ਜਮਹੂਰੀ ਅਧਿਕਾਰ ਸਭਾ ਦਾ ਇਜਲਾਸ ਸੰਪੰਨ
Posted on:- 18-02-2015
ਭਖਵੇਂ ਜਮਹੂਰੀ ਮਸਲਿਆਂ ਉੱਪਰ ਹੋਈ ਗੰਭੀਰ ਵਿਚਾਰ ਚਰਚਾ
ਬਰਨਾਲਾ : ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਬਰਨਾਲਾ ਦਾ ਡੈਲ਼ੀਗੇਟ ਇਜਲਾਸ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾਈ ਆਗੂ ਨਰਭਿੰਦਰ ਦੀ ਅਗਵਾਈ ਹੇਠ ਸੰਪੰਨ ਹੋਇਆ। ਇਸ ਇਜਲਾਸ ਵਿੱਚ ਉੱਘੇ ਸਾਹਿਤਕਾਰ ਓਮ ਪ੍ਰਕਾਸ਼ ਜੀ ਗਾਸੋ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਪਿਛਲੋ ਦੋ ਸਾਲਾਂ ਦੀ ਕਾਰੁਗਜਾਰੀ ਰਿਪੋਰਟ ਸਭਾ ਦੇ ਸਕੱਤਰ ਸੋਹਣ ਸਿੰਘ ਬਰਨਾਲਾ ਨੇ ਵੱਡੀ ਗਿਣਤੀ’ਚ ਹਾਜਰ ਡੈਲੀਗੇਟਾਂ ਸਾਹਮਣੇ ਪੇਸ਼ ਕੀਤੀ।ਇਸ ਪੇਸ਼ ਹੋਈ ਜਮਹੂਰੀ ਅਧਿਕਾਰਾਂ ਕਈ ਸਰਗਰਮ ਜਥੇਬੰਦੀ ਦੀ ਰਿਪੋਰਟ ਵਿੱਚ ਕੌਮਾਂਤਰੀ ਕੌਮੀ ਸੂਬਾ ਸਥਾਨਕ ਪੱਧਰ ਉੱਪਰ ਵਾਪਰੇ ਲੋਕ ਸਰੋਕਾਰਾਂ ਨਾਲ ਜੁੜੇ ਮਸਲਿਆਂ ਵਿੱਚ ਜਮਹੂਰੀ ਅਧਿਕਾਰ ਸਭਾ ਵੱਲੋਂ ਨਿਭਾਏ ਰੋਲ ਦਾ ਤੱਤ ਨਿਚੋੜ ਪੇਸ਼ ਕਰਦਿਆ ਰਹਿ ਗਈਆਂ ਊਣਤਾਈਆਂ ਉੱਪਰ ਉਂਗਲ ਧਰਨ ਲਈ ਹਾਜ਼ਰ ਡੈਲੀਗੇਟਾਂ ਨੂੰ ਉਸਾਰੂ ਪੜਚੋਲੀਆ ਨਜ਼ਰ ਨਾਲ ਬਹਿਸ ਕਰਨ ਦਾ ਸੱਦਾ ਦਿੱਤਾ।
ਇਸ ਉਪਰੰਤ ਬਹਿਸ ਵਿੱਚ ਪਿਸ਼ੌਰਾ ਸਿੰਘ ਨਵਕਿਰਨ ਪੱਤੀ ਬਲਵੰਤ ਉੱਪਲੀ ਗੁਰਮੀਤ ਸੁਖਪੁਰ ਮਨਦੀਪ ਇਕਬਾਲ ਕੌਰ ਉਦਾਸੀ ਸੁਦਾਗਰ ਹੰਢਿਆਇਆ ਹਰਚਰਨ ਚਹਿਲ ਹੇਮ ਰਾਜ ਸਟੈਨੋ ਆਦਿ ਬੁਲਾਰਿਆਂ ਨੇ ਬਹੁਤ ਸਾਰੇ ਸੁਆਲ ਰੱਖੇ ਜੋ ਮੁੱਖ ਤੌਰ’ਤੇ ਭਵਿੱਖ’ਚ ਸਰਕਾਰਾਂ ਵੱਲੋਂ ਸਾਮਰਾਜੀ ਲੁਟੇਰਿਆਂ ਦੇ ਦਿਸ਼ਾ ਨਿਰਦੇਸ਼ਨਾਂ ਅਨੁਸਾਰ ਅੰਨ੍ਹੇ ਵਾਹ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਪੱਖੀ ਲੋਕ ਵਿਰੋਧੀ ਨੀਤੀਆਂ ਕਾਰਨ ਉੱਠ ਰਹੇ ਲੋਕ ਵਿਰੋਧਾਂ ਨੂੰ ਕੁਚਲਣ ਲਈ ਜਾਬਰ ਹੱਥਕੰਡੇ ਅਪਣਾਏ ਜਾ ਰਹੇ ਹਨ।ਜਮਹੂਰੀ ਹੱਕਾਂ ਲਈ ਸਰਗਰਮ ਜਥੇਬੰਦੀਆਂ ਨੂੰ ਇਨ੍ਹਾਂ ਮਸਲਿਆਂ ਉੱਪਰ ਬਾਜ਼ ਅੱਖ ਰੱਖ ਕੇ ਚੱਲਣਾ ਹੋਵੇਗਾ ਅਤੇ ਵਿਸ਼ਾਲ ਲੋਕਾਈ ਨੂੰ ਚੇਤੰਨ ਕਰਨ ਲਈ ਜੋਰਦਾਰ ਹੰਭਲਾ ਮਾਰਨਾ ਹੋਵੇਗਾ।
ਇਜਲਾਸ ਦੌਰਾਨ ਉੱਠੇ ਸੁਆਲਾਂ ਦੇ ਵਿਸਥਾਰ’ਚ ਜਵਾਬ ਸਾਥੀ ਗੁਰਮੇਲ ਠੁੱਲੀਵਾਲ ਨੇ ਸਭਾ ਦੇ ਵਿਧਾਨ ਅਤੇ ਐਲਾਨਨਾਮੇ ਅਨੁਸਾਰ ਦਿੱਤੇ ਅਤੇ ਕਿਹਾ ਕਿ ਸਭਾ ਦੀ ਰਿਪੋਰਟ ਭਾਵੇਂ ਕਿ ਸੀਮਤ ਸਮੇਂ ਦੀ ਹੈ ਪਰ ਫਿਰ ਵੀ ਸਭਾ ਇਸ ਅਰਸੇ ਦੌਰਾਨ ਵਾਪਰੀਆਂ ਅਹਿਮ ਘਟਨਾਵਾਂ ਦੀ ਪੜਚੋਲ ਕਰਨ’ਚ ਅਤੇ ਲੋਕਾਈ ਨੂੰ ਸੁਚੇਤ ਕਰਨ’ਚ ਸਫਲ ਰਹੀ ਹੈ ਅਜਿਹਾ ਸਾਰਾ ਕੁੱਝ ਸਭਾ ਦੀ ਆਗੂ ਟੀਮ ਸਮੇਤ ਮੈਂਬਰ ਸਾਥੀਆਂ ਵੱਲੋਂ ਭਰਵੇਂ ਸਹਿਯੋਗ ਕਰਕੇ ਹੀ ਸੰਭਵ ਹੋ ਸਕਿਆ ਹੈ। ਸਾਥੀ ਠੁਲੀਵਾਲ ਨੇ ਆਉਣ ਵਾਲੇ ਦੋ ਸਾਲਾਂ ਲਈ ਚੁਣੀ ਜਾਣ ਵਾਲੀ ਟੀਮ ਨੂੰ ਇਸ ਤੋਂ ਵੀ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਤਰਾਂ ਕੁੱਝ ਸੋਧਾਂ ਸਮੇਤ ਸਭਾ ਦੀ ਕਾਰੁਗਜਾਰੀ ਰਿਪੋਰਟ ਸਰਬਸੰਮਤੀ ਨਾਲ ਪਾਸ ਕੀਤੀ ਗਈ। ਅਗਲੇ ਦੋ ਸਾਲਾਂ ਲਈ ਡੈਲੀਗੇਟਾਂ ਨੂੰ ਜ਼ਿਲ੍ਹਾ ਕਮੇਟੀ ਚੁਨਣ ਦਾ ਸੱਦਾ ਸੂਬਾ ਆਗੂ ਨਰਭਿੰਦਰ ਨੇ ਦਿੱਤਾ।ਉਪਰੰਤ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਗੁਰਮੇਲ ਠੁੱਲੀਵਾਲ ਪ੍ਰਧਾਨ,ਬਲਵੰਤ ਉੱਪਲੀ ਸਕੱਤਰ,ਪਰਮਜੀਤ ਕੌਰ ਸ਼ਹਿਣਾ ਮੀਤ ਪ੍ਰਧਾਨ,ਸੋਹਨ ਸਿੰਘ ਸ. ਸਕੱਤਰ,ਹਰਚਰਨ ਪੱਤੀ ਖਜ਼ਾਨਚੀ ਜਗਜੀਤ ਢਿੱਲਵਾਂ ਵਰਿੰਦਰ ਦੀਵਾਨਾ ਗੁਲਵੰਤ ਸਿੰਘ ਪਿਆਰਾ ਸਿੰਘ ਇਕਬਾਲ ਉਦਾਸੀ ਪਰਮਜੀਤ ਕੌਰ ਜੋਧਪੁਰ ਹੇਮ ਰਾਜ ਸਟੈਨੋ ਚਰਨਜੀਤ ਕੌਰ ਧੰਨਾ ਸਿੰਘ ਹਰਚਰਨ ਚਹਿਲ ਸੁਦਾਗਰ ਹੰਢਿਆਇਆ ਕੁਲਵਿੰਦਰ ਸਿੰਘ ਪਿਸ਼ੌਰਾ ਸਿੰਘ ਅਮਰਜੀਤ ਕੌਰ ਆਦਿ ਆਗੂ ਜ਼ਿਲ੍ਹਾ ਕਮੇਟੀ ਮੈਂਬਰ ਚੁਣੇ ਗਏ।
ਇਜਲਾਸ ਨੇ ਪਾਸ ਕੀਤੇ ਇੱਕ ਮਤੇ ਰਾਹੀਂ ਮਹਾਂਰਾਸ਼ਟਰ ਦੇ ਅਗਾਂਹਵਧੂ ਸੰਘਰਸ਼ਸ਼ੀਲ ਆਗੂ ਗੋਬਿੰਦ ਪੰਸਾਰੇ ਅਤੇ ਉਸ ਦੀ ਜੀਵਨ ਸਾਥਣ ਨੂੰ ਆਰ.ਐੱਸ.ਐੱਸ.ਦੇ ਗੁੰਡਿਆਂ ਵੱਲੋਂ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰਨ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗਿ੍ਰਫਤਾਰ ਕਰਨ ਦੀ ਮੰਗ ਕੀਤੀ।