ਮਨਰੇਗਾ ਮਜ਼ਦੂਰ ਪਿਛਲੇ ਇਕ ਸਾਲ ਤੋਂ ਉਜਰਤ ਨਾ ਮਿਲਣ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ
Posted on:- 17-02-2015
ਹੁਸ਼ਿਆਰਪੁਰ: ਗੜ੍ਹਸ਼ੰਕਰ ਤਹਿਸੀਲ ਦੇ ਲਗਭਗ 25 ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਨੂੰ ਪਿੱਛਲੇ ਇਕ ਸਾਲ ਤੋਂ ਬਣਦੀ ਉਜਰਤ ਨਾ ਮਿਲਣ ਕਾਰਨ ਗਰੀਬ ਮਜ਼ਦੂਰ ਆਰਥਿਕ ਮੰਦਹਾਲੀ ਦੇ ਸ਼ਿਕਾਰ ਹੋ ਗਏ ਹਨ ਉਥੇ ਹੀ ਪਿੰਡਾਂ ਦਾ ਵਿਕਾਸ ਕਰਨ ਵਾਲੀ ਮਨਰੇਗਾ ਸਕੀਮ ਵੀ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ। ਇਲਾਕੇ ਦੇ ਹਜਾਰਾ ਮਨਰੇਗਾ ਵਰਕਰਾਂ ਨੇ ਇਸ ਸਕੀਮ ਤੋਂ ਮੂੰਹ ਮੋੜ ਲਿਆ ਹੈ। ਹੋਰ ਕੋਈ ਰੁਜਗਾਰ ਨਾ ਮਿਲਣ ਕਾਰਨ ਮਜ਼ਦੂਰਾਂ ਨੂੰ ਆਰਥਿਕ ਤੰਗੀ ਦਾ ਵੀ ਸਾਮ੍ਹਣਾ ਕਰਨਾ ਪੈ ਰਿਹਾ ਹੈ। ਜਿਕਰਯੋਗ ਹੈ ਹੈ ਕਿ ਮਾਹਿਲਪੁਰ ਅਤੇ ਗੜ੍ਹਸ਼ੰਕਰ ਦੇ 50 ਪਿੰਡਾਂ ਦੇ ਮਨਰੇਗਾ ਵਰਕਰਾਂ ਦੇ ਸਰਕਾਰ ਵਲੋਂ ਪਿੱਛਲੇ 10 ਅਤੇ 12 ਮਹੀਨਿਆਂ ਤੋਂ ਮਿਹਨਤਾਨਾ ਰਾਸ਼ੀ ਨਹੀਂ ਦਿੱਤੀ ਗਈ ਅਤੇ ਸਰਕਾਰ ਵਲੋਂ ਮਜ਼ਦੂਰਾਂ ਦੇ ਆਨਲਾਇਨ ਖਾਤਿਆਂ ਵਿਚ ਮਜ਼ਦੂਰੀ ਭੇਜਣ ਦੇ ਦਾਅਵੇ ਵੀ ਹਵਾ ਵਿਚ ਲਟਕ ਕੇ ਰਹਿ ਗਏ।
ਇਹਨਾਂ ਪਿੰਡਾਂ ਵਿਚ ਭੱਜਲ, ਚਿੱਤੋਂ, ਭੂੰਨੋਂ , ਫਤਿਹਪੁਰ ਕੋਠੀ, ਬੀਣੇਵਾਲ, ਕਾਣੇਵਾਲ ਆਦਿ ਸਮੇਤ ਅਨੇਕਾਂ ਪਿੰਡਾਂ ਦੇ ਵਰਕਰ ਸ਼ਾਮਿਲ ਹਨ, ਜਿਹਨਾਂ ਨੂੰ ਇਕ ਸਾਲ ਤੋਂ ਮਜ਼ਦੂਰੀ ਰਾਸ਼ੀ ਅਦਾ ਨਹੀਂ ਕੀਤੀ ਗਈ। ਇਸ ਸਬੰਧ ਵਿਚ ਲਹਿਲੀ ਕਲਾਂ ਅਤੇ ਭੱਜਲਾਂ ਦੇ ਮਜ਼ਦੂਰਾਂ ਨੇ ਦੱਸਿਆ ਕਿ ਮਨਰੇਗਾ ਸਕੀਮ ਅਧੀਨ ਸਾਲ 2013 ਦੌਰਾਨ ਕੀਤੇ ਕੰਮ ਦੀ ਮਿਹਨਤ ਰਾਸ਼ੀ ਅਜੇ ਤੱਕ ਵੀ ਨਹੀਂ ਮਿਲੀ।
ਉਹਨਾਂ ਕਿਹਾ ਕਿ ਬੀ ਡੀ ਓ ਦਫਤਰ ਨਾਲ ਸੰਪਰਕ ਕਰਨ ਤੇ ਹਰ ਵਾਰ ਜਲਦੀ ਹੀ ਰਾਸ਼ੀ ਭੇਜਣ ਦੇ ਝੂਠੇ ਲਾਰੇ ਲਾ ਦਿੱਤੇ ਜਾਂਦੇ ਹਨ। ਜਦਕਿ ਮਿਹਨਤਾਨਾ ਨਾ ਮਿਲਣ ਕਾਰਨ ਉਹਨਾਂ ਵਲੋਂ ਮਹਿੰਗਾਈ ਦੇ ਜਮਾਨੇ ਵਿਚ ਘਰਾਂ ਦੇ ਗੁਜਾਰੇ ਚਲਾਉਣੇ ਮੁਸ਼ਕਲ ਹੋ ਗਏ ਹਨ। ਸਥਾਨਿਕ ਖੇਤਰ ਦੇ ਨੀਮ ਪਹਾੜੀ ਇਲਾਕੇ (ਬੀਤ) ਦੇ ਕਰੀਬ 15 ਪਿੰਡਾਂ ਦੇ ਮਜ਼ਦੂਰਾਂ ਨੇ ਮਨਰੇਗਾ ਸਕੀਮ ਅਧੀਨ ਕੰਮ ਕਰਨਾ ਬੰਦ ਕਰ ਦਿੱਤਾ ਹੈ। ਉਕਤ ਮਜ਼ਦੂਰ ਹਿਮਾਚਲ ਪ੍ਰਦੇਸ਼ ਸਮੇਤ ਹੋਰ ਸੂਬਿਆਂ ਦੀਆਂ ਉਦਯੋਗਿਕ ਇਕਾਈਆਂ ਵਿਚ ਕੰਮ ਦੀ ਤਲਾਸ਼ ਕਰਨ ਲਈ ਮਜ਼ਬੂਰ ਹੋ ਗਏ ਹਨ।
ਉਕਤ ਮਜ਼ਦੂਰਾਂ ਨੇ ਦੱਸਿਆ ਕਿ ਮਨਰੇਗਾ ਸਕੀਮ ਅਧੀਨ ਉਹਨਾਂ ਨੇ ਕੱਚੀਆਂ ਰਾਹਾਂ ਨੂੰ ਪੱਕੇ ਕਰਨ , ਟੋਭਿਆਂ ਦੇ ਬੰਨ੍ਹ ਬੰਨ੍ਹਣ , ਕੁਦਰਤੀ ਸੋਮਿਆਂ ਦੀ ਸੰਭਾਲ ਸਬੰਧੀ ਮਹੀਨਿਆਂ ਬੱਧੀ ਕੰਮ ਕੀਤਾ ਹੈ ਪਰ ਇਕ ਸਾਲ ਤੇ ਉਹਨਾਂ ਨੂੰ ਮਿਹਨਤਾਨੇ ਦੀ ਕੋਈ ਰਾਸ਼ੀ ਨਹੀਂ ਮਿਲੀ । ਸਬੰਧਤ ਅਧਿਕਾਰੀ ਇਸ ਸਬੰਧੀ ਕੋਈ ਸੁਣਵਾਈ ਨਹੀਂ ਕਰ ਰਹੇ। ਪਿੰਡ ਭੱਜਲਾਂ ਦੇ ਸਰਪੰਚ ਰਜਿੰਦਰ ਸਿੰਘ , ਡੀ ਵਾਈ ਐਫ ਆਈ ਆਗੂ ਗੁਰਨੇਕ ਭੱਜਲ ਨੇ ਪਿੰਡ ਦੇ ਮਨਰੇਗਾ ਮਜ਼ਦੂਰਾਂ ਦੀ ਹਾਜਰੀ ਵਿਚ ਦੱਸਿਆ ਕਿ ਪਿੰਡ ਦੇ ਕਰੀਬ 30 ਮਨਰੇਗਾ ਵਰਕਰ ਪਿੱਛਲੇ ਇਕ ਸਾਲ ਤੋਂ ਮਿਹਨਤਾਨੇ ਦੀ ਉਡੀਕ ਵਿਚ ਹਨ। ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਮਨਰੇਗਾ ਐਕਟ ਅਨੁਸਾਰ ਹਰ ਵਰਕਰ ਨੂੰ ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿਚ ਬੇਰੁਜ਼ਗਾਰੀ ਭੱਤਾ ਦੇਣ ਦਾ ਨਿਰਦੇਸ਼ ਹੈ। ਪ੍ਰੰਤੂ ਸਰਕਾਰ ਨੇ ਮਜ਼ਦੂਰਾਂ ਦੀ ਬਣਦੀ ਉਜਰਤ ਵੀ ਅਦਾ ਨਹੀਂ ਕੀਤੀ ।
ਉਹਨਾਂ ਕਿਹਾ ਕਿ ਇਸ ਸਬੰਧੀ ਖੇਤਰ ਦੇ ਮਜ਼ਦੂਰਾਂ ਨੂੰ ਲਾਮਵੰਦ ਕੀਤਾ ਜਾ ਰਿਹਾ ਹੈ। ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਨਰੇਗਾ ਸਕੀਮ ਅਧੀਨ ਕਥਿੱਤ ਤੌਰ ਤੇ ਭਿ੍ਰਸ਼ਟਾਚਾਰ ਹੋ ਰਿਹਾ ਹੈ। ਅਫਸਰਾਂ ਨੇ ਇਸ ਸਕੀਮ ਵਿਚ ਖੂਬ ਹੱਥ ਰੰਗ ਲਏ ਹਨ। ਜਦਕਿ ਮਜ਼ਦੂਰਾਂ ਨੂੰ ਬਣਦੀ ਉਜਰਤ ਵੀ ਨਹੀਂ ਮਿਲ ਰਹੀ । ਉਹਨਾ ਕਿਹਾ ਕਿ ਪਿੰਡ ਵਿਚ ਮਨਰੇਗਾ ਭਵਨ ਬਣਾਉਣ, ਮਨਰੇਗਾ ਐਕਟ ਲਾਗੂ ਕਰਨ ਤੇ ਮਜ਼ਦੂਰਾਂ ਨੂੰ ਸੁੱਖ ਸਹੂਲਤਾਂ ਦੇਣ ਸਬੰਧੀ ਸਰਕਾਰੀ ਦਾਅਵੇ ਝੂਠ ਦਾ ਪਲੰਦਾ ਸਿੱਧ ਹੋ ਰਹੇ ਹਨ।
ਇਸ ਸਬੰਧ ਵਿਚ ਬੀ ਡੀ ਪੀ ਓ ਰਣਜੀਤ ਸਿੰਘ ਨੇ ਦੱਸਿਆ ਕਿ ਮਨਰੇਗਾ ਦੀ ਮਜ਼ਦੂਰੀ ਕਾਫੀ ਸਮੇਂ ਤੋਂ ਰੁਕੀ ਹੋਈ ਹੈ ਤੇ ਜਲਦ ਹੀ ਰਾਸ਼ੀ ਦੇ ਆਉਣ ਤੇ ਇਹ ਮਿਹਨਤਾਨਾ ਮਜ਼ਦੂਰਾਂ ਦੇ ਆਨਲਾਇਨ ਖਾਤਿਆਂ ਵਿਚ ਪਾ ਦਿੱਤਾ ਜਾਵੇਗਾ।
Jagtarjeet Singh
who gnawing away their right......rulers r bound to answer.....