਕਣ।
ਇਸ ਸਮਾਗਮ ਵਿਚ ਭਾਸ਼ਣਾਂ ਦੇ ਨਾਲ ਨਾਲ ਸਰੀ ਦੇ ਸਕੂਲਾਂ ਵਿਚ ਪੰਜਾਬੀ ਪੜ੍ਹ ਰਹੇ ਬੱਚਿਆਂ ਨੇ ਕਵਿਤਾਵਾਂ ਤੇ ਗੀਤ ਵੀ ਸੁਣਾਏ। ਹਰਦੀਪ ਵਿਰਕ ਨੇ ਗੁਰਦਾਸ ਮਾਨ ਦੇ ਗਾਏ ਦੋ ਗੀਤ ਸੁਣਾਏ। ਮੌਜੀ ਸਿੰਘ ਛੀਨਾ ਨੇ ਆਪਣੀ ਕਵਿਤਾ ‘ਪੰਜਾਬੀ ਬੋਲੀ ਬੜੀ ਮਹਾਨ’ ਸੁਣਾਈ। ਅਨੁਰੂਪ ਕੌਰ ਨੇ ‘ਜਿੰਦਗੀ ਦਾ ਅੰਤ’ ਨਾਂਅ ਦੀ ਕਵਿਤਾ ਸੁਣਾਈ। ਨਵਦੀਪ ਕੌਰ ਢਿੱਲੋਂ ਤੇ ਬੇਅੰਤਵੀਰ ਕੌਰ ਢਿੱਲੋਂ ਨੇ ਰਲ਼ ਕੇ ‘ਮੇਰੀ ਪਿਆਰੀ ਮਾਂ’ ਕਵਿਤਾ ਸੁਣਾਈ। ਸਮਾਗਮ ਦੌਰਾਨ ਸ਼ਾਇਰ ਮੁਹਿੰਦਰਦੀਪ ਗਰੇਵਾਲ ਬਰਗੇਡੀਅਰ ਨਸੀਬ ਸਿੰਘ ਹੀਰ, ਬਲਵਿੰਦਰ ਚਾਹਲ, ਕਰਨਲ ਹਰਜੀਤ ਸਿੰਘ ਬਾਸੀ ਬਰਜਿੰਦਰ ਕੌਰ ਢਿੱਲੋਂ ਤੇ ਕੁਝ ਹੋਰ ਸ਼ਖਸੀਅਤਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਬਲਵੰਤ ਸੰਘੇੜਾ ਨੇ ਪਲੀ ਨੂੰ ਇਸ ਦੇ ਸ਼ੁਰੂ ਤੋਂ ਲੈ ਕੇ ਲਗਾਤਾਰ ਮਾਇਕ ਸਹਿਯੋਗ ਦੇਣ ਲਈ ਦੀਪਕ ਫਾਊਂਡੇਸ਼ਨ ਦੇ ਪਾਲ ਬਿਨਿੰਗ ਤੇ ਜੈਸ ਬਿਨਿੰਗ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਿਰੇ ਚੜ੍ਹਾਉਣ ਲਈ ਸਮੁੱਚੇ ਪੰਜਾਬੀ ਮੀਡੀਏ ਦਾ ਤੇ ਖਾਸ ਕਰ ਰੇਡੀਓ ਤੇ ਟੈਲੀਵਿਯਨ ਵਾਲਿਆਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਖਾਲਸਾ ਕ੍ਰੈਡਿਟ ਯੂਨੀਅਨ, ਭਿੰਦਰ ਲਾਲੀ ਤੇ ਪ੍ਰੀਵਾਰ, ਮਮਤਾ ਫਾਊਂਡੇਸ਼ਨ ਦੇ ਮੱਖਣ ਟੁੱਟ ਤੇ ਪਲੀ ਦੇ ਕਾਮਿਆਂ ਰਣਬੀਰ ਜੌਹਲ, ਰਜਿੰਦਰ ਪੰਧੇਰ, ਜਸ ਲੇਹਲ ਤੇ ਦਿਆ ਜੌਹਲ ਦਾ ਵੀ ਧੰਨਵਾਦ ਕੀਤਾ।